ਅਕਾਲ ਤਖ਼ਤ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਗੋਰਾ ਤੇ ਜਫ਼ਰਵਾਲ ਤਨਖ਼ਾਹੀਆ ਕਰਾਰ

ਅੰਮ੍ਰਿਤਸਰ, 5 ਅਗਸਤ – 4 ਅਗਸਤ ਨੂੰ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਨਿਹੰਗ ਜਥੇਬੰਦੀ ਨਾਲ ਸਬੰਧਿਤ ਪੰਜ ਪਿਆਰਿਆਂ ਵੱਲੋਂ ਮੁਆਫ਼ੀ ਦੇਣ ਅਤੇ ਤਨਖ਼ਾਹ ਲਾਏ ਜਾਣ ਦੇ ਮਾਮਲਾ ‘ਤੇ ਸਖ਼ਤ ਨੋਟਿਸ ਲੈਂਦਿਆਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ (ਹਲਕਾ ਕਾਦੀਆਂ) ਅਤੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੈਂਬਰ ਰਤਨ ਸਿੰਘ ਜਫ਼ਰਵਾਲ ਨੂੰ ਸ੍ਰੀ ਲੰਗਾਹ ਨਾਲ ਮਿਲਵਰਤਣ ਰੱਖਣ ਦੇ ਦੋਸ਼ ਹੇਠ ਤਨਖ਼ਾਹੀਆ ਕਰਾਰ ਦੇ ਦਿੱਤਾ। ਇਸ ਦੌਰਾਨ ਬੀਤੇ ਦਿਨ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਗੜ੍ਹੀ ਗੁਰਦਾਸ ਨੰਗਲ ਵਿਖੇ ਸੁੱਚਾ ਸਿੰਘ ਲੰਗਾਹ ਨੂੰ ਮੁਆਫ਼ੀ ਦੇਣ ਵਾਲੇ ਨਿਹੰਗ ਜਥੇਬੰਦੀ ਤਰਨਾ ਦਲ ਚੌਕ ਮਹਿਤਾ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਪੱਸ਼ਟੀਕਰਨ ਦੇ ਕੇ ਖਿਮਾ ਯਾਚਨਾ ਦੀ ਅਪੀਲ ਕੀਤੀ ਹੈ।
ਅੱਜ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਅਕਾਲ ਤਖ਼ਤ ਦੇ ਪੰਜ ਪਿਆਰਿਆਂ ਭਾਈ ਸੁਖਦੇਵ ਸਿੰਘ, ਭਾਈ ਮੰਗਲ ਸਿੰਘ ਅਤੇ ਭਾਈ ਦਿਲਬਾਗ ਸਿੰਘ ਨੇ ਅਕਾਲ ਤਖ਼ਤ ਦੀ ਫ਼ਸੀਲ ਤੋਂ ਲੰਗਾਹ ਨਾਲ ਸਬੰਧ ਰੱਖਣ ਵਾਲਿਆਂ ਖ਼ਿਲਾਫ਼ ਕੀਤੀ ਕਾਰਵਾਈ ਬਾਰੇ ਦੱਸਿਆ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਪੰਥ ਵਿਚੋਂ ਛੇਕੇ ਸੁੱਚਾ ਸਿੰਘ ਲੰਗਾਹ ਨਾਲ ਮਿਲਵਰਤਣ ਰੱਖਣ ਦੇ ਦੋਸ਼ ਹੇਠ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੈਂਬਰ ਰਤਨ ਸਿੰਘ ਜਫ਼ਰਵਾਲ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਦੋਵਾਂ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤਾ ਕਿ ਉਹ ਸਾਰੀਆਂ ਸਬ ਕਮੇਟੀਆਂ ਵਿਚੋਂ ਦੋਵਾਂ ਨੂੰ ਹਟਾ ਦੇਵੇ। ਉੁਨ੍ਹਾਂ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਲੰਗਾਹ ਨਾਲ ਮਿਲਵਰਤਣ ਰੱਖਣ ਵਾਲੇ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਬਾਰੇ ਪਤਾ ਲਾਵੇ। ਇਸ ਸਬੰਧ ਵਿੱਚ ਇਕ ਸਬ ਕਮੇਟੀ ਬਣਾ ਕੇ ਜਾਂਚ ਕੀਤੀ ਜਾਵੇ ਅਤੇ ਮਗਰੋਂ ਮਿਲਵਰਤਣ ਰੱਖਣ ਵਾਲਿਆਂ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਆਦੇਸ਼ ਦਿੱਤਾ ਕਿ ਉਹ ਪੰਥ ਵਿਚੋਂ ਛੇਕੇ ਸਾਬਕਾ ਅਕਾਲੀ ਮੰਤਰੀ ਨਾਲ ਮਿਲਵਰਤਣ ਰੱਖਣ ਵਾਲੇ ਆਪਣੇ ਆਗੂਆਂ ਦੀ ਆਪਣੇ ਪੱਧਰ ‘ਤੇ ਜਾਂਚ ਕਰਕੇ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੀਤਾ ਜਾਵੇ।
ਗੌਰਤਲਬ ਹੈ ਕਿ ਬੀਤੀ ਰਾਤ ਸ਼੍ਰੋਮਣੀ ਕਮੇਟੀ ਨੇ ਵੀ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਗੜ੍ਹੀ ਗੁਰਦਾਸਨੰਗਲ ਦੇ ਆਪਣੇ ਤਿੰਨ ਮੁਲਾਜ਼ਮਾਂ ਇੰਚਾਰਜ ਰਛਪਾਲ ਸਿੰਘ, ਗ੍ਰੰਥੀ ਖੁਸ਼ਵੰਤ ਸਿੰਘ ਅਤੇ ਕਥਾਵਾਚਕ ਭਾਈ ਹਰਮੀਤ ਸਿੰਘ ਨੂੰ ਇਸ ਮਾਮਲੇ ਵਿੱਚ ਡਿਊਟੀ ਦੌਰਾਨ ਕੋਤਾਹੀ ਵਰਤਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ‘ਤੇ ਦੋਸ਼ ਲਾਇਆ ਗਿਆ ਕਿ ਇਨ੍ਹਾਂ ਨੇ ਗੁਰਦੁਆਰੇ ਵਿੱਚ ਹੋਏ ਇਸ ਸਮਾਗਮ ਅਤੇ ਲੰਗਾਹ ਦੀ ਮੁਆਫ਼ੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਅਜਿਹੇ ਸਿਧਾਂਤ ਵਿਰੋਧੀ ਕੰਮ ਨੂੰ ਹੋਣ ਤੋਂ ਰੋਕਣ ਦਾ ਯਤਨ ਨਹੀਂ ਕੀਤਾ। ਇਸ ਦੌਰਾਨ ਨਿਹੰਗ ਜਥੇਬੰਦੀ ਤਰਨਾ ਦਲ ਚੌਕ ਮਹਿਤਾ, ਜਿਨ੍ਹਾਂ ਦੇ ਪੰਜ ਪਿਆਰਿਆਂ ਨੇ ਕੱਲ੍ਹ ਅੰਮ੍ਰਿਤਪਾਨ ਕਰਾਇਆ ਸੀ ਅਤੇ ਲੰਗਾਹ ਨੂੰ ਮੁਆਫ਼ੀ ਦਿੱਤੀ ਸੀ, ਅੱਜ ਅਕਾਲ ਤਖ਼ਤ ‘ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਪੇਸ਼ ਹੋ ਕੇ ਮੁਆਫ਼ੀ ਮੰਗੀ ਹੈ ਅਤੇ ਸਪੱਸ਼ਟੀਕਰਨ ਦਿੰਦਿਆਂ ਆਖਿਆ ਕਿ ਉਨ੍ਹਾਂ ਕੋਲੋਂ ਅਣਜਾਣੇ ਵਿੱਚ ਇਹ ਗ਼ਲਤੀ ਹੋਈ ਹੈ। ਫ਼ਿਲਹਾਲ ਇਸ ਮਾਮਲੇ ਵਿੱਚ ਜਥੇਦਾਰ ਵੱਲੋਂ ਨਿਹੰਗ ਜਥੇਬੰਦੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਇਹ ਮਾਮਲਾ ਵਿਚਾਰ ਅਧੀਨ ਹੈ।