ਬਾਦਲ ਵਲੋਂ ਹਿੰਦੋਸਤਾਨ ਟਾਈਮਜ਼ ਦੇ ਸੀਨੀਅਰ ਪੱਤਰਕਾਰ ਜਸਦੀਪ ਮਲਹੋਤਰਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਉਪ ਮੁੱਖ ਮੰਤਰੀ ਤੇ ਮਜੀਠੀਆ ਨੇ ਬੇਵਕਤੀ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟਾਇਆ
ਚੰਡੀਗੜ੍ਹ, 22 ਸਤੰਬਰ – ਜਲੰਧਰ ਤੋਂ ਹਿੰਦੋਸਤਾਨ ਟਾਈਮਜ਼ ਦੇ ਸੀਨੀਅਰ ਪੱਤਰਕਾਰ ਸ੍ਰੀ ਜਸਦੀਪ ਸਿੰਘ ਮਲਹੋਤਰਾ ਦੇ ਦੁਖਦਾਈ ਤੇ ਬੇਵਕਤੀ ਦੇਹਾਂਤ ‘ਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਮਲਹੋਤਰਾ ਦਾ ਅੱਜ ਮੁਕੇਰੀਆ ਨੇੜੇ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ।
ਸ੍ਰੀ ਮਲਹੋਤਰਾ ਵਲੋਂ ਪੱਤਰਕਾਰੀ ਦੇ ਖੇਤਰ ਵਿੱਚ ਨਿਭਾਈਆਂ ਬਿਹਤਰੀਨ ਸੇਵਾਵਾਂ ਨੂੰ ਯਾਦ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸ੍ਰੀ ਮਲਹੋਤਰਾ ਆਪਣੇ ਦੋ ਦਹਾਕਿਆਂ ਦੇ ਪੱਤਰਕਾਰੀ ਦੇ ਸਫ਼ਰ ਵਿੱਚ ਨਿਧੜਕ, ਨਿਡਰ ਅਤੇ ਅਗਾਂਹਵਧੂ ਪੱਤਰਕਾਰ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਸ੍ਰੀ ਮਲਹੋਤਰਾ ਦੇ ਬੇਵਕਤੀ ਤੁਰ ਜਾਣ ਨਾਲ ਪੱਤਰਕਾਰੀ ਦੇ ਖੇਤਰ ਵਿੱਚ ਅਜਿਹਾ ਖ਼ਲਾਅ ਪੈਦਾ ਹੋ ਗਿਆ ਹੈ ਜਿਹੜਾ ਲੰਬੇ ਸਮੇਂ ਤੱਕ ਭਰਿਆ ਨਹੀਂ ਜਾਣਾ। ਮੁੱਖ ਮੰਤਰੀ ਨੇ ਪੀੜਤ ਪਰਿਵਾਰ ਅਤੇ ਸ੍ਰੀ ਮਲਹੋਤਰਾ ਦੇ ਦੋਸਤਾਂ, ਹਿਤੈਸ਼ੀਆਂ ਨਾਲ ਦੁੱਖ ਸਾਂਝਾ ਕਰਦਿਆਂ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।
ਇਸੇ ਦੌਰਾਨ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਵੀ ਸ੍ਰੀ ਮਲਹੋਤਰਾ ਦੇ ਬੇਵਕਤੀ ਅਤੇ ਦੁਖਦਾਈ ਵਿਛੋੜੇ ‘ਤੇ ਦੁੱਖ ਸਾਂਝਾ ਕਰਦਿਆਂ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਮਲਹੋਤਰਾ ਦੇ ਤੁਰ ਜਾਣ ਨਾਲ ਸਾਡੇ ਕੋਲੋਂ ਇਕ ਪ੍ਰਸਿੱਧ ਪੱਤਰਕਾਰ ਖੋਹਿਆ ਗਿਆ ਹੈ ਜਿਸ ਨੇ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਮਜ਼ਬੂਤ ਕਰਨ ਲਈ ਅਣਥੱਕ ਮਿਹਨਤ ਕੀਤੀ ਸੀ।