ਫਿਲਮ ‘ਅਰਜੁਨ ਪਟਿਆਲਾ’ ਵਿੱਚ ਦਿਲਜੀਤ ਤੇ ਕ੍ਰਿਤੀ ਕਰਨਗੇ ਕਾਮੇਡੀ 

ਇਸ ਸਾਲ ਫਿਲਮ ‘ਰਾਬਤਾ’ ਨਾਲ ਡਾਇਰੈਕਟਰ ਵਜੋਂ ਬਾਲੀਵੁੱਡ ‘ਚ ਡੇਬਿਊ ਕਰਨ ਵਾਲੇ ਫ਼ਿਲਮਸਾਜ਼ ਦਿਨੇਸ਼ ਵਿਜਨ ਇੱਕ ਵਾਰ ਮੁੜ ਤੋਂ ਕਾਮੇਡੀ ਫਿਲਮ ‘ਅਰਜੁਨ ਪਟਿਆਲਾ’ ਲੈ ਕੇ ਹਾਜ਼ਰ ਹੋਣ ਦੀ ਤਿਆਰੀ ਵਿੱਚ ਹਨ। ਮੈਡੋਕ ਫਿਲਮਜ਼ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਵਿੱਚ ਪੰਜਾਬੀ ਗਾਇਕ ਤੇ ਸੁਪਰਸਟਾਰ ਅਦਾਕਾਰ ਦਿਲਜੀਤ ਦੁਸਾਂਝ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਫਿਲਮ ‘ਚ ਦਲਜੀਤ ਛੋਟੇ ਸ਼ਹਿਰ ਦੇ ਨੌਜਵਾਨ ਦੇ ਕਿਰਦਾਰ ਵਿੱਚ ਹੋਣਗੇ ਜਦੋਂ ਕਿ ਅਦਾਕਾਰਾ ਕ੍ਰਿਤੀ ਸੰਪਾਦਕ ਦੀ ਭੂਮਿਕਾ ਨਿਭਾ ਰਹੀ ਹੈ। ਪੰਜਾਬ ਵਿੱਚ ਇਸ ਕਾਮੇਡੀ ਉੱਤੇ ਆਧਾਰਿਤ ਫਿਲਮ ਦੀ ਸ਼ੂਟਿੰਗ ਫਰਵਰੀ 2018 ਵਿੱਚ ਸ਼ੁਰੂ ਹੋਵੇਗੀ।
ਗੌਰਤਲਬ ਹੈ ਕਿ ਦਿਲਜੀਤ ਨੇ 2016 ਵਿੱਚ ਆਈ ਫਿਲਮ ‘ਉੱਡਦਾ ਪੰਜਾਬ’ ਨਾਲ ਬਾਲੀਵੁੱਡ ਵਿੱਚ ਡੇਬਿਊ ਕੀਤਾ ਸੀ, ਅੱਜ ਕੱਲ੍ਹ ਦਿਲਜੀਤ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਖਿਡਾਰੀ ਸੰਦੀਪ ਸਿੰਘ ਦੀ ਬਾਇਆਪਿਕ ਦੀ ਸ਼ੂਟਿੰਗ ਵਿੱਚ ਵਿਅਸਤ ਹਨ। ਜਦੋਂ ਕਿ ਦਿਨੇਸ਼ ਦੀ ਡਾਇਰੈਕਟਰ ਵਜੋਂ ਪਹਿਲੀ ਫਿਲਮ ‘ਰਾਬਤਾ’ ਵਿੱਚ ਨਜ਼ਰ ਆਈ ਕ੍ਰਿਤੀ ਇਸ ਟੀਮ ਵਿੱਚ ਵਾਪਸੀ ਨਾਲ ਉਤਸ਼ਾਹਿਤ ਹੈ।
ਦਿਨੇਸ਼ ਇਸ ਤੋਂ ਪਹਿਲਾਂ ਇਮਤਿਆਜ਼ ਅਲੀ ਦੀ ‘ਲਵ ਆਜ ਕੱਲ’, ਹੋਮੀ ਅਦਾਜਾਨੀਆ ਦੀ ‘ਕੌਕਟੇਲ’, ਸ੍ਰੀਰਾਮ ਰਾਘਵਨ ਦੀ ‘ਬਦਲਾਪੁਰ’ ਅਤੇ ਸਾਕੇਤ ਚੌਧਰੀ ਦੀ ‘ਹਿੰਦੀ ਮੀਡੀਅਮ’ ਵਰਗੀਆਂ ਫ਼ਿਲਮਾਂ ਦਾ ਨਿਰਮਾਣ ਕਰ ਚੁੱਕਿਆ ਹੈ।