ਬ੍ਰਹਮਾ ਕੁਮਾਰੀਜ਼ ਭੈਣਾਂ ਨੇ ਰੱਖੜੀ ਦਾ ਤਿਉਹਾਰ ਮਨਾਇਆ

ਐਸ. ਏ. ਐਸ. ਨਗਰ, 2 ਅਗਸਤ (ਏਜੰਸੀ) – ਭੈਣਾਂ ਅਤੇ ਭਰਾਵਾਂ ਦੇ ਆਪਸੀ ਪਿਆਰ ਦੇ ਪ੍ਰਤੀਕ ਰੱਖੜੀ ਦੇ ਪਵਿੱਤਰ ਤਿਉਹਾਰ ਨੂੰ ਬ੍ਰਹਮਾਕੁਮਾਰੀਜ਼ ਸੁਖ ਸ਼ਾਂਤੀ ਭਵਨ ਮੋਹਾਲੀ ਵਲੋਂ ਬੜੇ ਹੀ ਸ਼ਰਧਾਂ ਨਾਲ ਮਨਾਇਆ ਗਿਆ। ਬ੍ਰਹਮਾਕੁਮਾਰੀਜ਼ ਭੈਣ ਨਮਰਤਾ ਅਤੇ ਹੋਰਨਾਂ ਬ੍ਰਹਮਾ ਕੁਮਾਰੀਆਂ ਵਲੋਂ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਵੱਖ-ਵੱਖ ਅਧਿਕਾਰੀਆਂ ਦੇ ਦਫ਼ਤਰਾਂ ਵਿੱਚ ਪੁੱਜ ਕੇ ਅਧਿਕਾਰੀਆਂ ਨੂੰ ਰੱਖੜੀਆਂ ਬੰਨ੍ਹੀਆਂ।
ਬ੍ਰਹਮਾਕੁਮਾਰੀ ਭੈਣ ਨਮਰਤਾ ਅਤੇ ਬ੍ਰਹਮਾਕੁਮਾਰੀ ਸੁਮਨ, ਮਨਪ੍ਰੀਤ ਨੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਰੱਖੜੀਆਂ ਬੰਨ੍ਹੀਆਂ । ਇਸ ਮੌਕੇ ਸੁੱਖ ਸ਼ਾਂਤੀ ਭਵਨ ਦੇ ਸ੍ਰੀ ਰਜਿੰਦਰ ਸ਼ਰਮਾ, ਸ੍ਰੀ ਰਜਿੰਦਰ ਨੇਗੀ ਵੀ ਉਨ੍ਹਾਂ ਦੇ ਨਾਲ ਸਨ। ਸਭ ਤੋਂ ਪਹਿਲਾਂ ਉਨ੍ਹਾਂ ਰੱਖੜੀ ਬੰਨਣ ਦੀ ਰਸਮ ਦੀ ਸ਼ੁਰੂਆਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਐਸ. ਡੀ. ਐਮ. ਦੇ ਦਫ਼ਤਰ ਵਿਖੇ ਪੁੱਜ ਕੇ ਐਸ. ਡੀ. ਐਮ. ਸ੍ਰੀ ਲਖਮੀਰ ਸਿੰਘ ਨੂੰ ਰੱਖੜੀ ਬੰਨ੍ਹਣ ਤੋਂ ਕੀਤੀ। ਭੈਣ ਨਮਰਤਾ ਨੇ ਕਿਹਾ ਕਿ ਰੱਖੜੀ ਦਾ ਤਿਉਹਾਰ ਸਾਰੇ ਤਿਉਹਾਰਾਂ ਵਿੱਚ ਅਨੌਖਾ ਤਿਉਹਾਰ ਮੰਨਿਆ ਜਾਂਦਾ ਹੈ ਜੋ ਕਿ ਭਾਰਤ ਦੀ ਸੰਸਕ੍ਰਿਤੀ ਅਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਉਜਾਗਰ ਕਰਨ ਵਾਲਾ ਹੈ। ਇਹ ਤਿਉਹਾਰ ਭੈਣਾਂ ਅਤੇ ਭਰਾਵਾਂ ਵਿਚਾਲੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜਬੂਤ ਕਰਦਾ ਹੈ।