ਬਰਸੀ ‘ਤੇ ਵਿਸ਼ੇਸ਼ – ਤੰਗ-ਦਿਲੀ ਤੋਂ ਕੋਹਾਂ ਦੂਰ ਸਨ ਮਹਾਰਾਜਾ ਰਣਜੀਤ ਸਿੰਘ

ਉਨ੍ਹਾਂ ਦੇ ਰਾਜ ਵਿੱਚ ਅਹੁਦਿਆਂ ਦੀ ਵੰਡ ਕਰਨ ਲੱਗਿਆਂ ਧਰਮ, ਜਾਤੀ ਨੂੰ ਆਧਾਰ ਨਹੀਂ ਸੀ ਬਣਾਇਆ ਜਾਂਦਾ। ਮਹਾਰਾਜਾ ਰਣਜੀਤ ਸਿੰਘ ਹਰ ਖੇਤਰ ਤੋਂ ਆਪਣੇ ਰਾਜ ਨੂੰ ਉੱਚਾ ਚੁੱਕਣਾ ਚਾਹੁੰਦੇ ਸਨ। ਉਨ੍ਹਾਂ ਦੇ ਰਾਜ ਵਿੱਚ ਹਰ ਮਨੁੱਖ ਆਜ਼ਾਦੀ ਨਾਲ ਜੀਵਨ ਬਸਰ ਕਰ ਸਕੇ, ਇਹੀ ਉਨ੍ਹਾਂ ਦਾ ਮੁੱਖ ਉਦੇਸ਼ ਸੀ।
੧੮ਵੀਂ ਸਦੀ ਦਾ ਇਤਿਹਾਸ ਸਿੱਖ ਸੰਘਰਸ਼ ਦੀ ਮੂੰਹ ਬੋਲਦੀ ਤਸਵੀਰ ਹੈ। ਇਕ ਪਾਸੇ ਵੱਖ-ਵੱਖ ਮੁਸਲਿਮ ਸ਼ਾਸਕ ਸਿੱਖਾਂ ਦੀ ਹੋਂਦ ਇਸ ਧਰਤੀ ਤੋਂ ਮਿਟਾਉਣ ਲਈ ਤਤਪਰ ਸਨ। ਦੂਜੇ ਪਾਸੇ ਸਿੱਖ ਸ਼ਹਾਦਤਾਂ ਦੇ ਰਸਤੇ ਤੁਰ ਕੇ ਸਿੱਖ, ਰਾਜ ਸਥਾਪਿਤ ਕਰਨ ਦੀ ਜੱਦੋ-ਜਹਿਦ ਵਿੱਚ ਲੱਗੇ ਹੋਏ ਸਨ। ਇਸ ਸਦੀ ਦੇ ਅੰਤ ਵਿੱਚ ਸਿੱਖਾਂ ਨੇ ਮਿਸਲਾਂ ਦੇ ਰੂਪ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਉੱਪਰ ਆਪਣੇ-ਆਪਣੇ ਸੁਤੰਤਰ ਰਾਜ ਸਥਾਪਿਤ ਕਰ ਲਏ। ਪੰਜਾਬ ਦੀ ਧਰਤੀ ਨੂੰ ਹੁਣ ਕਿਸੇ ਅਜਿਹੇ ਨਾਇਕ ਦੀ ਲੋੜ ਸੀ, ਜਿਹੜਾ ਇਨ੍ਹਾਂ ਮਿਸਲਾਂ ਨੂੰ ਸੰਗਠਿਤ ਕਰਕੇ ਸਿੱਖ ਰਾਜ ਦੀ ਸਥਾਪਨਾ ਕਰ ਸਕੇ। ਇਤਿਹਾਸ ਦੀ ਇਸ ਮੰਗ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੂਰਾ ਕੀਤਾ। ਪੰਜਾਬ ਦੇ ਇਸ ਮਹਾਨ ਨਾਇਕ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਨਵੰਬਰ, ੧੭੮੦ ਈ: ਵਿੱਚ ਗੁਜਰਾਂਵਾਲਾ ਵਿਖੇ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਸ: ਮਹਾਂ ਸਿੰਘ ਦੇ ਘਰ ਹੋਇਆ। ਮਹਾਰਾਜਾ ਰਣਜੀਤ ਸਿੰਘ ਬਚਪਨ ਤੋਂ ਘੋੜ ਸਵਾਰੀ, ਤਲਵਾਰ ਬਾਜ਼ੀ, ਤੈਰਾਕੀ ਆਦਿ ਬੀਰ ਰੁਚੀਆਂ ਦਾ ਸ਼ੌਕੀਨ ਸੀ। ਵਿਰਸੇ ਵਿੱਚ ਮਿਲੀ ਸਿੱਖ ਧਰਮ ਦੀ ਪ੍ਰੇਰਣਾ ਸਦਕਾ ਮਹਾਰਾਜਾ ਨਿਰਭੈਤਾ, ਨਿਰਵੈਰਤਾ, ਸਹਿਣਸ਼ੀਲਤਾ ਤੇ ਉਦਾਰਤਾ ਵਰਗੇ ਦੈਵੀ ਗੁਣਾਂ ਦਾ ਧਾਰਨੀ ਬਣ ਗਿਆ। ਮਹਾਰਾਜੇ ਵਿਚਲੀ ਸਾਹਸ, ਬਹਾਦਰੀ ਤੇ ਦਲੇਰੀ ਨੇ ਉਨ੍ਹਾਂ ਨੂੰ ਚੜ੍ਹਦੀ ਜਵਾਨੀ ਵਿੱਚ ਹੀ ਸਿੱਖ ਰਾਜ ਨੂੰ ਸੰਗਠਿਤ ਕਰਨ ਵੱਲ ਪ੍ਰੇਰਿਆ।
੧੭੯੯ ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ‘ਤੇ ਕਬਜ਼ਾ ਕਰਕੇ ਪੰਜਾਬ ਵਿੱਚ ਖ਼ਾਲਸਾ ਰਾਜ ਸਥਾਪਿਤ ਕਰ ਲਿਆ। ਸਥਾਪਿਤ ਕੀਤੇ ਰਾਜ ਨੂੰ ਆਪਣੇ ਪਰਿਵਾਰ ਜਾਂ ਮਿਸਲ ਦੇ ਨਾਂਅ ਨਾਲ ਨਾ ਜੋੜ ਕੇ, ਇਸ ਨੂੰ ਸਰਕਾਰ-ਏ-ਖ਼ਾਲਸਾ ਦੀ ਉਪਾਧੀ ਦਿੱਤੀ। ਰਾਜ ਦੀ ਮੋਹਰ ਉੱਤੇ ਸ੍ਰੀ ਅਕਾਲ ਜੀ ਸਹਾਇ ਅਤੇ ਸਿੱਕਿਆਂ ਉੱਤੇ ਨਾਨਕ ਸਹਾਇ ਜਾਂ ਗੋਬਿੰਦ ਸਹਾਇ ਉੱਕਰਿਆ ਹੁੰਦਾ ਸੀ। ਮਹਾਰਾਜਾ ਆਪਣੇ ਦਿਨ ਦੇ ਕੰਮਾਂ-ਕਾਰਾਂ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ, ਹੁਕਮਨਾਮਾ ਸੁਣਨ ਉਪਰੰਤ ਕਰਦੇ ਸਨ। ਉਹ ਹਰ ਮੁਹਿੰਮ ‘ਤੇ ਜਾਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦੇ ਅਤੇ ਜਿੱਤ ਤੋਂ ਬਾਅਦ ਸ਼ੁਕਰਾਨੇ ਲਈ ਸ਼ਬਦ ਗੁਰੂ ਸਾਹਮਣੇ ਨਤ ਮਸਤਕ ਹੁੰਦੇ। ਉਨ੍ਹਾਂ ਦੇ ਰਾਜ ਦੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸ ਵਿੱਚ ਸਿੱਖਾਂ ਦੀ ਗਿਣਤੀ ਸਿਰਫ਼ ੮ ਪ੍ਰਤੀਸ਼ਤ ਸੀ। ਬਾਕੀ ੯੨ ਪ੍ਰਤੀਸ਼ਤ ਜਨਤਾ ਹਿੰਦੂ ਜਾਂ ਇਸਲਾਮ ਧਰਮ ਨਾਲ ਸੰਬੰਧਿਤ ਸੀ। ਉਨ੍ਹਾਂ ਦੇ ਰਾਜ ਵਿੱਚ ਹਰੇਕ ਧਰਮ ਵਾਲਾ ਆਜ਼ਾਦਾਨਾ ਮਹੌਲ ਦਾ ਆਨੰਦ ਮਾਣਦਾ ਸੀ। ਕੱਟੜਵਾਦ, ਤੰਗ-ਦਿਲੀ ਤੋਂ ਮਹਾਰਾਜਾ ਕੋਹਾਂ ਦੂਰ ਸੀ। ਉਨ੍ਹਾਂ ਦੇ ਮਨ ਅੰਦਰ ਸਾਰੇ ਧਰਮਾਂ ਦਾ ਸਤਿਕਾਰ ਸੀ। ਇਸ ਉਦਾਰ ਨੀਤੀ ਕਰਕੇ ਹੀ ਉਨ੍ਹਾਂ ਨੇ ਨਾ ਕੇਵਲ ਸਿੱਖ ਗੁਰਦੁਆਰਿਆਂ ਦੇ ਨਾਂਅ ਵੱਡੀਆਂ ਜਗੀਰਾਂ ਲਗਵਾਈਆਂ, ਬਲਕਿ ਹਿੰਦੂ ਮੰਦਰਾਂ, ਮਸਜਿਦਾਂ ਦੇ ਨਿਰਮਾਣ ਵਾਸਤੇ ਵੀ ਭਾਰੀ ਖ਼ਜ਼ਾਨੇ ਦਿੱਤੇ।
ਬੇਸ਼ੱਕ ੧੮੦੯ ਈ: ਵਿੱਚ ਅੰਗਰੇਜ਼ਾਂ ਨਾਲ ਹੋਈ ਅੰਮ੍ਰਿਤਸਰ ਦੀ ਸੰਧੀ ਨੇ ਮਹਾਰਾਜੇ ਦੀ ਸਮੁੱਚੇ ਸਿੱਖ ਖੇਤਰ ਨੂੰ ਸਰਕਾਰੇ-ਏ-ਖ਼ਾਲਸਾ ਦਾ ਹਿੱਸਾ ਬਣਾਉਣ ਦੀ ਅਭਿਲਾਖਾ ਪੂਰੀ ਨਾ ਹੋਣ ਦਿੱਤੀ ਪਰ ਫਿਰ ਵੀ ਉਨ੍ਹਾਂ ਦੇ ਰਾਜ ਦੀਆਂ ਹੱਦਾਂ ਚੀਨ, ਦੱਰਾ ਖ਼ੈਬਰ ਤੇ ਅਫ਼ਗਾਨਿਸਤਾਨ ਨਾਲ ਜਾ ਲਗਦੀਆਂ ਸਨ। ਮਹਾਰਾਜੇ ਦੀ ਦੂਰ ਦ੍ਰਿਸ਼ਟੀ, ਤਾਕਤ, ਫ਼ੌਜ ਤੋਂ ਤਾਂ ਅੰਗਰੇਜ਼ ਵੀ ਥਰ-ਥਰ ਕੰਬਦੇ ਸਨ। ਇਸੇ ਲਈ ਤਾਂ ਮਹਾਰਾਜੇ ਦੇ ਜਿਉਂਦੇ ਜੀਅ ਸਿੱਖ ਰਾਜ ਨੂੰ ਹਥਿਆਉਣ ਦੀ ਉਹ ਸੋਚ ਵੀ ਨਾ ਸਕੇ। ਜਿੱਥੇ ਮਹਾਰਾਜਾ ਆਪ ਇਕ ਮਹਾਨ ਜਰਨੈਲ ਸੀ, ਉੱਥੇ ਉਹ ਬਹਾਦਰ ਜਰਨੈਲਾਂ ਦਾ ਕਦਰਦਾਨ ਵੀ ਸੀ। ਸ: ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਪ੍ਰਤੀ ਮਹਾਰਾਜੇ ਦਾ ਸਤਿਕਾਰ ਇਸ ਤੱਥ ਦੀ ਪ੍ਰੋੜ੍ਹਤਾ ਕਰਦਾ ਹੈ। ਇਸ ਦੇ ਨਾਲ-ਨਾਲ ਮਹਾਰਾਜਾ ਲਿਖਾਰੀਆਂ ਤੇ ਵਿਦਵਾਨਾਂ ਦਾ ਵੀ ਬਹੁਤ ਕਦਰਦਾਨ ਸੀ। ਮੁਨਸ਼ੀ ਸੋਹਣ ਲਾਲ, ਦੀਵਾਨ ਅਮਰ ਨਾਥ, ਗਨੇਸ਼ ਦਾਸ, ਕਾਦਰਯਾਰ ਤੇ ਹਾਸ਼ਮ ਸ਼ਾਹ ਮਹਾਰਾਜੇ ਦੇ ਸਤਿਕਾਰ ਤੇ ਪਿਆਰ ਦੇ ਪਾਤਰ ਸਨ।
ਮਹਾਰਾਜਾ ਕੁਦਰਤ ਦਾ ਵੀ ਬਹੁਤ ਕਦਰਦਾਨ ਸੀ। ਉਹ ਬਾਗ-ਬਗੀਚੇ ਲਗਾਉਣ ਵਿਚ ਖਾਸ ਦਿਲਚਸਪੀ ਰੱਖਦੇ ਸਨ। ਉਹ ਆਪਣੇ ਦਰਬਾਰੀਆਂ ਤੇ ਸਰਦਾਰਾਂ ਨੂੰ ਵੀ ਬਾਗ ਬਗੀਚੇ ਲਗਾਉਣ ਲਈ ਉਤਸ਼ਾਹਿਤ ਕਰਦੇ ਰਹਿੰਦੇ ਸਨ। ਉਨ੍ਹਾਂ ਨੇ ਕਈ ਬਾਗ ਨਵੇਂ ਆਬਾਦ ਕਰਵਾਏ ਤੇ ਕਈ ਉੱਜੜਿਆਂ ਬਾਗਾਂ ਨੂੰ ਪੁਨਰ ਅਬਾਦ ਕਰਵਾਇਆ। ਦੀਨਾਨਾਥ ਦਾ ਬਗੀਚਾ, ਲਾਹੌਰ ਦਾ ਬਦਾਮੀ ਬਾਗ, ਦੀਵਾਨ ਰਤਨ ਚੰਦ ਦੜ੍ਹੀਵਾਲ ਦਾ ਬਾਗ, ਰਾਮ ਬਾਗ, ਅੰਮ੍ਰਿਤਸਰ, ਸ਼ਾਹ ਆਲਮ ਗੇਟ, ਲਾਹੌਰ ਦੇ ਹਜ਼ੂਰੀ ਬਾਗ ਉਨ੍ਹਾਂ ਦੇ ਸਮੇਂ ਦੇ ਪ੍ਰਸਿੱਧ ਬਾਗ਼ ਸਨ। ਇਸ ਤੋਂ ਇਲਾਵਾ ਦੀਨਾ ਨਗਰ, ਬਟਾਲੇ, ਮੁਲਤਾਨ ਅਤੇ ਕਈ ਹੋਰ ਥਾਂਵਾਂ ‘ਤੇ ਵੀ ਉਨ੍ਹਾਂ ਨੇ ਪ੍ਰਸਿੱਧ ਬਾਗ ਬਣਵਾਏ। ਮਹਾਰਾਜਾ ਗਰਮੀ ਦੇ ਮਹੀਨੇ ਦੀਨਾ ਨਗਰ ਅਤੇ ਬਟਾਲੇ ਵਿੱਚ ਬਣੇ ਆਪਣੇ ਮਹੱਲਾਂ ਵਿੱਚ ਗੁਜ਼ਾਰਦਾ ਸੀ। ਦੋ ਮੰਜ਼ਿਲ ਮਕਾਨ ਉਨ੍ਹਾਂ ਨੇ ਪਹੀਆਂ ਉੱਪਰ ਵੀ ਬਣਾਇਆ ਹੁੰਦਾ ਸੀ। ਜਿਸ ਨੂੰ ਉਹ ਅਕਸਰ ਦੀਨਾ ਨਗਰ ਲੈ ਜਾਂਦੇ ਸਨ। ਦੀਨਾ ਨਗਰ ਵਿਖੇ ਅੱਜ ਵੀ ਮਹਾਰਾਜੇ ਦੇ ਮਹੱਲ ਦੇ ਮੱਧਮ ਨਿਸ਼ਾਨ ਇਨ੍ਹਾਂ ਯਾਦਾਂ ਨੂੰ ਤਾਜ਼ਾ ਕਰਵਾਉਂਦੇ ਹਨ।
ਇਨ੍ਹਾਂ ਸਾਰੇ ਗੁਣਾਂ ਤੋਂ ਇਲਾਵਾ ਉਨ੍ਹਾਂ ਦਾ ਨਿਆਂ ਪ੍ਰਬੰਧ ਅਤਿ ਸਲਾਹੁਣ ਯੋਗ ਸੀ, ਕਿਉਂਕਿ ਉਨ੍ਹਾਂ ਦੇ ਰਾਜ ਵਿੱਚ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਸੀ ਦਿੱਤੀ ਜਾਂਦੀ। ਗਲਤੀ ਕਰਨ ਵਾਲਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਕੰਮ ਤੋਂ ਬਰਖ਼ਾਸਤ ਕਰਨ, ਤਨਖਾਹ ਕੱਟਣ, ਜਗੀਰ ਖੋਹ ਲੈਣ, ਜੁਰਮਾਨਾ ਲਾਉਣ, ਕੈਦ ਕਰਨ ਵਰਗੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ।
ਉਨ੍ਹਾਂ ਦੇ ਰਾਜ ਵਿੱਚ ਅਹੁਦਿਆਂ ਦੀ ਵੰਡ ਕਰਨ ਲੱਗਿਆਂ ਧਰਮ, ਜਾਤੀ ਨੂੰ ਆਧਾਰ ਨਹੀਂ ਸੀ ਬਣਾਇਆ ਜਾਂਦਾ। ਮਹਾਰਾਜਾ ਰਣਜੀਤ ਸਿੰਘ ਹਰ ਖੇਤਰ ਤੋਂ ਆਪਣੇ ਰਾਜ ਨੂੰ ਉੱਚਾ ਚੁੱਕਣਾ ਚਾਹੁੰਦੇ ਸਨ। ਉਨ੍ਹਾਂ ਦੇ ਰਾਜ ਵਿੱਚ ਹਰ ਮਨੁੱਖ ਆਜ਼ਾਦੀ ਨਾਲ ਜੀਵਨ ਬਸਰ ਕਰ ਸਕੇ, ਇਹੀ ਉਨ੍ਹਾਂ ਦਾ ਮੁੱਖ ਉਦੇਸ਼ ਸੀ।
ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ ਕਸ਼ਮੀਰ, ਪਸ਼ੌਰ ਚੰਬਾ, ਜੰਮੂ,
ਕਾਂਗੜਾ ਕੋਟ ਨਿਵਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਅਛਾ ਰਜ ਕੇ ਰਾਜ ਕਮਾਇ ਗਿਆ।
ਸ਼ਾਹ ਮੁਹੰਮਦ ਦੇ ਇਸ ਕਥਨ ਦੀ ਸਚਾਈ ਦਾ ਸਬੂਤ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਤੇਜ ਪਰਤਾਪ ਸੱਚਮੁੱਚ ਚਮਕਦੇ ਸੂਰਜ ਵਾਂਗ ਸੀ। ਉਸਦੀ ਸ਼ਕਤੀ ਦਰਿਆ ਅਟਕ ਦੇ ਅੱਥਰੇ ਪਣ ਨੂੰ ਅਟਕਾਉਣ ਦੇ ਸਮਰਥ ਸੀ। ਉਸ ਦੀ ਤੇਗ ਦੀ ਤਿੱਖੀ ਧਾਰ ਅੱਗੇ ਕਾਬਲ ਕੰਧਾਰ ਦੇ ਜ਼ਾਲਮ ਪਠਾਣਾਂ ਨੇ ਸੀਸ ਨਿਵਾ ਦਿੱਤੇ। ਫਤਹਿ ਸਦਾ, ਉਸ ਦੇ ਪੈਰ ਚੁੰਮਦੀ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਸ ਨੇ ਅਠਾਰਵੀਂ ਸਦੀ ਵਿੱਚ ਖਿੰਡਰੀ-ਪੁੰਡਰੀ ਤੇ ਲਹੂ-ਲੁਹਾਨ ਹੋਈ ਖ਼ਾਲਸੇ ਦੀ ਸ਼ਕਤੀ ਦਾ ਏਕੀਕਰਨ ਕਰਦਿਆਂ ਇਕ ਮਜ਼ਬੂਤ ਖ਼ਾਲਸਾ-ਰਾਜ ਦੀ ਸਥਾਪਨਾ ਕੀਤੀ ਸੀ, ਦੀ ਕੀਤੀ ਘਾਲ ਕਮਾਈ ਉਪਰ ਅੱਜ ਸਮੁੱਚਾ ਪੰਥ ਮਾਣ ਕਰ ਸਕਦਾ ਹੈ।
ਉਨ੍ਹਾਂ ਦਾ ਰਾਜ-ਭਾਗ, ਗੁਰੂ ਸਾਹਿਬ ਦੇ ਬਚਨਾਂ ‘ਰਾਜਾ ਤਖਤ ਟਿਕੈ ਗੁਣੀ ਭੈ ਪੰਚਾਇਣ ਰਤ’ ਦਾ ਪੂਰਕ ਸੀ, ਪਰੰਤੂ ਪੰਜਾਬ ਦੇ ਸੁਨਹਿਰੀ ਯੁੱਗ ਦਾ ਪਤਨ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ (ਜੂਨ ੧੮੩੯ ਈ:) ਨਾਲ ਹੀ ਹੋ ਗਿਆ। ਮਹਾਰਾਜੇ ਦਾ ਸਸਕਾਰ ਛੋਟੀ ਰਾਵੀ ਦੇ ਕੰਢੇ ਲਾਹੌਰ ਕਿਲ੍ਹੇ ਦੇ ਬਾਹਰ ਗੁਰਦੁਆਰਾ ਡੇਰਾ ਸਾਹਿਬ ਦੇ ਸਾਹਮਣੇ ਕੀਤਾ ਗਿਆ। ੧੯੪੭ ਈ: ਵਿੱਚ ਹੋਈ ਵੰਡ ਕਾਰਨ ਇਹ ਸਭ ਯਾਦਗਾਰਾਂ ਪੱਛਮੀ ਪੰਜਾਬ (ਪਾਕਿਸਤਾਨ) ਵਿੱਚ ਰਹਿ ਗਈਆਂ। ਪੰਜਾਬ ਦੇ ਇਸ ਮਹਾਨ ਨਾਇਕ ਦੀ ੧੭੩ਵੀਂ ਬਰਸੀ ਹਰ ਸਾਲ ਵਾਂਗ ੨੯ ਜੂਨ ਨੂੰ ਦੇਸ਼-ਵਿਦੇਸ਼ ਵਿੱਚ ਮਨਾਈ ਜਾਂਦੀ ਹੈ।

-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।