ਬੰਗਾਰੂ ਲਕਸ਼ਮਣ ਨੂੰ 1 ਲੱਖ ਰੁਪਏ ਜ਼ੁਰਮਾਨਾ ਤੇ 4 ਸਾਲ ਦੀ ਸਖ਼ਤ ਕੈਦ

ਨਵੀਂ ਦਿੱਲੀ – ਦਵਾਰਕਾ ਕੋਰਟ ਵਿਖੇ 28 ਅਪ੍ਰੈਲ ਦਿਨ ਸ਼ਨੀਵਾਰ ਨੂੰ ਸੀ. ਬੀ. ਆਈ. ਦੀ ਅਦਾਲਤ ਵਿੱਚ ਵਧੀਕ ਸੈਸ਼ਨ ਜੱਜ ਕੰਵਲਜੀਤ ਸਿੰਘ ਅਰੋੜਾ ਨੇ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਪ੍ਰਧਾਨ ਬੰਗਾਰੂ ਲਕਸ਼ਮਣ ਨੂੰ ਕੋਈ ਰਾਹਤ ਦੇਣ ਤੋਂ ਇਨਕਾਰ ਕਰਦੇ ਹੋਏ 1 ਲੱਖ ਰੁਪਏ ਜੁਰਮਾਨਾ ਤੇ 4 ਸਾਲ ਸਖ਼ਤ ਕੈਦ ਦੀ ਸਜ਼ਾ ਸੁਣਾਈ। ਸਜ਼ਾ ਬਾਰੇ ਸੁਨਣ ਤੋਂ ਬਾਅਦ ਬੰਗਾਰੂ ਲਕਸ਼ਮਣ ਰੋਣ ਲੱਗ ਪਏ। ਜ਼ਿਕਰਯੋਗ ਹੈ ਕਿ 13 ਮਾਰਚ, 2001 ਨੂੰ ਤਹਿਲਕਾ ਵਲੋਂ ਇਕ ਸਟਿੰਗ ਅਪਰੇਸ਼ਨ ਦੌਰਾਨ ਫ਼ਰਜ਼ੀ ਰੱਖਿਆ ਫੌਜੀ ਡੀਲਰ ਤੋਂ ਬਤੌਰ ਰਿਸ਼ਵਤ 1 ਲੱਖ ਰੁਪਏ ਲੈਂਦਿਆਂ ਬੰਗਾਰੂ ਲਕਸ਼ਮਣ ਦੀ ਵੀਡੀਉ ਬਣਾਈ ਗਈ ਸੀ। ਜੱਜ ਨੇ ਅਪਣੇ ਫ਼ੈਸਲੇ ਵਿੱਚ ਕਿਹਾ, ‘ਮੇਰਾ ਮੰਨਣਾ ਹੈ ਕਿ ਜੇ ਦੋਸ਼ੀ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 9 ਤਹਿਤ 4 ਸਾਲ ਦੀ ਬਾਮੁਸ਼ੱਕਤ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਲਗਾਇਆ ਜਾਂਦਾ ਹੈ ਤਾਂ ਜੋ ਇਹ ਨਿਆਂ ਦੇ ਹਿਤ ਵਿੱਚ ਹੋਵੇਗਾ। ਅਜਿਹਾ ਅਕਸਰ ਕਿਹਾ ਜਾਂਦਾ ਹੈ ਕਿ ਸਾਡੀਆਂ ਅਪਣੀਆਂ ਕਮਜ਼ੋਰੀਆਂ ਹੀ ਭ੍ਰਿਸ਼ਟਾਚਾਰ ਦੀਆਂ ਜ਼ਿੰਮੇਵਾਰ ਹਨ। ‘ਸੱਭ ਚਲਦਾ ਹੈ’ ਵਾਲੀ ਮਾਨਸਿਕਤਾ ਕਾਰਨ ਅੱਜ ਹਾਲਾਤ ਇੱਥੋਂ ਤੱਕ ਪੁੱਜੇ ਹਨ ਕਿ ਬਗ਼ੈਰ ਲੈਣ-ਦੇਣ ਤੋਂ ਕੋਈ ਕੰਮ ਨਹੀਂ ਹੁੰਦਾ। ਸਹੀ ਸਮੇਂ ‘ਤੇ ਸਹੀ ਚੀਜ਼ਾਂ ਕਰਵਾਉਣ ਲਈ ਵੀ ਲੋਕਾਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ।’ ਅਪਣੇ 155 ਸਫ਼ਿਆਂ ਦੇ ਫ਼ੈਸਲੇ ਵਿੱਚ ਜੱਜ ਦਾ ਕਹਿਣਾ ਸੀ ਕਿ ‘ਸੱਭ ਚਲਦਾ ਹੈ’ ਵਾਲੀ ਮਾਨਸਿਕਤਾ ਛਡਣੀ ਹੋਵੇਗੀ ਅਤੇ ਅਦਾਲਤਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ। ‘ਅਪਰਾਧ ਕਦੇ ਫ਼ਾਇਦੇਮੰਦ ਨਹੀਂ ਹੁੰਦਾ’ ਵਾਲੀ ਸਿਆਣੀ ਸੋਚ ਅਜੋਕੇ ਮਾਹੌਲ ਵਿੱਚ ਝੂਠੀ ਸਾਬਤ ਹੋ ਰਹੀ ਹੈ। ਇਸ ਤੋਂ ਪਹਿਲਾਂ ਬੰਗਾਰੂ ਲਕਸ਼ਮਣ ਦੀ ਸਜ਼ਾ ਬਾਰੇ ਬਹਿਸ ਤੋਂ ਬਾਅਦ ਜੱਜ ਨੇ ਦੁਪਹਿਰ 2.30 ਵਜੇ ਤੱਕ ਅਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਭਾਜਪਾ ਦੇ ਸਾਬਕਾ ਪ੍ਰਧਾਨ ਨੇ ਖ਼ਰਾਬ ਸਿਹਤ ਦੇ ਆਧਾਰ ‘ਤੇ ਸਜ਼ਾ ਵਿੱਚ ਨਰਮੀ ਦੀ ਮੰਗ ਕੀਤੀ ਜਦੋਂ ਕਿ ਸੀ. ਬੀ. ਆਈ. ਨੇ 5 ਸਾਲ ਦੀ ਸਜ਼ਾ ਸੁਣਾਏ ਜਾਣ ਦੀ ਦਲੀਲ ਦਿੱਤੀ ਸੀ। ਸਜ਼ਾ ਸੁਣਾਏ ਜਾਣ ਪਿੱਛੋਂ ਭਾਜਪਾ ਦੇ ਸਾਬਕਾ ਪ੍ਰਧਾਨ ਬੰਗਾਰੂ ਲਕਸ਼ਮਣ ਨੂੰ ਸਥਾਨਕ ਤਿਹਾੜ ਦੀ 4 ਨੰਬਰ ਜੇਲ੍ਹ ਦੇ ਵਾਰਡ ਨੰਬਰ 15 ਵਿੱਚ ਰਖਿਆ ਗਿਆ।