ਪੰਜਾਬ ਹਰਿਆਵਲ ਮਿਸ਼ਨ ਦੀ ਕਾਮਯਾਬੀ ਲਈ ਸਮੂਹ ਨਾਗਰਿਕ ਭਰਵਾਂ ਸਹਿਯੋਗ – ਬੈਂਸ

ਫਤਹਿਗੜ੍ਹ ਸਾਹਿਬ (ਏਜੰਸੀ) – ਸ਼ੇਰਸ਼ਾਹ ਸੂਰੀ ਮਾਰਗ ਨੂੰ ਛੇ ਮਾਰਗੀ ਬਣਾਉਣ ਦਾ ਜੋ ਪ੍ਰੋਜੈਕਟ ਚੱਲ ਰਿਹਾ ਹੈ, ਜਿੱਥੇ-ਜਿੱਥੇ ਇਸ ਸੜਕ ਦਾ ਨਿਰਮਾਣ ਮੁਕੰਮਲ ਹੋ ਜਾਵੇਗਾ, ਉੱਥੇ ਤੁਰੰਤ ਨਾਲ ਲੱਗਦੀਆਂ ਬਰਮਾਂ ‘ਤੇ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਜਾਵੇਗੀ ਤਾਂ ਜੋ ਪੰਜਾਬ ਵਿੱਚੋਂ ਲੰਘਦੇ ਜੀ. ਟੀ. ਰੋਡ ਦੇ ਚੌਗਿਰਦੇ ਨੂੰ ਹਰਿਆ-ਭਰਿਆ ਬਣਾ ਕੇ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਤੋਂ ਮੁਕਤ ਕੀਤਾ ਜਾ ਸਕੇ। ਇਹ ਜਾਣਕਾਰੀ ਪ੍ਰਮੁੱਖ ਸਕੱਤਰ ਗ੍ਰਹਿ ਮਾਮਲੇ ਤੇ ਨਿਆਂ, ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਪੰਜਾਬ ਸ. ਡੀ. ਐਸ. ਬੈਂਸ ਨੇ ਮੁੱਖ ਮੰਤਰੀ ਪੰਜਾਬ ਵਲੋਂ ਸ਼ੁਰੂ ਕੀਤੀ ਗਈ ‘ਪੰਜਾਬ ਹਰਿਆਵਲ ਮਿਸ਼ਨ’ ਅਧੀਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਮਹਾਦੀਆਂ ਦੀ 28 ਏਕੜ ਸ਼ਾਮਲਾਟ ਜ਼ਮੀਨ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕਰਨ ਉਪਰੰਤ ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ।
ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ ਪੰਜਾਬ ਸਰਕਾਰ ਵਲੋਂ ਕੀਤੇ ਸੁਹਿਰਦ ਯਤਨਾਂ ਸਦਕਾ ਵਣਾਂ ਹੇਠਲੇ ਰਕਬੇ ਵਿੱਚ 100 ਵਰਗ ਕਿਲੋਮੀਟਰ ਦਾ ਵਾਧਾ ਹੋਇਆ ਹੈ, ਜੋ ਕਿ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰੇਦਸ਼ਾਂ ਦੇ ਸੈਟੇਲਾਈਟ ਰਾਹੀਂ ਕਰਵਾਏ ਗਏ ਇੱਕ ਸਰਵੇਖਣ ਤੋਂ ਪਤਾ ਲੱਗਾ ਹੈ। ਉਨ੍ਹਾਂ ਆਖਿਆ ਕਿ ਇਹ ਆਪਣੇ-ਆਪ ਵਿੱਚ ਇੱਕ ਰਿਕਾਰਡ ਹੈ ਕਿਉਂਕਿ ਪੰਜਾਬ ਵਣਾਂ ਹੇਠ ਰਕਬਾ ਵਧਾਉਣ ਵਾਲਾ ਦੇਸ਼ ਭਰ ਵਿੱਚੋਂ ਪਹਿਲੇ ਸਥਾਨ ‘ਤੇ ਆਉਣ ਵਾਲਾ ਸੂਬਾ ਬਣ ਗਿਆ ਹੈ। ਉਨ੍ਹਾਂ ਹੋਰ ਕਿਹਾ ਕਿ ਇਸ ਵਰ੍ਹੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਜੋ ਪੰਜਾਬ ਹਰਿਆਵਲ ਮਿਸ਼ਨ ਨੂੰ ਹੋਰ ਵਧੇਰੇ ਯੋਜਨਾਬਧ ਢੰਗ ਤਰੀਕੇ ਨਾਲ ਲਾਗੂ ਕਰਨ ਲਈ ਯਤਨ ਅਰੰਭੇ ਗਏ ਹਨ, ਉਸ ਨਾਲ ਪੰਜਾਬ ਹੋਰ ਵਧੇਰੇ ਵਣਾਂ ਹੇਠ ਰਕਬਾ ਵਧਾਉਣ ਵਿੱਚ ਕਾਮਯਾਬ ਹੋਵੇਗਾ।
ਸ. ਬੈਂਸ ਨੇ ਦੱਸਿਆ ਕਿ ਪੰਜਾਬ ਹਰਿਆਵਲ ਮਿਸ਼ਨ ਅਧੀਨ ਆਉਂਦੇ ਅੱਠਾਂ ਸਾਲਾਂ ਵਿੱਚ ਵਣਾਂ ਹੇਠਲਾਂ ਰਕਬਾ 7 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰਨ ਲਈ ਕਰੀਬ 40 ਕਰੋੜ ਬੂਟੇ ਜੰਗਲਾਤ ਵਿਭਾਗ ਵਲੋਂ ਯੋਜਨਬਧ ਢੰਗ ਨਾਲ ਲਗਵਾਏ ਜਾਣਗੇ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨਵੇਂ ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸਾਂਭ-ਸੰਭਾਲ ਅਤੇ ਪਰਵਰਿਸ਼ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਅੰਦਰ ਵੱਖ-ਵੱਖ ਵਿਭਾਗਾਂ ਦੀ ਖਾਲੀ ਪਈ ਜ਼ਮੀਨ ‘ਤੇ ਪੌਦੇ ਲਗਾਉਣ ਦੀ ਮੁਹਿੰਮ ਵਿੱਢੀ ਗਈ ਹੈ ਜਿਸ ਅਧੀਨ ਕੋਈ ਵੀ ਸਰਕਾਰੀ ਅਦਾਰਾ ਅਜਿਹਾ ਨਹੀਂ ਹੋਵੇਗਾ ਜਿਸ ਦਾ ਚੌਗਿਰਦਾ ਹਰਿਆ-ਭਰਿਆ ਨਾ ਹੋਵੇ। ਉਨ੍ਹਾਂ ਜੰਗਲਾਤ ਵਿਭਾਗ ਵਲੋਂ ਯਕੀਨ ਦਿਵਾਇਆ ਕਿ ਪੰਜਾਬ ਹਰਿਆਵਲ ਮਿਸ਼ਨ ਨੂੰ ਕਾਮਯਾਬ ਕਰਨ ਲਈ ਬੂਟਿਆਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਵਿਭਾਗ ਵਲੋਂ ਜੰਗੀ ਪੱਧਰ ‘ਤੇ ਹੋਰ ਨਵੇਂ ਬੂਟਿਆਂ ਦੀ ਨਰਸਰੀ ਤਿਆਰ ਕਰਨ ਲਈ ਪਹਿਲਾਂ ਹੀ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵਕਤ ਵਿਭਾਗ ਕੋਲ ਵੱਖ-ਵੱਖ ਕਿਸਮਾਂ ਦੇ ਕਰੀਬ 1 ਕਰੋੜ 40 ਲੱਖ ਬੂਟੇ ਉਪਲਬਧ ਹਨ ਜਦੋਂ ਕਿ ਹੋਰ ਵਧੇਰੇ ਬੂਟੇ ਤਿਆਰ ਕਰਨ ਲਈ ਫਰੀਦਕੋਟ, ਬਿਆਸ, ਲਾਡੋਵਾਲ ਅਤੇ ਨਾਭਾ ਵਿਖੇ 10-10 ਏਕੜ ਰਕਬੇ ਵਿੱਚ ਵੱਡੀਆਂ ਨਰਸਰੀਆਂ ਤਿਆਰ ਕਰਕੇ ਬੂਟਿਆਂ ਦੀ ਮੰਗ ਨੂੰ ਪੂਰਾ ਕੀਤਾ ਜਾਵੇਗਾ। ਪੱਤਰਕਾਰਾਂ ਦੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸ. ਬੈਂਸ ਨੇ ਦੱਸਿਆ ਕਿ ਇੱਕ ਏਕੜ ਰਕਬੇ ਤੋਂ ਦਰਖ਼ਤ ਵੱਡਣ ‘ਤੇ 2.5 ਏਕੜ ਰਕਬੇ ਵਿੱਚ ਹੋਰ ਬੂਟੇ ਲਗਾਉਣੇ ਲਾਜ਼ਮੀ ਹਨ। ਉਨ੍ਹਾਂ ਦੱਸਿਆ ਕਿ ਨਵੀਂਆਂ ਸੜਕਾਂ ਦੀ ਉਸਾਰੀ ਸਮੇਂ ਜੋ ਦਰਖ਼ਤ ਵੱਢੇ ਜਾਂਦੇ ਹਨ, ਉਨ੍ਹਾਂ ਦੀ ਕੀਮਤ ਮਾਣਯੋਗ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਬਣੀ ਕੇਂਦਰੀ ਕਮੇਟੀ ਕੋਲ ਜਮ੍ਹਾਂ ਕਰਵਾਉਣੀ ਲਾਜ਼ਮੀ ਹੈ ਅਤੇ ਜਿਸ ਵਿੱਚੋਂ ਰਾਜਾਂ ਦਾ ਬਣਦਾ 8 ਫੀਸਦੀ ਹਿੱਸਾ ਰਾਜਾਂ ਨੂੰ ਵਣਾਂ ਹੇਠ ਰਕਬਾ ਵਧਾਉਣ ਲਈ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ ਇਸ ਸਕੀਮ ਤਹਿਤ ਪੰਜਾਬ ਨੂੰ 30 ਕਰੋੜ ਰੁਪਏ ਮਿਲੇ ਸਨ ਅਤੇ ਇਸ ਵਰ੍ਹੇ ਵੀ 30 ਕਰੋੜ ਰੁਪਏ ਹੋਰ ਮਿਲਣ ਦੀ ਆਸ ਹੈ ਜੋ ਕਿ ਪੰਜਾਬ ਵਿੱਚ ਵਣਾਂ ਹੇਠ ਰਕਬਾ ਵਧਾਉਣ ‘ਤੇ ਖ਼ਰਚ ਕੀਤਾ ਜਾਵੇਗਾ।
ਪ੍ਰਮੁੱਖ ਸਕੱਤਰ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਹਰਿਆਵਲ ਮਿਸ਼ਨ ਨੂੰ ਕਾਮਯਾਬ ਕਰਨ ਵਾਸਤੇ ਉਹ ਵੱਧ ਤੋਂ ਵੱਧ ਸਹਿਯੋਗ ਦੇਣ ਕਿਉਂਕਿ ਕੋਈ ਵੀ ਮਿਸ਼ਨ ਲੋਕਾਂ ਦੇ ਭਰਵੇਂ ਸਹਿਯੋਗ ਤੋਂ ਬਿਨਾਂ ਕਾਮਯਾਬ ਨਹੀਂ ਹੋ ਸਕਦਾ। ਉਨ੍ਹਾਂ ਆਖਿਆ ਕਿ ਸਮਾਜ ਸੇਵੀ ਸੰਸਥਾਵਾਂ ਵੀ ਇਸ ਮਿਸ਼ਨ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਪੰਜਾਬ ਦੇ ਸਮੂਹ ਨਾਗਰਿਕਾਂ ਨੂੰ ਪ੍ਰੇਰਿਤ ਕੀਤਾ ਕਿ ਪੰਜਾਬ ਦੇ ਭਵਿੱਖ ਨੂੰ ਸੁਨਿਹਰੀ ਬਣਾਉਣ ਵਾਸਤੇ ਹਰੇਕ ਮਨੁੱਖ ਵੱਧ ਤੋਂ ਵੱਧ ਦਰਖ਼ਤ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੇ ਪਾਲਣ-ਪੋਸ਼ਣ ਲਈ ਆਪਣੇ ਬੱਚਿਆਂ ਦੀ ਤਰ੍ਹਾਂ ਸਾਂਭ-ਸੰਭਾਲ ਕਰਨ ਅਤੇ ਪੌਦਿਆਂ ਲਈ ਲੋੜੀਂਦੀ ਖਾਦ, ਗੋਢ-ਗੁਢਾਈ ਅਤੇ ਸਿੰਚਾਈ ਲਈ ਪਾਣੀ ਦਾ ਪ੍ਰਬੰਧ ਕਰਨਾ ਵੀ ਬਹੁਤ ਜਰੂਰੀ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਰਖ਼ਤਾਂ ਦੀ ਬੇਰਹਿਮੀ ਨਾਲ ਕਟਾਈ ਹੋਣ ਕਾਰਨ ਹੀ ਅੱਜ ਅਸੀਂ ਵਾਤਾਵਰਣ ਅਸਤੁੰਲਨ ਦਾ ਸਾਹਮਣਾ ਕਰ ਰਹੇ ਹਾਂ ਅਤੇ ਵਾਤਾਵਰਣ ਵਿੱਚ ਗਰਮੀ ਵਧਣ ਕਰਕੇ ਬਰਸਾਤ ਦੇ ਮੌਸਮ ਵਿੱਚ ਵੀ ਵਰਖਾ ਘੱਟ ਹੋਣਾ ਰੁੱਖਾਂ ਦੀ ਘਾਟ ਕਾਰਨ ਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਹਰਿਆਵਲ ਮਿਸ਼ਨ ਨੂੰ ਕਾਮਯਾਬ ਕਰਨ ਲਈ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਵਰਕਰਾਂ ਨੂੰ ਨਾਲ ਲੈ ਕੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਹਰੇਕ ਪਿੰਡ ਤੱਕ ਇਸ ਲਹਿਰ ਨੂੰ ਪਹੁੰਚਾਉਣਗੇ।
ਇਸ ਸਮਾਗਮ ਵਿੱਚ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ. ਜਗਦੀਪ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਬੀ.ਜੇ.ਪੀ. ਸ਼੍ਰੀ ਐਸ. ਐਨ. ਸ਼ਰਮਾਂ, ਐਸ. ਐਸ. ਪੀ. ਸ. ਮਨਦੀਪ ਸਿੰਘ ਸਿੱਧੂ, ਵਣਪਾਲ ਅਫਸਰ (ਸਾਊਥ ਸਰਕਲ) ਸ਼੍ਰੀ ਧਰਮਿੰਦਰ ਸ਼ਰਮਾਂ, ਵਣ ਮੰਡਲ ਅਫਸਰ ਸ਼੍ਰੀ ਸਤੇਂਦਰ ਕੁਮਾਰ ਸਾਗਰ, ਐਮ. ਡੀ. ਕੇਂਦਰੀ ਸਹਿਕਾਰੀ ਬੈਂਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਐਸ. ਡੀ. ਐਮ. ਬਸੀ ਪਠਾਣਾ ਸ. ਸੁਖਦੇਵ ਸਿੰਘ, ਭਾਜਪਾ ਆਗੂ ਸ਼੍ਰੀ ਸ਼ਸ਼ੀ ਭੂਸ਼ਣ ਗੁਪਤਾ, ਡਾਇਰੈਕਟਰ ਕੇਂਦਰੀ ਸਹਿਕਾਰੀ ਬੈਂਕ ਸ. ਬਲਜੀਤ ਸਿੰਘ ਭੁੱਟਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਹੋਰ ਪਤਵੰਤੇ ਵੀ ਸ਼ਾਮਲ ਹੋਏ।