ਬਾਲੀਵੁੱਡ ਅਦਾਕਾਰ ਇਰਫ਼ਾਨ ਖਾਨ ਦਾ ਦਿਹਾਂਤ

ਮੁੰਬਈ, 30 ਅਪ੍ਰੈਲ – ਇੱਥੇ 29 ਅਪ੍ਰੈਲ ਨੂੰ ਬਾਲੀਵੁੱਡ ਦੇ ਉੱਘੇ ਅਦਾਕਾਰ ਇਰਫ਼ਾਨ ਖ਼ਾਨ ਦਾ 53 ਸਾਲਾ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ ਲੰਮੇ ਸਮੇਂ ਤੋਂ ਬ੍ਰੇਨ ਕੈਂਸਰ ਨਾਲ ਲੜ ਰਹੇ ਸਨ। ਇਰਫਾਨ ਪਿਛਲੇ ਸਾਲ ਹੀ ਲੰਡਨ ਵਿੱਚ ਇਲਾਜ ਕਰਵਾ ਕੇ ਦੇਸ਼ ਪਰਤੇ ਸਨ। ਜ਼ਿਕਰਯੋਗ ਹੈ ਕਿ ਚਾਰ ਦਿਨ ਪਹਿਲਾਂ ਹੀ ਜੈਪੁਰ ਵਿੱਚ ਉਨ੍ਹਾਂ ਦੀ ਮਾਂ ਦਾ ਇੰਤਕਾਲ ਹੋਇਆ ਸੀ।
ਅਦਾਕਾਰ ਇਰਫ਼ਾਨ ਨੂੰ ਬੀਤੇ ਦਿਨ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੇ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਸੀ। ਇਸ ਦੌਰਾਨ ਵਰਸੋਵਾ ਦੇ ਕਬਰਸਤਾਨ ਵਿੱਚ ਉਸ ਨੂੰ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਿਲਮ ਜਗਤ ਦੀਆਂ ਹਸਤੀਆਂ ਨੇ ਇਸ ਮਕਬੂਲ ਅਦਾਕਾਰ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਦਾਕਾਰ ਇਰਫ਼ਾਨ ਆਪਣੇ ਪਿੱਛੇ ਪਰਿਵਾਰ ‘ਚ ਪਤਨੀ ਸਤਾਪਾ ਤੇ ਦੋ ਪੁੱਤਰ ਬਾਬਿਨ ਖਾਨ ਤੇ ਅਯਾਨ ਛੱਡ ਗਏ ਹਨ।
ਅਦਾਕਾਰ ਇਰਫ਼ਾਨ ਖਾਨ ਨੇ 1988 ਵਿੱਚ ‘ਸਲਾਮ ਬੰਬੇ’ ਤੋਂ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕੀਤਾ। ਉਨ੍ਹਾਂ ਨੇ ‘ਜੇ ਸਾਲੀ ਜ਼ਿੰਦਗੀ’, ‘ਲੰਚਬਾਕਸ’, ‘ਪੀਕੂ’, ‘ਪਾਨ ਸਿੰਘ ਤੋਮਰ’, ‘ਲਾਈਫ਼ ਇੰਨ ਮੈਟਰੋ’, ‘ਜਜ਼ਬਾ’, ‘ਸਲੱਮਡੌਗ ਮਿਲੀਨਿਅਰ’, ‘ਹਿੰਦੀ ਮੀਡੀਅਮ’, ‘ਅੰਗਰੇਜ਼ੀ ਮੀਡੀਅਮ’ ਵਰਗੀ ਫ਼ਿਲਮਾਂ ਵਿੱਚ ਐਕਟਿੰਗ ਦਾ ਲੋਹਾ ਮਨਵਾਇਆ। ਅਦਾਕਾਰ ਇਰਫ਼ਾਨ ਨੇ ਬਾਲੀਵੁੱਡ ਦੇ ਨਾਲ ਹਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਵੀ ਕੰਮ ਕੀਤਾ, ਜਿਨ੍ਹਾਂ ‘ਚ ‘ਲਾਈਫ਼ ਆਫ਼ ਪਾਈ (2012)’, ‘ਜ਼ੁਰਾਸਿਕ ਵਰਲਡ (2015)’ ਤੇ ਬ੍ਰਿਟਿਸ਼ ਸਿਨੇਮਾ ‘ਚ ਫਿਲਮ ‘ਇੰਫਰਨੋ (2016) ਆਦਿ ਸ਼ਾਮਿਲ ਹਨ। ਉਨ੍ਹਾਂ ਨੂੰ ‘ਪਦਮ ਸ਼੍ਰੀ’, ‘ਨੈਸ਼ਨਲ ਫਿਲਮ ਐਵਾਰਡ’, ‘ਏਸ਼ੀਅਨ ਫਿਲਮ ਐਵਾਰਡ’ ਅਤੇ ਚਾਰ ‘ਫਿਲਮ ਫੇਅਰ ਐਵਾਰਡ’ ਨਾਲ ਨਿਵਾਜਿਆ ਗਿਆ।