ਫਰਾਂਸ ਦਾ ਦੂਜੀ ਵਾਰ ਫੀਫਾ ਵਰਲਡ ਕੱਪ ‘ਤੇ ਕਬਜ਼ਾ, ਫਰਾਂਸ ਨੇ ਕ੍ਰੋਏਸ਼ੀਆ ਨੂੰ 4-2 ਨਾਲ ਹਰਾਇਆ

ਫਰਾਂਸ ਦੇ ਖਿਡਾਰੀ 21ਵੀਂ ਫੀਫਾ ਵਰਲਡ ਕੱਪ ਦੀ ਟਰਾਫ਼ੀ ਦੇ ਨਾਲ ਖ਼ੁਸ਼ੀ ਮਨਾਉਂਦੇ ਹੋਏ

ਮਾਸਕੋ, 16 ਜੁਲਾਈ – ਫਰਾਂਸ ਨੇ 20 ਸਾਲਾਂ ਬਾਅਦ ਮੁੜ ਫੀਫਾ ਵਰਲਡ ਕੱਪ ਉੱਤੇ ਆਪਣਾ ਕਬਜ਼ਾ ਕਰ ਲਿਆ। ਇੱਥੇ 15 ਜੁਲਾਈ ਨੂੰ ਖੇਡੇ ਗਏ 21ਵੇਂ ਵਰਲਡ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਫਰਾਂਸ ਨੇ ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਕ੍ਰੋਏਸ਼ੀਆ ਨੇ ਫੁੱਟਬਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਫੀਫਾ ਵਰਲਡ ਕੱਪ ਦੇ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਪਰ ਉਸ ਦਾ ਖ਼ਿਤਾਬ ਜਿੱਤ ਕੇ ਇਤਿਹਾਸ ਬਣਾਉਣ ਦਾ ਸੁਫ਼ਨਾ ਟੁੱਟ ਗਿਆ। ਫਾਈਨਲ ਤੋਂ ਇੱਕ ਦਿਨ ਪਹਿਲਾਂ ਤੀਜੇ ਅਤੇ ਚੌਥੇ ਸਥਾਨ ਦੇ ਮੁਕਾਬਲੇ ਵਿੱਚ ਬੈਲਜੀਅਮ ਨੇ ਇੰਗਲੈਂਡ ਨੂੰ 2-0 ਨਾਲ ਹਰਾ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਫਰਾਂਸ ਨੂੰ ਮੈਚ ਵਿੱਚ ਉਸ ਵੇਲੇ 1-0 ਦੀ ਬੜ੍ਹਤ ਮਿਲੀ ਜਦੋਂ 18ਵੇਂ ਮਿੰਟ ਵਿੱਚ ਕ੍ਰੋਏਸ਼ੀਆ ਦੇ ਸਟ੍ਰਾਈਕਰ ਮਾਰੀਓ ਮਾਂਜ਼ੁਕਿਚ ਨੇ ਆਤਮਘਾਤੀ ਗੋਲ ਕੀਤਾ। ਦਰਅਸਲ ਐਂਟੋਨੀ ਗਰੀਜਮੈਨ ਦੀ ਫ਼ਰੀ ਕਿੱਕ ਉੱਤੇ ਕ੍ਰੋਏਸ਼ੀਆ ਦੇ ਹੀ ਮਾਰੀਓ ਦੇ ਸਿਰ ਉੱਤੇ ਲੱਗ ਕੇ ਗੇਂਦ ਗੋਲਪੋਸਟ ਵਿੱਚ ਚੱਲੀ ਗਈ, ਪਰ 28ਵੇਂ ਮਿੰਟ ਵਿੱਚ ਕ੍ਰੋਏਸ਼ੀਆ ਦੇ ਪੇਰਿਸਿਚ ਨੇ ਗੋਲ ਕਰਕੇ ਆਪਣੀ ਟੀਮ ਨੂੰ ਬਰਾਬਰੀ ‘ਤੇ ਲੈ ਆਉਂਦਾ। ਫਰਾਂਸ ਨੂੰ 38ਵੇਂ ਮਿੰਟ ਵਿੱਚ ਪੈਨਲਟੀ ਮਿਲੀ, ਜਿਸ ਨੂੰ ਟੀਮ ਦੇ ਸਟਾਰ ਖਿਡਾਰੀ ਐਂਟਨੀ ਗ੍ਰੀਜ਼ਮੈਨ ਨੇ ਗੋਲ ‘ਚ ਬਦਲ ਦਿੱਤਾ। ਫਰਾਂਸ ਲਈ 59ਵੇਂ ਮਿੰਟ ਵਿੱਚ ਪੌਲ ਪੋਗਬਾ ਨੇ ਤੀਜਾ ਗੋਲ ਦਾਗਿਆ ਜਦੋਂ ਕਿ 65ਵੇਂ ਮਿੰਟ ਵਿੱਚ ਕਾਇਲਾਨ ਮਬਾਪੇ ਨੇ ਫਰਾਂਸ ਦੀ ਲੀਡ ਨੂੰ 4-1 ਕਰ ਦਿੱਤਾ। ਪਰ 69ਵੇਂ ਮਿੰਟ ਵਿੱਚ ਕ੍ਰੋਏਸ਼ੀਆ ਦੇ ਖਿਡਾਰੀ ਮੈਂਡਜ਼ੁਕਿਚ ਨੇ ਗੋਲ ਕਰਕੇ ਟੀਮ ਨੂੰ 2-4 ਉੱਤੇ ਲੈ ਆਉਂਦਾ। ਇਹ ਗੋਲ ਹਾਰ ਦਾ ਅੰਤਰ ਘੱਟ ਕਰਨ ਵਿੱਚ ਹੀ ਮਦਦਗਾਰ ਬਣਿਆ।
ਗੌਰਤਲਬ ਹੈ ਕਿ 1974 ਤੋਂ ਬਾਅਦ ਫੁੱਟਬਾਲ ਵਰਲਡ ਕੱਪ ‘ਚ ਇਹ ਪਹਿਲਾ ਮੌਕਾ ਹੈ ਜਦੋਂ ਖ਼ਿਤਾਬੀ ਮੁਕਾਬਲੇ ‘ਚ ਹਾਫ਼ ਟਾਈਮ ਤੋਂ ਪਹਿਲਾਂ 3 ਗੋਲ ਹੋਏ ਹਨ। ਮੌਜੂਦਾ ਕੋਚ ਦਿਦੇਅਰ ਡੀਸ਼ਾਪਸ ਦੀ ਅਗਵਾਈ ਵਿੱਚ ਫਰਾਂਸ ਦੂਜੀ ਵਾਰ ਫੀਫਾ ਚੈਂਪੀਅਨ ਬਣਿਆ, ਇਸ ਤੋਂ ਪਹਿਲਾਂ 1998 ਵਿੱਚ ਪਹਿਲੀ ਵਾਰ ਵਰਲਡ ਕੱਪ ਜਿੱਤਣ ਵਾਲੀ ਟੀਮ ਦੇ ਕਪਤਾਨ ਸਨ ਅਤੇ ਹੁਣ ਟੀਮ ਦੇ ਕੋਚ ਹਨ। ਇਸ ਤਰ੍ਹਾਂ ਡੀਸ਼ਾਂਪਸ ਖਿਡਾਰੀ ਤੇ ਕੋਚ ਵਜੋਂ ਵਰਲਡ ਕੱਪ ਜਿੱਤਣ ਵਾਲੇ ਦੁਨੀਆ ਦੇ ਤੀਜੇ ਵਿਅਕਤੀ ਬਣ ਗਿਆ ਹਨ। ਇਸ ਤੋਂ ਪਹਿਲਾਂ ਬ੍ਰਾਜ਼ੀਲ ਦੇ ਮਾਰੀਓ ਜਗਾਲੋ ਤੇ ਜਰਮਨੀ ਦੇ ਫਰੈਂਕ ਬੇਕਨਬਊਰ ਨੇ ਇਹ ਪ੍ਰਾਪਤੀ ਹਾਸਿਲ ਕੀਤੀ ਸੀ।
21ਵੇਂ ਫੀਫਾ ਵਰਲਡ ਕੱਪ ਦਾ ‘ਗੋਲਡਨ ਬੂਟ’ ਇੰਗਲੈਂਡ ਦੇ ਕਪਤਾਨ ਹੈਰੀ ਕੇਨ ਨੇ ਆਪਣੇ ਨਾਂਅ ਕੀਤਾ, ਜਦੋਂ ਕਿ ਕ੍ਰੋਏਸ਼ੀਆ ਦੇ ਕਪਤਾਨ ਨੇ ‘ਬੈੱਸਟ ਪਲੇਅਰ ਆਫ਼ ਦਿ ਟੂਰਨਾਮੈਂਟ’ ਰਹਿੰਦੇ ਹੋਏ ‘ਗੋਲਡਨ ਬਾਲ’ ਦਾ ਖ਼ਿਤਾਬ ਜਿੱਤਿਆ। ਬੈਲਜੀਅਮ ਦੇ ਗੋਲਕੀਪਰ ਥਿਬਾਟ ਕ੍ਰੋਟੂਈਸ ਨੇ ‘ਗੋਲਡਨ ਗਲਵਸ’ ਨੇ ਹਾਸਿਲ ਕੀਤਾ।
ਇਸ ਮੌਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਨੇ ਫਾਈਨਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਕਤਰ ਨੂੰ ‘2022 ਫੀਫਾ ਵਰਲਡ ਕੱਪ’ ਦੀ ਮੇਜ਼ਬਾਨੀ ਲਈ ਮਸ਼ਾਲ ਸੌਂਪੀ।