ਭਾਗਵਤ ਫ਼ਿਰਕੂ ਟਿੱਪਣੀਆਂ ਕਰਨ ਦੀ ਬਜਾਏ ਦੇਸ ਦੇ ਵਿਕਾਸ ਲਈ ਯਤਨ ਕਰੇ – ਸਰਨਾ

Dharna Pradarshan ਸਿੱਖ ਹਿੰਦੂ ਨਹੀਂ ਵੱਖਰੀ ਕੌਮ – ਹਰਵਿੰਦਰ ਸਿੰਘ ਸਰਨਾ
ਨਵੀਂ ਦਿੱਲੀ, 6 ਸਤੰਬਰ – ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਦਿੱਲੀ ਸਥਿਤ ਆਰ. ਐੱਸ. ਐੱਸ ਦੇ ਦਫ਼ਤਰ ਦੇ ਬਾਹਰ ਪੰਥਕ ਜੈਕਾਰਿਆਂ ਦੀ ਗੂੰਜ ਵਿੱਚ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਜੋਸ਼ ਵਿੱਚ ਆਏ ਵਰਕਰਾਂ ਨੇ ਪੁਲੀਸ ਬੈਰੀਅਰ ਨੂੰ ਤੋੜ ਕੇ ਜਦੋਂ ਅੱਗੇ ਵਧੇ ਤਾਂ ਪੁਲੀਸ ਨੇ ਤਰਸੇਮ ਸਿੰਘ ਖਾਲਸਾ ਤੇ ਭਜਨ ਵਾਲੀਆ ਸਿੰਘ ਸਮੇਤ ਕਈ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਨੂੰ ਦੇਰ ਸਮਾਂ ਛੱਡ ਦਿੱਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਰਾਸ਼ਟਰੀ ਸੋਇਮ ਸੇਵਕ ਦੇ ਮੁਖੀ ਸ੍ਰੀ ਮੋਹਨ ਭਾਗਵਤ ਵੱਲੋਂ ਸਿੱਖਾਂ ਨੂੰ ਹਿੰਦੂ ਕਹਿਣ ਦੇ ਰੋਸ ਵੱਜੋ ਦਿੱਲੀ ਸਥਿਤ ਆਰ. ਐੱਸ. ਐੱਸ ਦੇ ਦਫ਼ਤਰ ਝੰਡੇ ਵਾਲਾ ਚੌਕ ਵਿਖੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਉਹ ਭਾਗਵਤ ਨੂੰ ਘੱਟ…. ਗਿਣਤੀਆਂ ਸਬੰਧੀ ਅਧਾਰ ਹੀਣ ਟਿੱਪਣੀਆਂ ਕਰਨ ਤੋਂ ਰੋਕੇ ਤਾਂ ਕਿ ਦੇਸ ਦੇ ਮਾਹੌਲ ਨੂੰ ਤਣਾਅਪੂਰਨ ਹੋਣ ਤੋਂ ਰੋਕਿਆ ਜਾਵੇ।
ਸ. ਪਰਮਜੀਤ ਸਿੰਘ ਸਰਨਾ ਨੇ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਿੱਖ ਇੱਕ ਵੱਖਰੀ ਤੇ ਅੱਡਰੀ ਕੌਮ ਹੈ ਜਿਸ ਦੇ ਆਪਣੇ ਵੱਖਰੇ ਅਕੀਦੇ ਤੇ ਰੀਤੀ ਰਿਵਾਜ ਹਨ। ਉਨ੍ਹਾਂ ਕਿਹਾ ਕਿ ਸਭਿਆਚਾਰਕ, ਸਮਾਜਿਕ ਤੇ ਰਾਜਸੀ ਅਤੇ ਧਾਰਮਿਕ ਤੌਰ ‘ਤੇ ਵੀ ਦੋਹਾਂ ਕੌਮਾਂ ਦੇ ਵੱਖ ਵੱਖ ਰੀਤੀ ਰਿਵਾਜ ਤੇ ਸੰਕਲਪ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਹਿ ਕੇ ਸਿੱਖ ਗੁਰੂਆਂ ਦੁਆਰਾ ਸਿਰਜੇ ਗਏ ਸਿੱਖ ਧਰਮ ਦੀ ਤੌਹੀਨ ਕਰਨਾ ਹੈ। ਉਨ੍ਹਾਂ ਕਿਹਾ ਕਿ ਇੱਕ ਸਿੱਖ ਆਪਣੀ ਤੌਹੀਨ ਤਾਂ ਭਾਵੇ ਬਰਦਾਸ਼ਤ ਕਰ ਲਵੇ ਪਰ ਆਪਣੇ ਗੁਰੂ ਦੇ ਅਕੀਦੇ ਦੀ ਤੌਹੀਨ ਕਦਾਚਿਤ ਬਰਦਾਸ਼ਤ ਨਹੀਂ ਕਰ ਸਕਦਾ ਕਿਉਂਕਿ ਸਿੱਖ ਕੋਲ ਉਸ ਦੀ ਜ਼ਿੰਦਗੀ ਗੁਰੂ ਦੀ ਅਮਾਨਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਬੁਨਿਆਦ ਉਸ ਵੇਲੇ ਰੱਖੀ ਸੀ ਜਦੋਂ ਬੰਦੇ ਨੂੰ ਗਾਜਰ ਮੂਲੀ ਸਮਝ ਕੇ ਝਟਕਾ ਦਿੱਤਾ ਜਾਂਦਾ ਸੀ। ਤਤਕਾਲੀ ਬਾਬਰ ਬਾਦਸ਼ਾਹ ਨੇ ਜਦੋਂ ਭਾਰਤ ‘ਤੇ ਹਮਲਾ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੇ ਸੱਤਰ ਵਿਛਾ ਦਿੱਤੇ ਸਨ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਹਿ ਕੇ ਰੱਜ ਕੇ ਭੰਡਿਆ ਸੀ। ਗੁਰੂ ਨਾਨਕ ਦੇਵ ਜੀ ਨੂੰ ਭਾਵੇ ਬਾਬਰ ਨੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਪਰ ਉਹ ਬਾਬਰ ਅੱਗੇ ਝੁਕੇ ਨਹੀਂ ਸਗੋਂ ਬਾਬਰ ਨੂੰ ਆਪਣੇ ਵਿਚਾਰਾ ਨਾਲ ਕਾਇਲ ਕਰਕੇ ਉਸ ਨੂੰ ਅਹਿਸਾਸ ਕਰਾ ਦਿੱਤਾ ਸੀ ਕਿ ਉਹ ਜੋ ਵੀ ਕਰ ਰਿਹਾ ਹੈ ਉਹ ਅਕਾਲ ਪੁਰਖ ਦੇ ਨਿਯਮਾਂ ਦੇ ਵਿਰੁੱਧ ਕਰ ਰਿਹਾ ਹੈ ਤੇ ਬਾਬਰ ਨੇ ਜਿੱਥੇ ਆਪਣੀ ਗ਼ਲਤੀ ਦੀ ਮੁਆਫ਼ੀ ਮੰਗੀ ਸੀ ਉੱਥੇ ਗੁਰੂ ਸਾਹਿਬ ਦੇ ਚਰਨੀ ਹੱਥ ਲਗਾ ਕੇ ਉਨ੍ਹਾਂ ਨੂੰ ਬਾਇੱਜ਼ਤ ਜੇਲ੍ਹ ਵਿੱਚੋਂ ਰਿਹਾਅ ਵੀ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਬੁਨਿਆਦ ਰੱਖੀ ਤੇ ਇਸ ਨੂੰ ਇੱਕ ਵੱਖਰਾ ਸਰੂਪ ਦੇ ਕੇ ਖ਼ਾਲਸਾਈ ਫ਼ੌਜ ਦਾ ਗਠਨ ਉਸ ਵੇਲੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ ਜਦੋਂ ਜ਼ੁਲਮ ਦੀ ਹਨੇਰੀ ਚਾਰ ਚੁਫੇਰੇ ਝੁੱਲੀ ਹੋਈ ਸੀ ਤੇ ਮੁਗ਼ਲਾਂ ਵੱਲੋਂ ਭਾਰਤੀਆ ਤੇ ਅਥਾਹ ਜ਼ੁਲਮ ਹੀ ਨਹੀਂ ਕੀਤੇ ਜਾ ਰਹੋ ਸਨ ਸਗੋਂ ਮਨੁੱਖੀ ਅਧਿਕਾਰ ਵੀ ਭਾਰਤੀਆ ਕੋਲ ਖੋਹੇ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਭਾਗਵਤ ਨੂੰ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਸੁਫ਼ਨੇ ਲੈਣੇ ਬੰਦ ਕਰਕੇ ਸਗੋਂ ਸਮੁੱਚੇ ਦੇਸ ਦੇ ਵਿਕਾਸ ਲਈ ਸੋਚਣਾ ਚਾਹੀਦਾ ਹੈ ਤੇ ਭਾਰਤ ਨੂੰ ਸਾਂਝੀਵਾਲਤਾ ਦਾ ਪ੍ਰਤੀਕ ਹੀ ਬਣੇ ਰਹਿਣ ਦੇਣਾ ਚਾਹੀਦਾ ਹੈ।
ਇਸੇ ਤਰ੍ਹਾਂ ਅਕਾਲੀ ਦਲ ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸਿੱਖ ਇੱਕ ਵੱਖਰੀ ਤੇ ਅੱਡਰੀ ਕੌਮ ਹੈ ਤੇ ਇਸ ਨੂੰ ਹਿੰਦੂ ਧਰਮ ਨਾਲ ਜੋੜਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵੱਖ ਵੱਖ ਧਰਮਾਂ, ਜਾਤਾਂ, ਫ਼ਿਰਕਿਆਂ, ਕਬੀਲਿਆਂ ਆਦਿ ਦੇ ਲੋਕ ਵੱਸਦੇ ਤੇ ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਹੀ ਇੱਕ ਗੁਲਦਸਤਾ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਗੁਲਦਸਤੇ ਨੂੰ ਖੇਰੂੰ ਖੇਰੂੰ ਕਰਨ ਦਾ ਕਿਸੇ ਨੂੰ ਵੀ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਨਾਲ ਭਾਈ ਮਰਦਾਨਾ ਜਿਹੜੇ ਮੁਸਲਮਾਨ ਧਰਮ ਨਾਲ ਸਬੰਧਿਤ ਸਨ ਸਾਰੀ ਉਮਰ ਉਨ੍ਹਾਂ ਦੇ ਨਾਲ ਰਹੇ ਪਰ ਗੁਰੂ ਸਾਹਿਬ ਨੇ ਕਦੇ ਵੀ ਉਨ੍ਹਾਂ ਦੇ ਧਰਮ ‘ਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਾਹਿਬਾਨ ਦੀ ਗੁਰਬਾਣੀ ਸਮੇਤ 35 ਭਗਤਾਂ ਤੇ ਭੱਟਾਂ ਦੇ ਸ਼ਬਦ ਤੇ ਸਵੱਯੇ ਦਰਜ ਹਨ ਪਰ ਗੁਰੂ ਸਾਹਿਬ ਨੇ ਉਨ੍ਹਾਂ ਨਾਲ ਕਦੇ ਵੀ ਇਹ ਵਿਤਕਰਾ ਨਹੀਂ ਕੀਤਾ ਸੀ ਕਿ ਕੌਣ ਕਿਹੜੇ ਧਰਮ ਨਾਲ ਸਬੰਧ ਰੱਖਦਾ ਹੈ ਸਗੋਂ ਉਨ੍ਹਾਂ ਦੀ ਰੂਹਾਨੀਅਤ ਨੂੰ ਮੁੱਖ ਰੱਖ ਕੇ ਮੁਬਾਰਕ ਸ਼ਬਦਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਗਵਤ ਵੱਲੋਂ ਜਰਮਨ ਵਿੱਚ ਜਰਮਨੀ ਤੇ ਇੰਗਲੈਂਡ ਵਿੱਚ ਰਹਿਣ ਵਾਲੇ ਬਰਤਾਨੀਆ ਕਹਿ ਕਿ ਹਿੰਦੋਸਤਾਨ ਵਿੱਚ ਰਹਿਣ ਵਾਲੇ ਨੂੰ ਹਿੰਦੂ ਦੱਸਣਾ ਭਾਰਤੀ ਸੰਵਿਧਾਨ ਅਨੁਸਾਰ ਪੂਰੀ ਤਰ੍ਹਾਂ ਗਲਤ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਗਵਤ ਨੂੰ ਆਪਣੇ ਸ਼ਬਦ ਤੁਰੰਤ ਵਾਪਸ ਲੈ ਕੇ ਘੱਟ ਗਿਣਤੀਆਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਆਰ. ਐੱਸ. ਐੱਸ ਦੇ ਦਫ਼ਤਰ ਤੋਂ ਥੋੜੀ ਦੂਰ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲੀ ਵਰਕਰਾਂ ਤੇ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਨੇ ਇਸ ਰੋਸ ਮੁਜ਼ਾਹਰੇ ਵਿੱਚ ਭਾਗ ਲਿਆ ਪਰ ਅਕਾਲੀ ਦਲ ਬਾਦਲ ਪੂਰੀ ਤਰ੍ਹਾਂ ਗੈਰ ਹਾਜ਼ਰ ਰਿਹਾ। ਪ੍ਰਸ਼ਾਸਨ ਨੂੰ ਜਦੋਂ ਆਸ ਤੋਂ ਵੱਧ ਸੰਗਤ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਵੇਖਣ ਨੂੰ ਮਿਲੀ ਤਾਂ ਪੁਲੀਸ ਨੂੰ ਹੋਰ ਪੁਲੀਸ ਫੋਰਸ ਮੌਕੇ ‘ਤੇ ਮੰਗਵਾਉਣੀ ਪਈ। ਬਹੁਤ ਸਾਰੇ ਸਿੱਖਾਂ ਨੂੰ ਟਰੈਫ਼ਿਕ ਜਾਮ ਹੋ ਜਾਣ ਕਾਰਨ ਆਪਣੀਆਂ ਗੱਡੀਆਂ ਰਸਤਿਆਂ ਵਿੱਚ ਲਗਾ ਕੇ ਮੈਟਰੋ ਰਾਹੀ ਧਰਨੇ ਵਾਲੀ ਥਾਂ ‘ਤੇ ਪੁੱਜਣਾ ਪਿਆ ਅਤੇ ਕਈ ਤਾਂ ਰੋਸ ਮੁਜ਼ਾਹਰਾ ਖ਼ਤਮ ਹੋਣ ਉਪਰੰਤ ਵੀ ਆਉਂਦੇ ਵੇਖੇ ਗਏ। ਬੀਬੀਆਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਲਗਵਾਈ। ਸੰਗਤਾਂ ਵਿੱਚ ਜੋਸ਼ ਇੰਨਾ ਸੀ ਕਿ ਲੋਕ ਇੱਕ ਦੂਸਰੇ ਤੋ ਅੱਗੇ ਹੋ ਕੇ ਆਰ. ਐੱਸ. ਐੱਸ ਵਿਰੋਧੀ ਨਾਅਰੇ ਲਗਾ ਤੇ ਆਪਣਾ ਰੋਸ ਪ੍ਰਗਟ ਕਰ ਰਹੇ ਸਨ। ਸ. ਸਰਨਾ ਨੇ ਇਸ ਸਮੇਂ ਇਹ ਵੀ ਦੋਸ਼ ਲਾਇਆ ਕਿ ਬਾਦਲ ਦਲ ਦੀਆ ਖ਼ਾਕੀ ਨਿੱਕਰਾਂ ਦਾ ਰੰਗ ਇੰਨਾ ਗੂੜਾ ਹੋ ਗਿਆ ਹੈ ਕਿ ਉਨ੍ਹਾਂ ਨੇ ਵੱਖ ਵੱਖ ਗੁਰਦੁਆਰਿਆਂ ਦੇ ਬਾਹਰ ਲਗਾਏ ਗਏ ਧਰਨੇ ਸਬੰਧੀ ਪੋਸਟਰ ਵੀ ਫਾੜ ਦਿੱਤੇ ਜਿਸ ਦਾ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਭਾਰੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰਾਂ ਨੇ ਹੱਥਾਂ ਵਿੱਚ ਕਈ ਪ੍ਰਕਾਰ ਦੀਆ ਤਖ਼ਤੀਆਂ ਫੜੀਆਂ ਹੋਈਆ ਸਨ ਜਿਨ੍ਹਾਂ ਤੇ ਆਰ. ਐੱਸ. ਐੱਸ ਵਿਰੋਧੀ ਤੇ ਮੋਹਨ ਭਾਗਵਤ ਦੇ ਬਿਆਨਾਂ ਦੀ ਨਿਖੇਧੀ ਕੀਤੀ ਵਾਲੇ ਨਾਅਰੇ ਲਿਖੇ ਹੋਏ ਸਨ ਇਨ੍ਹਾਂ ਨਾਅਰਿਆਂ ਵਿੱਚ “ਭਾਗਵਤ ਸਭ ਧਰਮਾਂ ਦਾ ਕਰੋ ਸਨਮਾਨ, ਮਤ ਕਰੋ ਕਿਸੀ ਕਾ ਅਪਮਾਨ, ਆਰ. ਐੱਸ. ਐੱਸ ਹੋਸ਼ ਮੇ ਆਉ ਔਰੰਗਜੇਬੀ ਸੋਚ ਭੁੱਲ ਜਾਉ, ਸਿੱਖ ਧਰਮ ਅਲੱਗ ਧਰਮ ਹੈ ਆਰ. ਐੱਸ. ਐੱਸ ਕੋ ਭਰਮ ਹੈ, ਕੇਸ ਸਿੱਖ ਦੀ ਸ਼ਾਨ ਅਕਾਲ ਤਖ਼ਤ ਸਭ ਤੋ ਮਹਾਨ, ਮੋਹਨ ਭਾਗਵਤ ਹੋਸ਼ ਮੇ ਆਉ, 1947 ਨੂੰ ਫਿਰ ਨਾ ਦੁਹਰਾਊ” ਆਦਿ ਨਾਅਰੇ ਲਿਖੇ ਹੋਏ ਸਨ। ਇਸੇ ਤਰ੍ਹਾਂ ਸਮੂਹ ਪੰਥ ਵਿਰੋਧੀ ਸ਼ਕਤੀਆਂ ਨੂੰ ਵੰਗਾਰਦਿਆਂ ਇਹ ਵੀ ਨਾਅਰਾ ਲਗਾਇਆ ਗਿਆ ਕਿ, “ਜੋ ਸਿੱਖਾਂ ਨਾਲ ਟਕਰਾਏਗਾ, ਚੂਰ ਚੂਰ ਹੋ ਜਾਏਗਾ, ਦੇਗ ਤੇਗ ਫਤਿਹ, ਰਾਜ ਕਰੇਗਾ ਖਾਲਸਾ” ਵਰਗੇ ਨਾਅਰੇ ਵੀ ਲਗਾਏ ਗਏ।
ਇਸ ਰੋਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਦਿਲੀ ਕਮੇਟੀ ਦੇ ਸਾਬਕਾ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਤਰਸੇਮ ਸਿੰਘ ਖਾਲਸਾ, ਸਾਬਕਾ ਮੀਤ ਪ੍ਰਧਾਨ ਭਜਨ ਸਿੰਘ ਵਾਲੀਆ, ਦਿੱਲੀ ਕਮੇਟੀ ਮੈਂਬਰ ਪ੍ਰਭਜੀਤ ਸਿੰਘ ਜੀਤੀ ਅਤੇ ਯੂਥ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਦਮਨਦੀਪ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਧਰਨੇ ਵਿੱਚ ਇੰਦਰਜੀਤ ਸਿੰਘ ਸੰਤਗੜ੍ਹ, ਐੱਚ. ਪੀ. ਸਿੰਘ,  ਗੁਰਪ੍ਰੀਤ ਸਿੰਘ ਕਰੋਲ ਬਾਗ, ਗੁਰਚਰਨ ਸਿੰਘ ਗਤਕਾ ਮਾਸਟਰ, ਜੋਗਿੰਦਰ ਸਿੰਘ ਗੁਰੂ ਰਾਖਾ, ਕਰਤਾਰ ਸਿੰਘ ਕੋਛੜ, ਦਿੱਲੀ ਕਮੇਟੀ ਮੈਂਬਰ ਹਰਪਾਲ ਸਿੰਘ ਕੋਛੜ ਤੇ ਤੇਜਿੰਦਰਪਾਲ ਸਿੰਘ ਗੋਪਾ, ਜਗਮੋਹਨ ਸਿੰਘ, ਹਰਕੀਰਤ ਸਿੰਘ, ਰਾਜਿੰਦਰ ਸਿੰਘ ਵਾਸਨ, ਮਨਜੀਤ ਸਿੰਘ ਸਰਨਾ, ਭੁਪਿੰਦਰ ਸਿੰਘ ਸਰਨਾ, ਹਰਚਰਨ ਸਿੰਘ, ਕੁਲਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਯੂਥ ਇਕਾਈ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ, ਤਰਲੋਚਨ ਸਿੰਘ, ਇੰਦਰਜੀਤ ਸਿੰਘ ਲਾਂਬਾ, ਗੁਰਦੀਪ ਸਿੰਘ ਆਦਿ ਵੀ ਨੇ ਵੀ ਸਾਥੀਆ ਸਮੇਤ ਧਰਨੇ ਵਿੱਚ ਭਾਗ ਲਿਆ।