ਬਾਦਲ ਵਲੋਂ ਓਕ ਕਰੀਕ ਦੁਖਾਂਤ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ

ਦੁਖੀ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ
ਵਿਸਕੋਨਿਕਿਸ/ਚੰਡੀਗੜ੍ਹ, 9 ਅਗਸਤ (ਏਜੰਸੀ) – ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਮੰਗਲਵਾਰ ਨੂੰ ਓਕ ਕਰੀਕ ਗੁਰਦੁਆਰਾ ਵਿਖੇ ਗੋਲੀਬਾਰੀ ਦੀ ਘਟਨਾ ਦੌਰਾਨ ਮਾਰੇ ਗਏ 6 ਵਿਅਕਤੀਆਂ ਦੇ ਪਰਿਵਾਰਾਂ ਨੂੰ ਮਿਲੇ ਅਤੇ ਇਸ ਸੰਕਟ ਦੀ ਘੜੀ ਦੁਖੀ ਪਰਿਵਾਰਾਂ ਨਾਲ ਆਪਣਾ ਦੁੱਖ ਸਾਂਝਾ ਕੀਤਾ।
ਇਨ੍ਹਾਂ ਪਰਿਵਾਰਾਂ ਦੇ ਨਾਲ ਆਪਣੀ ਇੱਕ ਮੁੱਠਤਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਸਾਰਿਆਂ ਲਈ ਸੱਚਮੁੱਚ ਹੀ ਦੁਖਦਾਈ ਸਮਾਂ ਹੈ ਜਿਨ੍ਹਾਂ……. ਦੇ ਪਿਆਰੇ ਇਸ ਬਦਕਿਸਮਤ ਦੁਖਾਂਤ ਵਿੱਚ ਵਿਛੜ ਗਏ ਹਨ। ਉਨ੍ਹਾਂ ਨੇ ਸਥਾਨਿਕ ਹਸਤਪਤਾਲ ਦਾ ਦੌਰਾ ਕਰਕੇ ਜ਼ਖਮੀਆਂ ਦਾ ਵੀ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਮੁੱਖ ਮੰਤਰੀ ਜ਼ਖਮੀ ਹੋਏ ਅਮਰੀਕਾ ਦੇ ਪੁਲਿਸ ਅਧਿਕਾਰੀ ਨੂੰ ਵੀ ਮਿਲੇ ਜੋ ਕਿ ਹਸਪਤਾਲ ਵਿੱਚ ਦਾਖਲ ਹੈ। ਉਸ ਦੇ ਵਿਲੱਖਣ ਹੌਸਲੇ ਦਾ ਪ੍ਰਗਟਾਵਾ ਕਰਦੇ ਹੋਏ ਕਈ ਬੇਗੁਨਾਹ ਜਾਨਾ ਬਚਾਈਆਂ ਅਤੇ ਮੁੱਖ ਮੰਤਰੀ ਨੇ ਉਸ ਦੇ ਵਲੋਂ ਦਿਖਾਏ ਗਏ ਹੌਸਲੇ ਦੀ ਸਰਾਹਨਾ ਵੀ ਕੀਤੀ।
ਸ. ਬਾਦਲ ਨੇ ਭਰੋਸਾ ਦੁਆਇਆ ਕਿ ਪੰਜਾਬ ਸਰਕਾਰ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਏਗੀ। ਇਸ ਮੌਕੇ ਮੁੱਖ ਮੰਤਰੀ ਨੇ ਵਿਛੜੀਆਂ ਆਤਮਾਵਾਂ ਦੀ ਰੂਹ ਦੀ ਸ਼ਾਂਤੀ ਅਤੇ ਇਹ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਸਹਿਣ ਕਰਨ ਲਈ ਪਰਿਵਾਰਾਂ ਨੂੰ ਬਲ ਬਖਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।
ਗੌਰਤਲਬ ਹੈ ਕਿ ਮੁੱਖ ਮੰਤਰੀ ਨੇ ਇਹ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਰਾਜ ਸਰਕਾਰ ਅਮਰੀਕਾ ਤੋਂ ਭਾਰਤ ਲਾਸ਼ਾਂ ਲਿਆਉਣ ਲਈ ਸਾਰਾ ਖਰਚਾ ਉਠਾਵੇਗੀ। ਸ. ਬਾਦਲ ਨੇ ਪਹਿਲਾਂ ਹੀ ਅਮਰੀਕਾ ਵਿੱਚ ਭਾਰਤੀ ਰਾਜਦੂਤ ਸ਼੍ਰੀਮਤੀ ਨਿਰੁਪਮਾ ਰਾਓ ਨੂੰ ਮਿਲ ਕੇ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਨੂੰ ਆਖਿਆ ਸੀ।