ਭਾਈ ਜੈਤਾ ਜੀ ਦੇ ਨਾਂ ਤੇ ਰੱਖਿਆ ਲੰਗਰ ਹਾਲ ਦਾ ਨਾਂ

PHOTO LANGAR HALL, 2PHOTO LANGAR HALLਨਵੀਂ ਦਿੱਲੀ, 7 ਮਾਰਚ – ਸ਼ਹੀਦ ਭਾਈ ਜੀਵਨ ਸਿੰਘ (ਭਾਈ ਜੈਤਾ ਜੀ-ਰੰਘਰੇਟਾ ਗੁਰੂ ਕਾ ਬੇਟਾ) ਦੇ ਨਾਂ ‘ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸ਼ਹੀਦੀ ਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਲੰਗਰ ਹਾਲ ਦਾ ਨਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਰੱਖਿਆ ਗਿਆ। ਨਾਂ ਰੱਖਣ ਦੇ ਹੋਏ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਜਗਤਾਰ ਸਿੰਘ, ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ, ਪੰਜਾਬ ਦੇ ਕੈਬਿਨਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਭਾਈ ਭੁਪਿੰਦਰ ਸਿੰਘ ਸਣੇ ਦਿੱਲੀ ਕਮੇਟੀ ਮੈਂਬਰਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਭਾਈ ਧਰਮ ਸਿੰਘ ਵੱਲੋਂ ਨਾਂ ਰੱਖਣ ਸੰਬੰਧੀ ਅਕਾਲ ਪੁਰਖ…. ਦੇ ਚਰਣਾ ‘ਚ ਕੀਤੀ ਗਈ ਅਰਦਾਸ ਦੌਰਾਨ ਹਾਜ਼ਰੀ ਭਰੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਭਾਈ ਜੈਤਾ ਜੀ ਦੀ ਯਾਦਗਾਰ ਚਾਂਦਨੀ ਚੌਂਕ ਵਿਖੇ ਰੱਖਣ ਦੇ ਰਣੀਕੇ ਨੂੰ ਦਿੱਤੇ ਗਏ ਭਰੋਸੇ ਅਤੇ ਦਿੱਲੀ ਕਮੇਟੀ ਦੇ ਅੰਤ੍ਰਿੰਗ ਬੋਰਡ ਵੱਲੋਂ ਲੰਗਰ ਹਾਲ ਦਾ ਨਾਂ ਰੱਖਣ ਦੀ ਦਿੱਤੀ ਗਈ ਪ੍ਰਵਾਨਗੀ ਤੋਂ ਬਾਅਦ ਅੱਜ ਇਹ ਵਿਸ਼ੇਸ਼ ਸਮਾਗਮ ਹੋਇਆ।
ਗਿਆਨੀ ਗੁਰਬਚਨ ਸਿੰਘ ਨੇ ਇਸ ਮੌਕੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਜਾਤ ਬਿਰਾਦਰੀ ਤੋਂ ਬਾਹਰ ਨਿਕਲ ਕੇ ਪੰਥ ਨੂੰ ਇਕ ਨਿਸ਼ਾਨ ਥੱਲੇ ਖੜੇ ਹੋਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਨੇ ਕਿਸੇ ਜਾਤ ਬਿਰਾਦਰੀ ਦੇ ਨਾਂ ਤੇ ਗੁਰਦੁਆਰਿਆਂ ਦੇ ਨਾਂ ਨਾ ਰੱਖਣ ਦੇ ਆਦੇਸ਼ ਦਿੰਦੇ ਹੋਏ ਖ਼ਾਲਸਾ ਵਜੋਂ ਹੀ ਆਪਣੀ ਪਛਾਣ ਸੰਗਤਾਂ ਨੂੰ ਸੰਭਾਲਣ ਦੀ ਗੱਲ ਵੀ ਕਹੀ। ਦਿੱਲੀ ਕਮੇਟੀ ਵੱਲੋਂ ਲੰਗਰ ਹਾਲ ਦਾ ਨਾਂ ਸ਼ਹੀਦ ਭਾਈ ਜੀਵਨ ਸਿੰਘ ਰੱਖਣ ਦੀ ਵੀ ਉਨ੍ਹਾਂ ਸ਼ਲਾਘਾ ਕੀਤੀ। ਗਿਆਨੀ ਇਕਬਾਲ ਸਿੰਘ ਨੇ ਸੰਗਤਾਂ ਨੂੰ ਭਾਈ ਜੀਵਨ ਸਿੰਘ ਦੇ ਪਰਉਪਕਾਰੀ ਜੀਵਨ ਅਤੇ ਪੰਥਕ ਸੇਵਾਵਾਂ ਨੂੰ ਵੀ ਸੰਗਤਾਂ ਦੇ ਸਾਹਮਣੇ ਰੱਖਿਆ।
ਸਿੱਖ ਕੌਮ ਨੂੰ ਵਿਰਸੇ ‘ਚ ਸ਼ਹੀਦੀਆਂ ਮਿਲਣ ਦਾ ਦਾਅਵਾ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਹੜੀਆਂ ਕੌਮਾਂ ਇਤਿਹਾਸ ਨੂੰ ਯਾਦ ਰੱਖਦੀਆਂ ਹਨ ਉਹੀ ਕੌਮਾਂ ਜਿਉਂਦੀਆਂ ਰਹਿੰਦੀਆਂ ਹਨ। ਜ਼ੁਲਮ ਕਰਨ ਅਤੇ ਸਹਿਣ ਨੂੰ ਪਾਪ ਦੱਸਦੇ ਹੋਏ ਬਾਦਲ ਨੇ ਗੁਰੁ ਸਾਹਿਬਾਨਾਂ ਵੱਲੋਂ ਦਿੱਤੀਆਂ ਗਈਆਂ ਸ਼ਹਾਦਤਾਂ ਨੂੰ ਵੀ ਯਾਦ ਕੀਤਾ।ਘੱਟ ਗਿਣਤੀ ਹੋਣ ਦੇ ਬਾਵਜੂਦ ਦੇਸ਼ ਵਿਦੇਸ਼ ‘ਚ ਵੱਸਦੇ ਸਿੱਖਾਂ ਵੱਲੋਂ ਮਿਹਨਤ ਕਰਕੇ ਕੌਮ ਦਾ ਨਾਂ ਉੱਚਾ ਕਰਨ ਵਾਸਤੇ ਕੀਤੇ ਜਾ ਰਹੇ ਕਾਰਜਾਂ ਦੀ ਵੀ ਬਾਦਲ ਨੇ ਸ਼ਲਾਘਾ ਕੀਤੀ। ਪੰਜਾਬ ਸਰਕਾਰ ਵੱਲੋਂ ਸਿੱਖ ਕੌਮ ਨਾਲ ਸਬੰਧਿਤ ਪੰਜਾਬ ‘ਚ ਸਥਾਪਿਤ ਕੀਤੀਆਂ ਗਈਆਂ ਯਾਦਗਾਰਾਂ ਦੇ ਆਪਣੇ ਬੱਚਿਆਂ ਨੂੰ ਦਰਸ਼ਨ ਕਰਵਾਉਣ ਦੀ ਵੀ ਬਾਦਲ ਨੇ ਅਪੀਲ ਕੀਤੀ। ਸਮੂਹ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਤਲੇ ਇਕ ਜੁੱਟ ਹੋਣ ਦਾ ਸੰਦੇਸ਼ ਦਿੰਦੇ ਹੋਏ ਬਾਦਲ ਨੇ ਭਾਈ ਜੈਤਾ ਜੀ ਯਾਦਗਾਰ ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਾਇਮ ਕਰਨ ਦਾ ਵੀ ਐਲਾਨ ਕੀਤਾ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰੁ ਸਾਹਿਬਾਨਾਂ ਵੱਲੋਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਦਿੱਤੀਆਂ ਗਈਆਂ ਸ਼ਹੀਦੀਆਂ ਨੂੰ ਯਾਦ ਕਰਦੇ ਹੋਏ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਨੂੰ ਕੈਦ ਰੱਖਣ ਵਾਲੀ ਕੋਤਵਾਲੀ ਦੀ ਥਾਂ ਤੇ ਉਕਤ ਲੰਗਰ ਹਾਲ ਬਨਾਉਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਦੀ ਸੰਗਤਾਂ ਵੱਲੋਂ 1980 ਦੇ ਦਹਾਕੇ ਦੌਰਾਨ ਸਰਕਾਰ ਖ਼ਿਲਾਫ਼ ਲਗਾਏ ਗਏ ਮੋਰਚੇ ਦਾ ਵੀ ਹਵਾਲਾ ਦਿੱਤਾ। ਪੰਜਾਬ ਸਰਕਾਰ ਵੱਲੋਂ ਸਿੱਖ ਇਤਿਹਾਸ ਨੂੰ ਸੰਭਾਲਣ ਵਾਸਤੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਜੀ.ਕੇ. ਨੇ 2016 ਵਿਖੇ ਕੁਤਬ ਮੀਨਾਰ ਨੇੜੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਕਾਇਮ ਕਰਨ ਵਾਸਤੇ ਬਾਦਲ ਵੱਲੋਂ ਲੋੜੀਂਦਾ ਸਹਿਯੋਗ ਦੇਣ ਦੇ ਦਿੱਤੇ ਗਏ ਭਰੋਸੇ ਦੀ ਵੀ ਸੰਗਤਾਂ ਨੂੰ ਜਾਣਕਾਰੀ ਦਿੱਤੀ। ਬਾਬਾ ਬਘੇਲ ਸਿੰਘ ਵੱਲੋਂ ਕੀਤੀ ਦਿੱਲੀ ਫਤਿਹ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਦਾਅਵਾ ਕੀਤਾ ਕਿ ਅਗਰ ਲਾਲ ਕਿੱਲੇ ਤੇ ਸਿੱਖ ਜਰਨੈਲਾਂ ਦੇ 1783 ‘ਚ ਕੇਸਰੀਆ ਨਿਸ਼ਾਨ ਨਾ ਝੁਲਾਇਆ ਹੁੰਦਾ ਤਾਂ ਅੱਜ ਮੁਲਕ ਦੇ ਪ੍ਰਧਾਨ ਮੰਤਰੀ ਉੱਥੇ ਤਿਰੰਗਾ ਨਾ ਲਹਿਰਾ ਪਾਉਂਦੇ।
ਸਮਾਗਮ ਦੌਰਾਨ ਅਟਵਾਲ ਅਤੇ ਰਣੀਕੇ ਵੱਲੋਂ ਦਿੱਲੀ ਕਮੇਟੀ ਦਾ ਧੰਨਵਾਦ ਕਰਦੇ ਹੋਏ ਅੱਜ ਦੇ ਦਿਹਾੜੇ ਨੂੰ ਖ਼ੁਸ਼ੀ ਦਾ ਦਿਹਾੜਾ ਵੀ ਦੱਸਿਆ ਗਿਆ। ਅਟਵਾਲ ਨੇ ਬਾਦਲ ਨੂੰ ਆਰਥਿਕ ਅਤੇ ਸਿਆਸੀ ਅਮੀਰੀ ਨੂੰ ਦਰਕਿਨਾਰ ਕਰਕੇ ਅਮੀਰ, ਗਰੀਬ ਅਤੇ ਪਛੜੀਆਂ ਕੌਮਾਂ ਦੇ ਬੱਚਿਆਂ ਨੂੰ ਇਕੋ ਵਰਗੀ ਸਿੱਖਿਆ ਉਪਲਬਧ ਕਰਾਉਣ ਦੀ ਤਾਕੀਦ ਕਰਦੇ ਹੋਏ ਕੌਮ ਦੀ ਭਲਾਈ ਦੇ ਇਸ ਕਾਰਜ ਨਾਲ ਇਤਿਹਾਸ ‘ਚ ਉਨ੍ਹਾਂ ਦਾ ਨਾਂ ਸੁਨਹਿਰੀ ਅੱਖਰਾਂ ‘ਚ ਲਿਖਣ ਦਾ ਦਾਅਵਾ ਕੀਤਾ। ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਦਿੱਲੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਮੌਂਟੀ, ਬੀਬੀ ਧੀਰਜ ਕੋਰ, ਚਮਨ ਸਿੰਘ, ਰਵੈਲ ਸਿੰਘ, ਮਨਮੋਹਨ ਸਿੰਘ, ਦਰਸ਼ਨ ਸਿੰਘ, ਕੁਲਵੰਤ ਸਿੰਘ ਬਾਠ, ਜਤਿੰਦਰਪਾਲ ਸਿੰਘ ਗੋਲਡੀ, ਰਵਿੰਦਰ ਸਿੰਘ ਲਵਲੀ, ਅਮਰਜੀਤ ਸਿੰਘ ਪਿੰਕੀ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਅਨੰਦ ਇਸ ਮੌਕੇ ਮੌਜੂਦ ਸਨ। ਕਮੇਟੀ ਦੇ ਸੀਨੀਅਰ ਮੈਂਬਰ ਕੁਲਮੋਹਨ ਸਿੰਘ ਵੱਲੋਂ ਸਟੇਜ ਸਕੱਤਰ ਦੀ ਸੇਵਾ ਨਿਭਾਈ ਗਈ।