ਬਾਪੂ ਆਸਾ ਰਾਮ ਨੂੰ ਜਬਰ-ਜਿਨਾਹ ਦੇ ਦੋਸ਼ ‘ਚ ਤਾਉਮਰ ਕੈਦ

ਜੋਧਪੁਰ, 25 ਅਪ੍ਰੈਲ – ਅਖੌਤੀ ਸਾਧ ਬਾਪੂ ਆਸਾ ਰਾਮ ਨੂੰ ਇੱਥੇ ਦੀ ਕੇਂਦਰੀ ਜੇਲ੍ਹ ਵਿੱਚ ਸਥਾਪਤ ਵਿਸ਼ੇਸ਼ ਅਦਾਲਤ ਨੇ ਨਾਬਾਲਗ ਲੜਕੀ ਨਾਲ ਜਬਰ-ਜਿਨਾਹ ਦੇ ਦੋਸ਼ ਵਿੱਚ 25 ਅਪ੍ਰੈਲ ਦਿਨ ਬੁੱਧਵਾਰ ਨੂੰ ਤਾਉਮਰ ਕੈਦ ਦੀ ਸਜਾ ਤੇ 1 ਲੱਖ ਰੁਪਏ ਜੁਰਮਾਨੇ ਦੀ ਸੁਣਾਈ ਹੈ।
ਗੌਰਤਲਬ ਹੈ ਕਿ ਬਾਪੂ ਆਸਾ ਰਾਮ ਨੂੰ 5 ਸਾਲ ਪਹਿਲਾਂ ਆਪਣੇ ਆਸ਼ਰਮ ਵਿੱਚ ਨਾਬਾਲਗ ਲੜਕੀ ਨਾਲ ਜਬਰ-ਜਿਨਾਹ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਦੇ ਦੋ ਹੋਰ ਦੋਸ਼ੀਆਂ ਸ਼ਰਦ ਤੇ ਸ਼ਿਲਪੀ ਨੂੰ 20-20 ਸਾਲ ਦੀ ਸਜ਼ਾ ਦਿੱਤੀ ਗਈ ਹੈ ਜਦੋਂ ਕਿ 2 ਮੁਲਜ਼ਮਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਆਸਾ ਰਾਮ ਵਿਰੁੱਧ ਕੇਸ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਗ੍ਰਹਿ ਵਿਭਾਗ ਨੇ ਰਾਜਸਥਾਨ, ਗੁਜਰਾਤ ਅਤੇ ਹਰਿਆਣਾ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ। ਅੱਜ ਵਿਸ਼ੇਸ਼ ਜੱਜ ਮਧੂਸੁਦਨ ਸ਼ਰਮਾ ਦਾ ਆਸਾ ਰਾਮ (77) ਵਿਰੁੱਧ ਬਲਾਤਕਾਰ ਦੇ ਦੋਸ਼ ਵਿੱਚ ਫ਼ੈਸਲਾ ਉਦੋਂ ਆਇਆ ਜਦੋਂ ਦੇਸ਼ ਵਿੱਚ ਬਲਾਤਕਾਰ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਦੀ ਮੰਗ ਜ਼ੋਰ ਫੜ ਚੁੱਕੀ ਹੈ। ਮਾਮਲੇ ਦੀ ਨਜ਼ਾਕਤ ਨੂੰ ਦੇਖਦਿਆਂ ਜੋਧਪੁਰ ਜੇਲ੍ਹ ਵਿੱਚ ਵਿਸ਼ੇਸ਼ ਅਦਾਲਤ ਕਾਇਮ ਕੀਤੀ ਗਈ ਸੀ। ਅਦਾਲਤ ਦੇ ਫ਼ੈਸਲੇ ਬਾਰੇ ਸਰਕਾਰੀ ਵਕੀਲ ਪੋਕਰ ਰਾਮ ਬਿਸ਼ਨੋਈ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਆਸਾ ਰਾਮ ਕੁਦਰਤੀ ਮੌਤ ਤੱਕ ਜੇਲ੍ਹ ਵਿੱਚ ਹੀ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਧਿਰ ਨੇ ਆਸਾ ਰਾਮ ਲਈ ਵੱਧ ਤੋਂ ਵੱਧ ਸਜ਼ਾ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਆਸਾ ਰਾਮ ਕੋਈ ਸੰਤ ਨਹੀਂ, ਉਸ ਨੇ ਇੱਕ ਸਾਜ਼ਿਸ਼ ਤਹਿਤ ਲੜਕੀ ਨੂੰ ਹੋਸਟਲ ਵਿੱਚੋਂ ਬੁਲਾਇਆ ਅਤੇ ਉਸ ਦੇ ਨਾਲ ਬਲਾਤਕਾਰ ਕੀਤਾ। ਦੋ ਹੋਰ ਦੋਸ਼ੀਆਂ ਸ਼ਰਦ ਅਤੇ ਸ਼ਿਲਪੀ ਨੂੰ 20-20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਵਿੱਚ ਇਸ ਕੇਸ ਉੱਤੇ ਅੰਤਿਮ ਬਹਿਸ 7 ਅਪ੍ਰੈਲ ਨੂੰ ਮੁਕੰਮਲ ਹੋ ਗਈ ਸੀ ਅਤੇ ਅਦਾਲਤ ਨੇ 25 ਅਪ੍ਰੈਲ ਲਈ ਫ਼ੈਸਲਾ ਰਾਖਵਾਂ ਰੱਖ ਲਿਆ ਸੀ।