ਬਾਸਕੀਆ ਦੀ ਪੇਂਟਿੰਗ ਕਰੋੜਾਂ ਡਾਲਰਾਂ ‘ਚ ਨਿਲਾਮ ਹੋਈ

ਨਿਊਯਾਰਕ – ਅਮਰੀਕੀ ਕਲਾਕਾਰ ਜਾਂ ਮਾਈਕਲ ਬਾਸਕੀਆ ਵੱਲੋਂ ਖੋਪੜੀ ਦੀ 1982 ਵਿੱਚ ਬਣਾਈ ਪੇਂਟਿੰਗ ਅਮਰੀਕਾ ਵਿੱਚ ਨਿਲਾਮੀ ਦੌਰਾਨ 11.5 ਕਰੋੜ ਡਾਲਰ ਵਿੱਚ ਵਿਕੀ। ਨਿਲਾਮੀ ਦੌਰਾਨ ਹੁਣ ਤੱਕ ਵਿਕੀਆਂ ਸਭ ਤੋਂ ਵੱਧ ਕੀਮਤ ਵਾਲੀਆਂ ਕਲਾਕ੍ਰਿਤਾਂ ਵਿੱਚੋਂ ਇਹ ਛੇਵੇਂ ਨੰਬਰ ਉੱਤੇ ਆਈ। ਹੁਣ ਤੱਕ ਸਿਰਫ਼ 10 ਹੋਰ ਕਲਾਕ੍ਰਿਤਾਂ 10 ਕਰੋੜ ਡਾਲਰ ਦੇ ਅੰਕੜੇ ਉੱਤੇ ਪੁੱਜ ਸਕੀਆਂ ਹਨ। ਇਸ ਪੇਂਟਿੰਗ ਦੇ 6 ਕਰੋੜ ਡਾਲਰ ਵਿੱਚ ਨਿਲਾਮ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ।
ਬਾਸਕੀਆ ਬਾਰੇ ਮਾਹਰ ਜੈਫਰੀ ਡੇਟਿਚ ਨੇ ਕਿਹਾ ਕਿ ਉਹ ਹੁਣ ਫਰਾਂਸਿਸ ਬੈਕਨ ਅਤੇ ਪਾਬਲੋ ਪਿਕਾਸੋ ਵਰਗੇ ਕਲਾਕਾਰਾਂ ਦੀ ਲੜੀ ਵਿੱਚ ਸ਼ਾਮਲ ਹੋ ਗਿਆ ਹੈ। ਬਿਨਾਂ ਸਿਰਲੇਖ ਵਾਲੀ ਇਹ ਪੇਂਟਿੰਗ ਨਿਊਯਾਰਕ ਦੇ ਸਾਊਥਬੀ ਨਿਲਾਮੀ ਘਰ ਵੱਲੋਂ ਵੇਚੀ ਗਈ, ਜਿਸ ਨੂੰ ਜਾਪਾਨੀ ਅਰਬਪਤੀ ਯੁਸਾਕੂ ਮਾਇਜ਼ਾਵਾ ਨੇ ਖਰੀਦਿਆ, ਉਸ ਨੇ ਆਪਣੇ ਇੰਸਟਾਗ੍ਰਾਮ ਖਾਤੇ ਵਿੱਚ ਇਸ ਦੇ ਖ਼ਰੀਦਦਾਰ ਵਜੋਂ ਪੋਸਟ ਪਾਈ।