ਫਰਿਜਨੋ, ਕੈਲੀਫੋਰਨੀਆਂ ਦੇ ਮੇਅਰ ਜੈਰੀ ਡਾਇਰ, ਐਲਕ ਗਰੋਵ ਮੇਅਰ ਬੌਬੀ ਸਿੰਘ ਤੇ ਲੈਥਰੋਪ ਮੇਅਰ ਧਾਲੀਵਾਲ ਨੇ ਕਿਸਾਨਾਂ ਦੀ ਹਮਾਇਤ ‘ਚ ਮਾਰਿਆ ਹਾਅ ਦਾ ਨਾਅਰਾ

*ਫੁੱਟਬਾਲਰ ਸਕਸਟਰ ਵੱਲੋਂ ਕਿਸਾਨਾਂ ਨੂੰ 10 ਹਜ਼ਾਰ ਡਾਲਰ ਦੇਣ ਦਾ ਐਲਾਨ
ਸੈਕਰਾਮੈਂਟੋ, ਕੈਲੀਫੋਰਨੀਆ, 4 ਫਰਵਰੀ ( ਹੁਸਨ ਲੜੋਆ ਬੰਗਾ) –
ਦਿੱਲੀ ਵਿੱਚ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਦਾ ਦਾਇਰਾ ਹੁਣ ਭਾਰਤੀ ਨਾ ਰਹਿ ਕਿ ਵਿਸ਼ਵ ਵਿਆਪੀ ਹੁੰਦਾ ਜਾ ਰਿਹਾ ਹੈ, ਵਿਦੇਸ਼ਾਂ ਵਿੱਚ ਜਿੱਥੇ ਪਹਿਲਾਂ ਸਿਰਫ਼ ਪੰਜਾਬੀਆਂ ਨੇ ਕਾਰ ਰੈਲੀਆਂ ਰਾਹੀਂ ਵਿਸ਼ਵ ਵਿੱਚ ਕਿਸਾਨ ਹਮਾਇਤੀ ਹੋਣ ਦਾ ਵਿਖਾਵਾ ਕੀਤਾ ਸੀ ਪਰ ਹੁਣ ਵੱਖ ਵੱਖ ਅਮਰੀਕਨ ਉੱਚ ਅਹੁਦੇਦਾਰਾਂ ਨੇ ਵੀ ਭਾਰਤ ਸਰਕਾਰ ਵੱਲੋਂ ਕਿਸਾਨਾਂ ਨਾਲ ਹੁੰਦੇ ਦੁਰਵਿਹਾਰ ਪ੍ਰਤੀ ਨਰਾਜ਼ਗੀ ਤੇ ਕਿਸਾਨਾਂ ਨਾਲ ਹਮਾਇਤ ਦਾ ਇਜ਼ਹਾਰ ਕੀਤਾ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਵੇਂ ਅਮਰੀਕਾ ਦੀ ਗਾਇਕਾ “ਰਿਹਾਨਾ” ਦੇ ਟਵੀਟ ਤੋਂ ਬਾਅਦ ਤਾਂ ਜਿਵੇਂ ਹੌਲਿਵੱਡ ਤੇ ਬਾਲੀਵੁੱਡ ਵਿੱਚ ਭੁਚਾਲ ਆ ਗਿਆ ਹੋਵੇ। ਇਵੇਂ ਹੀ ਫਰਿਜਨੋਂ, ਕੈਲੀਫੋਰਨੀਆ ਦੇ ਮੇਅਰ ਜੈਰੀ ਡਾਇਰ ਨੇ ਵੀ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨਾਲ ਖੜੇ ਹੋਣ ਦੀ ਗੱਲ ਆਖੀ ਹੈ ਆਪਣੇ ਵੀਡੀਓ ਸੁਨੇਹੇ ਵਿੱਚ ਮੇਅਰ ਜੈਰੀ ਡਾਇਰ ਨੇ ਕਿਹਾ “ਜੋ ਤੁਸੀਂ ਅਨਿਆਂ ਦੇ ਖ਼ਿਲਾਫ਼ ਖੜੇ ਹੋ ਅਸੀਂ ਅਮਰੀਕਨ ਤੁਹਾਡੇ ਨਾਲ ਖੜੇ ਹਨ ਤੇ ਤੁਸੀਂ ਆਪਣੇ ਆਪ ਨੂੰ ਇਕੱਲੇ ਨਾਂ ਸਮਝੋ”। ਇਸੇ ਤਰਾਂ ਅਮਰੀਕਨ ਪ੍ਰਸਿੱਧ ਫੁੱਟਬਾਲ ਖਿਡਾਰੀ ਜੂ ਜੂ ਸਮਿਥ ਸਕਸਟਰ ਵੱਲੋਂ ਵੀ ਕਿਸਾਨ ਮੋਰਚੇ ਚ ਡਟੇ ਕਿਸਾਨਾਂ ਦੀਆਂ ਸਹਿਤ ਸਹੂਲਤਾਂ ਲਈ ਅਮਰੀਕਨ 10 ਹਜ਼ਾਰ ਡਾਲਰ ਦੇਣ ਦੀ ਗੱਲ ਆਖੀ ਹੈ। ਇੱਥੇ ਇਹ ਵੀ ਵਰਨਣਯੋਗ ਹੈ ਜਿਹੜੇ ਵੀ ਬਾਹਰਲੇ ਦੇਸ਼ਾਂ ਦੇ ਵਿਸ਼ੇਸ਼ ਸ਼ਖ਼ਸੀਅਤਾਂ ਦੇ ਬਿਆਨਾਂ ਦੀ ਫੇਸਬੁੱਕ ਜਾਂ ਟਵਿੱਟਰ ਤੇ ਭਾਰਤ ਦੇ ਅੰਦਰੂਨੀ ਮਸਲੇ ਦਾ ਡਰਾਮਾ ਕਰਕੇ ਵਿਰੋਧਤਾ ਕਰਦਾ ਹੈ ਉਸ ਦਾ ਨਾਲ ਹੀ ਜਵਾਬ ਦਿੱਤਾ ਜਾ ਰਿਹਾ ਹੈ ਵਿਸ਼ੇਸ਼ ਕਰਕੇ ਪ੍ਰਵਾਸੀਆਂ ਵੱਲੋਂ। ਫਰਿਜਨੋਂ ਦੇ ਮੇਅਰ ਤੋਂ ਪਹਿਲਾਂ ਐਲਕ ਗਰੋਵ ਦੀ ਪਹਿਲੀ ਵਾਰ ਬਣੀ ਸਿੱਖ ਔਰਤ ਮੇਅਰ ਬੌਬੀ ਸਿੰਘ ਵੀ ਕਿਸਾਨਾਂ ਦੇ ਪੱਖ ਭਾਰਤ ਸਰਕਾਰ ਦੇ ਅਮਰੀਕਾ ਸਥਿਤ ਅੰਬੈਸਡਰ ਨੂੰ ਲਿਖਤੀ ਰੂਪ ਚ ਬਿਆਨ ਤੇ ਦੇ ਚੁੱਕੇ ਹਨ ਤੇ ਅਕਸਰ ਫੇਸਬੁੱਕ ਤੇ ਟਵਿੱਟਰ ਤੇ ਕਿਸਾਨਾਂ ਦੀ ਹਮਾਇਤ ਤੇ ਹਨ। ਇਸੇ ਹੀ ਤਰਾਂ ਲੈਥਰੋਪ ਸ਼ਹਿਰ ਤੋਂ ਪੰਜਵੀਂ ਵਾਰ ਬਣੇ ਮੇਅਰ ਸੁਖਮਿੰਦਰ ਸਿੰਘ ਧਾਲੀਵਾਲ ਨੇ ਵੀ ਕਿਸਾਨਾਂ ਦੀ ਭਰਵੀਂ ਹਮਾਇਤ ਕੀਤੀ ਹੈ ਨਿੱਜੀ ਤੌਰ ਤੇ ਮਦਦ ਵੀ ਕਰ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਵੀ ਵੱਡੀ ਤਾਦਾਦ ਨਾਲ ਹੋਰ ਵੱਡੀਆਂ ਅਮਰੀਕਨ ਸ਼ਖ਼ਸੀਅਤਾਂ ਵੱਲੋਂ ਕਿਸਾਨਾਂ ਦੇ ਪੱਖ ਚ ਖੜਨ ਤੇ ਬਿਆਨ ਦੇਣ ਦਾ ਸਿਲਸਿਲਾ ਜਾਰੀ ਰਹਿਣ ਦੀ ਆਸ ਹੈ ਕਿਉਂ ਕਿ ਕਿਸਾਨ ਪੱਖੀ ਧਿਰਾਂ ਆਪਣੇ ਇਲਾਕੇ ਦੇ ਕਾਂਗਰਸਮੈਨਾਂ ਤੇ ਸੈਨਟਰਾਂ ਤੱਕ ਪਹੁੰਚ ਕਰਨ ਜਾ ਰਹੇ ਹਨ।