ਬਾਦਲ ਵੱਲੋਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ

ਚੰਡੀਗੜ੍ਹ – ਪੰਜਾਬ ਦੇ ਪੰਜਵੀਂ ਵਾਰ ਮੁੱਖ ਮੰਤਰੀ ਬਣੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਦੇ ਨਵੇਂ ਬਣਾਏ ਮੰਤਰੀਆਂ ਨੂੰ ਰਾਜਪਾਲ ਵੱਲੋਂ ਪ੍ਰਵਾਨਗੀ ਮਿਲਣ ਦੇ ਨਾਲ ਹੀ ਵਿਭਾਗਾਂ ਦੀ ਵੰਡ ਕਰ ਦਿੱਤੀ। ਮੁੱਖ ਮੰਤਰੀ ਸ. ਬਾਦਲ ਨੇ ਵੱਖ-ਵੱਖ ਵਿਭਾਗਾਂ ਦੀ ਵੰਡ ਕਰਨ ਸਮੇਂ ਕੁੱਝ ਤਬਦੀਲੀ ਕੀਤੀ ਹਨ, ਪਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਣੇ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਜਨਮੇਜਾ ਸਿੰਘ ਸੇਖੋਂ, ਗੁਲਜ਼ਾਰ ਸਿੰਘ ਰਣੀਕੇ ਨੂੰ ਪਹਿਲਾਂ ਵਾਲੇ ਵਿਭਾਗ ਹੀ ਸੌਂਪੇ ਗਏ ਹਨ। ਗੌਰਤਲਬ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰਾਲੇ ਤੇ ਸਿਕੰਦਰ ਸਿੰਘ ਮਲੂਕਾ ਸਿੱਖਿਆ ਮੰਤਰਾਲੇ ਦਾ ਵਿਭਾਗ ਦਿੱਤਾ ਗਿਆ ਹੈ।
ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਹਿਕਾਰਤਾ, ਵਾਤਾਵਰਨ, ਵਿਜੀਲੈਂਸ ਤੇ ਰੁਜ਼ਗਾਰ ਪ੍ਰਸੋਨਲ, ਆਮ ਪ੍ਰਸ਼ਾਸਨ, ਬਿਜਲੀ, ਸਾਇੰਸ ਤੇ ਤਕਨਾਲੋਜੀ ਆਪਣੇ ਕਪਲ ਰੱਖੇ ਹਨ। ਜਦੋਂ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਵਾਂਗ ਗ੍ਰਹਿ, ਪ੍ਰਸ਼ਾਸਕੀ ਸੁਧਾਰ, ਹਾਊਸਿੰਗ, ਕਰ ਤੇ ਆਬਕਾਰੀ, ਨਿਵੇਸ਼ ਉਤਸਾਹਨ, ਖੇਡਾਂ ਤੇ ਯੁਵਕਾਂ ਭਲਾਈ ਅਤੇ ਸ਼ਹਿਰੀ ਹਵਾਬਾਜ਼ੀ ਬਾਰੇ ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਭਾਜਪਾ ਵਿਧਾਇਕ ਦਲ ਦੇ ਆਗੂ ਭਗਤ ਚੂੰਨੀ ਲਾਲ ਨੂੰ ਸਥਾਨਕ ਸਰਕਾਰ, ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦਿੱਤਾ ਗਿਆ ਹੈ (ਜ਼ਿਕਰਯੋਗ ਹੈ ਕਿ ਪਿਛਲੀ ਸਰਕਾਰ ਸਮੇਂ ਪਹਿਲਾਂ ਭਾਜਪਾ ਵਿਭਾਗ ਦਲ ਦੇ ਨੇਤਾ ਕੋਲ ਉਦਯੋਗ ਵੀ ਰਿਹਾ ਹੈ ਪਰ ਭਾਜਪਾ ਨੇ ਉਦਯੋਗ ਮੰਤਰੀ ਵੱਖਰਾ ਬਣਾਇਆ ਹੈ)। ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਖੁਰਾਕ ਤੇ ਸਿਵਲ ਸਪਲਾਈ ਤੇ ਸੂਚਨਾ ਤਕਨਾਲੋਜੀ (ਆਈ. ਟੀ.) ਪਹਿਲਾਂ ਵਾਲੇ ਵਿਭਾਗ ਦਿੱਤੇ ਹਨ। ਇਸੇ ਹੀ ਤਰ੍ਹਾਂ ਪਹਿਲਾਂ ਵਾਂਗ ਜਨਮੇਜਾ ਸਿੰਘ ਸੇਖੋਂ ਨੂੰ ਸਿੰਜਾਈ, ਗੁਲਜ਼ਾਰ ਸਿੰਘ ਰਣੀਕੇ ਨੂੰ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਦਲਿਤਾਂ ਤੇ ਪਛੜੀਆਂ ਸ਼੍ਰੇਣੀਆਂ ਦੀ ਭਲਾਈ ਵਾਲੇ ਵਿਭਾਗ ਦਿੱਤੇ ਹਨ। ਸਰਵਣ ਸਿੰਘ ਫਿਲੌਰ ਨੂੰ ਜੇਲ੍ਹਾਂ, ਸੈਰ ਸਪਾਟਾ, ਸੱਭਿਆਚਾਰ, ਪੁਰਾਤਤਵ ਤੇ ਮਿਊਜ਼ੀਅਮ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਦਿੱਤਾ ਹੈ। ਤੋਤਾ ਸਿੰਘ ਨੂੰ ਖੇਤੀਬਾੜੀ ਵਿਭਾਗ ਦਿੱਤਾ ਹੈ। ਭਾਜਪਾ ਦੇ ਮਦਨ ਮੋਹਨ ਮਿੱਤਲ ਨੂੰ ਸਿਹਤ ਤੇ ਪਰਿਵਾਰ ਭਲਾਈ, ਸਮਾਜਿਕ ਸੁਰੱਖਿਆ ਔਰਤਾਂ ਤੇ ਬੱਚਿਆਂ ਦਾ ਵਿਕਾਸ ਵਿਭਾਗ ਤੇ ਸੰਸਦੀ ਮਾਮਲੇ ਬਾਰੇ ਵਿਭਾਗ। ਪਰਮਿੰਦਰ ਸਿੰਘ ਢੀਂਡਸਾ ਨੂੰ ਵਿੱਤ ਤੇ ਯੋਜਨਾ, ਸੰਸਥਾਗਤ ਵਿੱਤੀ ਅਦਾਰੇ ਤੇ ਬੈਂਕਿੰਗ ਅਤੇ ਪ੍ਰੋਗਰਾਮ ਲਾਗੂ ਕਰਨ ਵਿਭਾਗ ਦਿੱਤੇ ਹਨ। ਸਿਕੰਦਰ ਸਿੰਘ ਮਲੂਕਾ ਨੂੰ  ਸਿੱਖਿਆ, ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਦਿੱਤੇ ਹਨ। ਅਜੀਤ ਸਿੰਘ ਕੋਹਾੜ ਨੂੰ ਟਰਾਂਸਪੋਰਟ, ਕਾਨੂੰਨੀ ਤੇ ਵਿਧਾਨਕ ਮਾਮਲੇ ਵਾਲੇ ਵਿਭਾਗ ਦਿੱਤੇ ਹਨ। ਬਿਕਰਮ ਸਿੰਘ ਮਜੀਠੀਆ ਨੂੰ ਮਾਲ ਤੇ ਮੁੜ ਵਸੇਬਾ, ਸੂਚਨਾ ਤੇ ਲੋਕ ਸੰਪਰਕ, ਗੈਰ ਰਵਾਇਤੀ ਊਰਜਾ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਵਾਲੇ ਵਿਭਾਗ ਦਿੱਤੇ ਹਨ। ਬੀਬੀ ਜਗੀਰ ਕੌਰ ਨੂੰ ਦਿਹਾਤੀ ਪਾਣੀ ਦੀ ਸਪਲਾਈ ਤੇ ਸਫ਼ਾਈ, ਰੱਖਿਆ ਸੇਵਾਵਾਂ ਦੀ ਭਲਾਈ ਅਤੇ ਸ਼ਿਕਾਇਤ ਨਿਵਾਰਨ ਤੇ ਪੈਨਸ਼ਨਰ ਭਲਾਈ ਵਿਭਾਗ ਦਿੱਤੇ ਹਨ। ਭਾਜਪਾ ਦੇ ਸੁਰਜੀਤ ਕੁਮਾਰ ਜਿਆਣੀ ਨੂੰ ਜੰਗਲਾਤ ਤੇ ਕਿਰਤ ਵਿਭਾਗ ਦਿੱਤੇ ਹਨ। ਸੁਰਜੀਤ ਸਿੰਘ ਰੱਖੜਾ ਨੂੰ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਦਿੱਤੇ ਹਨ। ਭਾਜਪਾ ਦੇ ਅਨਿਲ ਜੋਸ਼ੀ ਨੂੰ ਉਦਯੋਗ ਤੇ ਵਣਜ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦਿੱਤੇ ਹਨ। ਸ਼ਰਨਜੀਤ ਸਿੰਘ ਢਿੱਲੋਂ ਨੂੰ ਲੋਕ ਨਿਰਮਾਣ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ (ਜ਼ਿਕਰਯੋਗ ਹੈ ਕਿ ਢਿੱਲੋਂ ਪਹਿਲੀ ਵਾਰੀ ਵਿਧਾਇਕ ਬਣੇ ਹਨ)।