ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਜਾਰੀ

hqdefaultਅੰਬਾਲਾ – ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਅਤੇ ਸਜ਼ਾ ਭੁਗਤ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਭੁੱਖ ਹੜਤਾਲ ਉੱਤੇ ਬੈਠੇ ਭਾਈ ਗੁਰਬਖ਼ਸ਼ ਸਿੰਘ ਖਾਲਸਾ ਜੀ ਦੀ ਭੁੱਖ ਹੜਤਾਲ ਜਾਰੀ ਹੈ। ਭਾਈ ਖਾਲਸਾ ਜੀ 14 ਨਵੰਬਰ ਤੋਂ ਜ਼ਿਲ੍ਹਾ ਅੰਬਾਲਾ ਦੇ ਗੁਰਦੁਆਰਾ ਲਖਨੌਰ ਸਾਹਿਬ ਪਾਤਸ਼ਾਹੀ 10ਵੀਂ ਵਿਖੇ ਭੁੱਖ ਹੜਤਾਲ ਉੱਤੇ ਬੈਠੇ ਹੋਏ ਹਨ। ਗੁਰਦੁਆਰੇ ਸਾਹਿਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਦੀ ਭੁੱਖ ਹੜਤਾਲ ਜਾਰੀ ਹੈ ਅਤੇ ਉਹ ਕੇਵਲ ਪਾਣੀ ਪੀਂਦੇ ਹਨ ਜਾਂ ਗੁਰਦੁਆਰੇ ਵੱਲੋਂ ਸਵੇਰੇ ਦੇਗ ਦਾ ਕਿਣਕਾ ਲੈਂਦੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ 14 ਨਵੰਬਰ ਤੋਂ 21 ਦਸੰਬਰ ਤੱਕ 44 ਦਿਨਾਂ ਤੱਕ ਭੁੱਖ ਹੜਤਾਲ ਕੀਤੀ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਭਰੋਸਾ ਦਿਵਾਏ ਜਾਣ ‘ਤੇ ਕਿ ਪੈਰਵੀ ਕਰਕੇ ਬੰਦੀਆਂ ਦੀ ਰਿਹਾਈ ਕਰਵਾਈ ਜਾਵੇਗੀ, ਤਾਂ ਉਨ੍ਹਾਂ ਨੇ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਸੀ ਪ੍ਰੰਤੂ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ ਜਿਸ ਕਰਕੇ ਉਨ੍ਹਾਂ ਨੇ ਦੁਬਾਰਾ ਭੁੱਖ ਹੜਤਾਲ ਸ਼ੁਰੂ ਕੀਤੀ ਹੈ।
ਭਾਈ ਖਾਲਸਾ ਨੇ ਹਰਿਆਣਾ ਵਿੱਚ ਭੁੱਖ ਹੜਤਾਲ ਸ਼ੁਰੂ ਕਰਨ ਬਾਰੇ ਕਿਹਾ ਕਿ ਪੰਜਾਬ ਵਿੱਚ ਕਿਸੇ……. ਵੀ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਜਾਂ ਸੰਤ ਸਮਾਜ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਉਨ੍ਹਾਂ ਨੇ ਭੁੱਖ ਹੜਤਾਲ ‘ਤੇ ਜਾਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਪੱਤਰ ਵੀ ਲਿਖਿਆ ਸੀ ਪ੍ਰੰਤੂ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਨੂੰ ਭੁੱਖ ਹੜਤਾਲ ਕਰਨ ਲਈ ਪੰਜਾਬ ਵਿੱਚ ਕੋਈ ਗੁਰਦੁਆਰਾ ਨਹੀਂ ਮਿਲਿਆ।
ਭਾਈ ਖਾਲਸਾ ਜੀ ਦਾ ਕਹਿਣਾ ਹੈ ਕਿ ਉਹ 19 ਅਕਤੂਬਰ ਨੂੰ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਮਿਲੇ ਸਨ ਅਤੇ ਉਨ੍ਹਾਂ ਨੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਅਤੇ ਸਜ਼ਾ ਭੁਗਤ ਚੁੱਕੇ 101 ਸਿੱਖ ਕੈਦੀਆਂ ਦੀ ਸੂਚੀ ਸੌਂਪੀ ਸੀ। ਉਨ੍ਹਾਂ ਨੇ ਦੱਸਿਆ ਕਿ ਸੂਚੀ ਵਿੱਚ ੭ ਅਜਿਹੇ ਸਿੱਖ ਕੈਦੀ ਹਨ, ਜੋ ਪਿਛਲੇ 20 ਤੋਂ 26 ਸਾਲਾਂ ਤੋਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ, ਇਨ੍ਹਾਂ ਵਿੱਚ ਕਈ ਤਾਂ ਸੁਣਾਈ ਗਈ ਸਜ਼ਾ ਤੋਂ ਵੀ 6-7 ਸਾਲ ਵੱਧ ਸਜ਼ਾ ਭੁਗਤ ਚੁੱਕੇ ਹਨ ਅਤੇ ਹੁਣ ਤੱਕ ਰਿਹਾਅ ਨਹੀਂ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਭਾਈ ਵਰਿਆਮ ਸਿੰਘ ਬਰੇਲੀ (ਮੱਧ ਪ੍ਰਦੇਸ਼), ਭਾਈ ਗੁਰਦੀਪ ਸਿੰਘ ਖੈਰਾ (ਕਰਨਾਟਕ), ਭਾਈ ਲਾਲ ਸਿੰਘ ਨਾਭਾ ਜੇਲ੍ਹ (ਪੰਜਾਬ), ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ ਅਤੇ ਭਾਈ ਗੁਰਮੀਤ ਸਿੰਘ (ਬੁੜੈਲ ਜੇਲ੍ਹ) ਅਤੇ ਭਾਈ ਦਵਿੰਦਰ ਸਿੰਘ ਭੁੱਲਰ ਤਿਹਾੜ ਜੇਲ੍ਹ ਵਿੱਚ ਬੰਦ ਹਨ ਅਤੇ ਸੁਣਾਈ ਗਈ ਸਜ਼ਾ ਤੋਂ ਵੀ ਵੱਧ ਸਜ਼ਾ ਭੁਗਤ ਚੁੱਕੇ ਹਨ। ਭਾਈ ਗੁਰਬਖ਼ਸ਼ ਸਿੰਘ ਨੇ ਦੱਸਿਆ ਕਿ ਸਿੰਘ ਸਾਹਿਬ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਛੇਤੀ ਹੀ ਕੋਈ ਨਿਪਟਾਰਾ ਕਰਨਗੇ। ਕਰੀਬ ਇਕ ਮਹੀਨਾ ਲੰਘਣ ਤੋਂ ਬਾਅਦ ਵੀ ਜਦੋਂ ਉਨ੍ਹਾਂ ਨੂੰ ਸਿੰਘ ਸਾਹਿਬ ਵੱਲੋਂ ਕੋਈ ਸੰਤੋਸ਼ਜਨਕ ਕਾਰਵਾਈ ਹੁੰਦੀ ਵਿਖਾਈ ਨਹੀਂ ਦਿੱਤੀ, ਤਾਂ ਮਜਬੂਰ ਹੋ ਕੇ ਉਨ੍ਹਾਂ ਨੇ 14 ਨਵੰਬਰ ਨੂੰ ਫਿਰ ਤੋਂ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਅਰਦਾਸ ਕਰਕੇ ਇਸ ਭੁੱਖ ਹੜਤਾਲ ‘ਤੇ ਬੈਠੇ ਹਨ ਅਤੇ ਜਦੋਂ ਤੱਕ ਇਨ੍ਹਾਂ 7 ਬੰਦੀ ਸਿੱਖਾਂ ਦੀ ਪੱਕੀ ਰਿਹਾਈ ਨਹੀਂ ਹੋ ਜਾਂਦੀ, ਉਹ ਸੰਘਰਸ਼ ਕਰਦੇ ਰਹਿਣਗੇ।