ਬਰਤਾਨੀਆ ‘ਚ ਬਜ਼ੁਰਗ ਸਿੱਖ ‘ਤੇ ਹਮਲੇ ਦਾ ਮਾਮਲਾ ਪ੍ਰਧਾਨ ਮੰਤਰੀ ਤੁਰੰਤ ਬਰਤਾਨੀਆ ਸਰਕਾਰ ਕੋਲ ਚੁੱਕਣ – ਸੁਖਬੀਰ ਬਾਦਲ

ਚੰਡੀਗੜ੍ਹ, 18 ਅਗਸਤ – ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਹਾਲ ਹੀ ਵਿੱਚ ਲੰਡਨ ਵਿੱਚ 80 ਸਾਲਾਂ ਦੇ ਬਜ਼ੁਰਗ ਸਿੱਖ ਵਿਅਕਤੀ ‘ਤੇ ਇਕ ਅੰਗਰੇਜ਼ ਮੁਟਿਆਰ ਵਲੋਂ ਕੀਤੇ ਹਮਲੇ ਦਾ ਮਾਮਲਾ ਤੁਰੰਤ ਬਰਤਾਨੀਆ ਸਰਕਾਰ ਕੋਲ ਚੁੱਕਣ। ਬਰਤਾਨੀਆ ਤੋਂ ਇਥੇ ਪੁੱਜੀਆਂ ਰਿਪੋਰਟਾਂ ਮੁਤਾਬਕ ਇਕ ਸੀ. ਸੀ. ਟੀ. ਵੀ. ਫੁੱਟੇਜ ‘ਚ ਇਹ ਸਾਹਮਣੇ ਆਇਆ ਹੈ ਕਿ ਇਸ ਮੁਟਿਆਰ ਨੇ 10 ਅਗਸਤ… ਨੂੰ ਕਨਵੈਂਟਰੀ ਸਿਟੀ ‘ਚ 80 ਸਾਲਾਂ ਦੇ ਸਿੱਖ ਬਜ਼ੁਰਗ ‘ਤੇ ਹਮਲਾ ਕੀਤਾ। ਫੁੱਟੇਜ ਮੁਤਾਬਕ ਹਮਲਾ ਸ਼ਰ੍ਹੇਆਮ ਹੋਇਆ ਪਰ ਕਿਸੇ ਨੇ ਵੀ ਮਾਮਲੇ ‘ਚ ਦਖ਼ਲ-ਅੰਦਾਜ਼ੀ ਨਹੀਂ ਕੀਤੀ।
ਇਥੇ ਜਾਰੀ ਕੀਤੇ ਇਕ ਬਿਆਨ ਵਿੱਚ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਬਜ਼ੁਰਗ ਸਿੱਖ ਵਿਅਕਤੀ ‘ਤੇ ਹਮਲਾ ਹੋਇਆ ਤੇ ਉਸ ਦੀ ਪੱਗ ਵੀ ਹਮਲੇ ਦੌਰਾਨ ਲੱਥ ਗਈ। ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਤੁਰੰਤ ਬਰਤਾਨਵੀ ਹਾਈ ਕਮਿਸ਼ਨਰ ਨੂੰ ਤਲਬ ਕਰ ਕੇ ਸਾਰੇ ਸਿੱਖ ਭਾਈਚਾਰੇ ਅਤੇ ਦੇਸ਼ ਦੀਆਂ ਭਾਵਨਾਵਾਂ ਨੂੰ ਪੁੱਜੀ ਠੇਸ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਰਤਾਨੀਆ ਸਰਕਾਰ ਨੂੰ ਇਹ ਜ਼ਰੂਰ ਕਿਹਾ ਜਾਣਾ ਚਾਹੀਦਾ ਹੈ ਕਿ ਉਹ ਮਾਮਲੇ ਵਿੱਚ ਸਖ਼ਤ ਕਾਰਵਾਈ ਕਰੇ ਅਤੇ ਨਾਲ ਹੀ ਸਿੱਖ ਧਰਮ ਬਾਰੇ ਅਤੇ ਬਰਤਾਨਵੀ ਸਮਾਜ ਲਈ ਸਿੱਖਾਂ ਵਲੋਂ ਪਾਏ ਯੋਗਦਾਨ ਬਾਰੇ ਜਾਗਰੂਕਤਾ ਮੁਹਿੰਮ ਵੀ ਚਲਾਵੇਂ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ। ਉਪ ਮੁੱਖ ਮੰਤਰੀ ਨੇ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੂੰ ਵੀ ਆਖਿਆ ਕਿ ਉਹ ਵੱਖਰੇ ਤੌਰ ‘ਤੇ ਇਹ ਮਾਮਲਾ ਚੁੱਕਦਿਆਂ ਇਹ ਪਤਾ ਲਗਾਉਣ ਕਿ ਕੀ ਇਹ ਨਸਲੀ ਹਮਲਾ ਸੀ  ਤਾਂ ਕਿ ਇਸ ਮਾਮਲੇ ‘ਤੇ ਲੋੜੀਂਦੇ ਕਦਮ ਚੁੱਕੇ ਜਾ ਸਕਣ।