ਬਾਲੀਵੁੱਡ ਸੰਗੀਤਕਾਰ ਵਾਜਿਦ ਖਾਨ ਨਹੀਂ ਰਹੇ

ਮੁੰਬਈ, 2 ਜੂਨ – ਬਾਲੀਵੁੱਡ ਦੇ ਸੰਗੀਤਕਾਰ ਵਾਜਿਦ ਖਾਨ ਦਾ 1 ਜੂਨ ਨੂੰ ਦੇਹਾਂਤ ਹੋ ਗਿਆ ਹੈ ਤੇ ਉਨ੍ਹਾਂ ਨੂੰ ਬਾਅਦ ਦੁਪਹਿਰ ਵਰਸੋਵਾ ਦੇ ਕਬਰਸਤਾਨ ‘ਚ ਸਪੁਰਦੇ ਖ਼ਾਕ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਾਜਿਦ ਖਾਨ ਦੀ ਮੌਤ ਕੋਰੋਨਾਵਾਇਰਸ ਕਾਰਨ ਹੋਈ ਹੈ ਪਰ ਉਨ੍ਹਾਂ ਨੂੰ ਪਹਿਲਾਂ ਕਿਡਨੀ ਨਾਲ ਸਬੰਧਿਤ ਪ੍ਰੇਸ਼ਾਨੀਆਂ ਵੀ ਸਨ। ਉਹ 42 ਸਾਲਾਂ ਦੇ ਸੀ। ਵਾਜਿਦ ਦੇ ਭਰਾ ਸਾਜਿਦ ਖਾਨ ਨੇ ਉਨ੍ਹਾਂ ਦੇ ਕੋਵਿਡ-19 ਪੀੜਤ ਹੋਣ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ। ਸੂਤਰਾਂ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ 1 ਵਜੇ ਉਨ੍ਹਾਂ ਨੂੰ ਸਪੁਰਦੇ ਖ਼ਾਕ ਕਰ ਦਿੱਤਾ ਗਿਆ। ਕੋਰੋਨਾਵਾਇਰਸ ਤੇ ਲੌਕਡਾਉਨ ਕਾਰਨ ਇਸ ਮੌਕੇ ਸਿਰਫ਼ 20 ਵਿਅਕਤੀ ਹਾਜ਼ਰ ਰਹੇ। ਵਾਜਿਦ ਖਾਨ ਨੇ ਸਲਮਾਨ ਖਾਨ ਦੀ 1998 ‘ਚ ਆਈ ਫਿਲਮ ‘ਪਿਆਰ ਕਿਆ ਤੋਂ ਡਰਨਾ ਕਯਾ’ ਤੋਂ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਸੀ।