ਭਾਈ ਦਲਜੀਤ ਸਿੰਘ ਨਿਓਡਾ ਦੇ ਪਿਤਾ ਅਕਾਲ ਚਲਾਣਾ ਕਰ ਗਏ

ਧੀ ਨੇ ਆਪਣੇ ਬਾਪ ਦੀ ਚਿਖਾ ਨੂੰ ਅਗਨੀ ਦਿਖਾਈ
ਬਠਿੰਡਾ, 11 ਅਕਤੂਬਰ (ਕਿਰਪਾਲ ਸਿੰਘ) – ਇੱਕ ਜਾਗਰੂਕ ਤੇ ਗੁਰੂ ਪੰਥ ਨੂੰ ਸਮਰਪਤ ਵੀਰ ਭਾਈ ਦਲਜੀਤ ਸਿੰਘ ਨਿਓਡਾ ਦੇ  ਸਤਿਕਾਰਯੋਗ ਪਿਤਾ ਸ. ਜਗਤਾਰ ਸਿੰਘ 9 ਅਕਤੂਬਰ ਮੰਗਲਵਾਰ ਨੂੰ ਅਕਾਲ ਚਲਾਣਾ ਕਰ ਗਏ ਸਨ। ਉਹ ਪਿਛਲੇ ਅਪ੍ਰੈਲ ਮਹੀਨੇ ਤੋਂ ਬੋਨ ਕੈਂਸਰ ਤੋਂ ਪੀੜਤ ਸਨ ਤੇ ਤਕਰੀਬਨ 6 ਮਹੀਨੇ ਦੇ ਹਰ ਸੰਭਵ ਇਲਾਜ ਦੇ ਬਾਵਯੂਦ 70 ਸਾਲ ਦੀ ਉਮਰ ਭੋਗ ਕੇ ਇਸ ਫ਼ਾਨ੍ਹੀ ਸੰਸਾਰ ਨੂੰ ਅਲਵਿਦਾ ਕਹਿ…… ਗਏ। ਉਹ ਆਪਣੇ ਪਿੱਛੇ ਦੋ ਪੁੱਤਰ ਸ. ਗੁਰਦੀਪ ਸਿੰਘ ਲੁਧਿਆਣਾ, ਸ. ਦਲਜੀਤ ਸਿੰਘ ਨਿਓਡਾ, ਇੱਕ ਪੁਤਰੀ ਬੀਬੀ ਸਰਬਜੀਤ ਕੌਰ ਅਤੇ ਪਤਨੀ ਸਰਦਾਰਨੀ ਮਹਿੰਦਰ ਕੌਰ ਛੱਡ ਗਏ ਹਨ। ਉਨ੍ਹਾਂ ਦਾ ਅੰਤਮ ਸੰਸਕਾਰ 10 ਅਕਤੂਬਰ ਨੂੰ ਜਮਾਲਪੁਰ (ਲੁਧਿਆਣਾ) ਦੇ ਸ਼ਮਸ਼ਾਨਘਾਟ ਵਿੱਚ ਹੋਇਆ, ਤਾਂ ਗਿਆਨੀ ਜਗਤਾਰ ਸਿੰਘ ਜਾਚਕ ਦੀ ਪ੍ਰੇਰਨਾ ਨਾਲ ਬ੍ਰਾਹਮਣੀ ਮੱਤ ਦੀਆਂ ਮਨਮਤੀ ਧਾਰਨਾਵਾਂ ਨੂੰ ਤੋੜਦੇ ਹੋਏ ਉਨ੍ਹਾਂ ਦੀ ਬੇਟੀ ਸਰਬਜੀਤ ਕੌਰ ਨੇ ਵੀ ਆਪਣੇ ਭਰਾ ਸ. ਦਲਜੀਤ ਸਿੰਘ ਨਿਓਡਾ ਤੇ ਗੁਰਦੀਪ ਸਿੰਘ ਨਾਲ ਮਿਲ ਕੇ ਆਪਣੇ ਪਿਤਾ ਜੀ ਦੀ ਚਿੱਖਾ ਨੂੰ ਅਗਨੀ ਦਿਖਾਈ। ਅਜਿਹਾ ਕਰਕੇ ਉਨ੍ਹਾਂ ਨੇ ਸਿੱਧ ਕੀਤਾ ਕਿ ਲੜਕੀਆਂ ਨੂੰ ਵੀ ਆਪਣੇ ਬਾਪ ਦੀਆਂ ਅੰਤਮ ਰਸਮਾਂ ਕਰਨ ਦਾ ਪੂਰਾ ਪੂਰਾ ਹੱਕ ਹੈ। ਕਿਉਂਕਿ, ਬ੍ਰਾਹਮਣੀ ਮੱਤ ਲੜਕੀਆਂ ਨੂੰ ਇਹ ਹੱਕ ਨਹੀਂ ਦਿੰਦਾ।
ਸ. ਦਲਜੀਤ ਸਿੰਘ ਦੇ ਨਜ਼ਦੀਕੀ ਦੋਸਤ ਗਿਆਨੀ ਜਗਤਾਰ ਸਿੰਘ ਜਾਚਕ ਜੀ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਸਵਰਗੀ ਸ. ਜਗਤਾਰ ਸਿੰਘ ਦੀ ਪਿਆਰੀ ਯਾਦ ਨੂੰ ਸਮਰਪਤ ‘ਗੁਰਮਤਿ ਸਮਾਗਮ’ ਗੁਰਦੁਆਰਾ ਸਾਹਿਬ ਸੈਕਟਰ 32-ਏ, ਚੰਡੀਗੜ ਰੋਡ ਲੁਧਿਆਣਾ (ਨੇੜੇ ਬੀ.ਸੀ.ਐਮ ਸਕੂਲ) ਵਿਖੇ 14 ਅਕਤੂਬਰ ਐਤਵਾਰ ਦੁਪਹਿਰੇ 11 ਤੋਂ 01 ਵਜੇ ਤੱਕ ਕੀਤਾ ਜਾਵੇਗਾ। ਗਿਆਨੀ ਜਾਚਕ ਜੀ ਨੇ ਸੰਭਾਵਨਾ ਪ੍ਰਗਟਾਈ ਕਿ ਇਸ ਸਮਾਗਮ ਦੌਰਾਣ ਇਲਾਹੀ ਬਾਣੀ ਦੇ ਕੀਰਤਨ ਉਪਰੰਤ ਵਿਦਵਾਨ ਸੱਜਣ ਗੁਰਮਤਿ ਵੀਚਾਰਾਂ ਦੁਆਰਾ ਅੰਤਮ ਸੰਸਕਾਰ ਤੇ ਮਿਰਤਕ ਪ੍ਰਾਣੀ ਨਾਲ ਜੁੜੇ ਹੋਏ ਉਪਰੋਕਤ ਸਿਸਟਮ ਦੇ ਬ੍ਰਾਹਮਣੀ ਭਰਮ ਕਰਮਾਂ ਬਾਰੇ ਸਿੱਖ ਭਾਈਚਾਰੇ ਨੂੰ ਜਾਗਰੂਕ ਕਰਨਗੇ। ਗਿਆਨੀ ਜਗਤਾਰ ਸਿੰਘ ਜਾਚਕ ਜੀ ਅਤੇ ਸ. ਨਿਓਡਾ ਜੀ ਦੇ ਪ੍ਰਵਾਰ ਵਲੋਂ ਸਮੂਹ ਪੰਥ ਦਰਦੀ ਵੀਰਾਂ ਭੈਣਾਂ, ਸਾਕ ਸਬੰਧੀਆਂ ਤੇ ਸੱਜਣਾਂ ਨੂੰ ਅਦਬ ਸਹਿਤ ਬੇਨਤੀ ਕੀਤੀ ਹੈ ਕਿ ਗੁਰਮਤਿ ਸਮਾਗਮ ਦੇ ਲਾਹੇ ਲੈਣ ਲਈ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਜਾਵੇ ਜੀ। ਪ੍ਰਵਾਰ ਸਮੂਹ ਸੱਜਣਾਂ ਦਾ ਧੰਨਵਾਦੀ ਹੋਏਗਾ।