ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ ਬੀਰ ਖਾਲਸਾ ਗਰੁੱਪ ਦੀ ਟੀਮ ਅਮਰੀਕਾ ਦੇ ਪ੍ਰਸਿੱਧ ਟੇਲੈਂਟ ਸ਼ੋਅ ਦੇ ਕੁਆਰਟਰ ਫਾਈਨਲ ‘ਚ ਹਾਰੀ

ਕੈਲੀਫੋਰਨੀਆ, 26 ਅਗਸਤ (ਹੁਸਨ ਲੜੋਆ ਬੰਗਾ) – ਬੀਰ ਖਾਲਸਾ ਦਲ ਪੰਜਾਬ ਦੀ ਟੀਮ ਜਿਸ ਨੇ ਅਮਰੀਕਾ ਦੇ ਪ੍ਰਸਿੱਧ ‘ਗੌਟ ਟੇਲੈਂਟ’ ਪ੍ਰੋਗਰਾਮ ਵਿੱਚ ਆਪਣੀ ਅਨੋਖੀ ਕਲਾ ਦੇ ਜੌਹਰ ਵਿਖਾ ਕੇ ਵਿਸ਼ਵ ਭਰ ਦੇ ਹਜ਼ਾਰਾਂ ਪ੍ਰਸੰਸਕਾਂ ਦਾ ਦਿਲ ਜਿੱਤਿਆ ਹੈ, ਪਹਿਲੇ ਕੁਆਰਟਰ ਫਾਈਨਲ ਵਿੱਚ ਹਾਰ ਕੇ ਬਾਹਰ ਹੋ ਗਈ। ਇਹ ਮੁਕਾਬਲਾ ਲੌਸ ਏਂਜਲਸ ਦੇ ਡੋਲਬੀ ਥੀਏਟਰ ਵਿੱਚ ਹੋਇਆ। ਬੀਰ ਖਾਲਸਾ ਗਰੁੱਪ ਦੀ ਇਸ ਟੀਮ ਵਿੱਚ ਜਗਦੀਪ ਸਿੰਘ ਤੇ ਕੰਵਲਜੀਤ ਸਿੰਘ ਸ਼ਾਮਿਲ ਹਨ। ਆਪਣੀ ਕਲਾ ਦੇ ਜੌਹਰ ਵਿਖਾਉਂਦਿਆਂ ਕੰਵਲਜੀਤ ਸਿੰਘ ਕੱਪੜੇ ਨਾਲ ਆਪਣੀਆਂ ਅੱਖਾਂ ਬੰਨ੍ਹ ਕੇ ਜ਼ਮੀਨ ਉੱਪਰ ਲੇਟੇ ਹੋਏ ਜਗਦੀਪ ਸਿੰਘ ਦੇ ਮੂੰਹ ਉੱਪਰ ਪਈ ਤੋਰੀ ਨੂੰ ਤਿੱਖੇ ਹਥਿਆਰ ਨਾਲ ਚੀਰਦਾ ਹੈ। ਬਾਅਦ ਵਿੱਚ ਉਹ ਉਸ ਦੀ ਛਾਤੀ ਉੱਪਰ ਰੱਖੇ ਬਰਫ਼ ਦੇ ਬਲਾਕ ਨੂੰ ਤੋੜਦਾ ਹੈ ਤੇ ਆਖ਼ਿਰ ਵਿੱਚ ਇੱਕ ਬਹੁਤ ਹੀ ਖ਼ਤਰਨਾਕ ਕਲਾ ਦਾ ਪ੍ਰਦਰਸ਼ਨ ਕਰਦਿਆਂ ਜਗਦੀਪ ਸਿੰਘ ਦੇ ਆਸ ਪਾਸੇ ਰੱਖੇ ਤਰਬੂਜ਼ਾਂ ਨੂੰ ਇਕ ਵੱਡੇ ਹਥੌੜੇ ਨਾਲ ਭੰਨਦਾ ਹੈ। ਇਸ ਸਾਰੇ ਪ੍ਰਦਰਸ਼ਨ ਦੌਰਾਨ ਉਸ ਦੀਆਂ ਅੱਖਾਂ ਬੰਨੀਆਂ ਹੁੰਦੀਆਂ ਹਨ। ਇਸ ਸ਼ੋਅ ਨੂੰ ਜੱਜਾਂ ਨੇ ਬਹੁਤ ਪਸੰਦ ਕੀਤਾ। ਦੋਵਾਂ ਜੱਜਾਂ ਸਿਮਨ ਕੋਵੈਲ ਤੇ ਹੋਵੀ ਮੰਡੇਲ ਨੇ ਇਨ੍ਹਾਂ ਨੌਜਵਾਨਾਂ ਦੀ ਰਜਵੀਂ ਤਾਰੀਫ਼ ਕੀਤੀ ਪਰ ਨਾਲ ਹੀ ਕਿਹਾ ਕਿ ਅਮਰੀਕੀ ਪ੍ਰਸੰਸਕਾਂ ਨੇ ਉਨ੍ਹਾਂ ਦੇ ਹੱਕ ਵਿੱਚ ਵੋਟ ਨਹੀਂ ਪਾਈ। ਸ਼ੋਅ ਵਿਚੋਂ ਬਾਹਰ ਹੋਣ ਉਪਰੰਤ ਦੋਵਾਂ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਆਸ ਨਹੀਂ ਛੱਡੀ ਹੈ, ਉਹ ਆਪਣੀ ਕਲਾ ਨੂੰ ਹੋਰ ਨਿਖਾਰਣਗੇ। ਉਨ੍ਹਾਂ ਨੇ ਪ੍ਰਸੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੋਰ ਖ਼ਤਰਨਾਕ ਕਲਾ ਦੇ ਜੌਹਰ ਵੇਖਣ ਲਈ ਉਹ ਤਿਆਰ ਰਹਿਣ।