ਭਾਜਪਾ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਕਾਂਗਰਸੀ ਉਮੀਦਵਾਰ ਮਨਜ਼ੂਰ ਨਹੀਂ

ਨਵੀਂ ਦਿੱਲੀ – ਕਾਂਗਰਸ ਦੇ ਸਿਨੀਅਰ ਆਗੂ ਤੇ ਵਿਤ ਮੰਤਰੀ ਪ੍ਰਣਬ ਮੁਖਰਜੀ ਦਾ ਨਾਂਅ ਨਵੇਂ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਉਭਰਨ ਕਰਕੇ ਸਿਆਸੀ ਹੱਲਕਿਆਂ ‘ਚ ਹਲਚਲ ਮਚ ਗਈ ਹੈ ਕਿਉਂਕਿ ਕਾਂਗਰਸ ਲੀਡਰਸ਼ਿਪ ਨੇ ਇਸ਼ਾਰਾ ਦਿੱਤਾ ਹੈ ਕਿ ਯੂ. ਪੀ. ਏ. ਦੇ ਆਗੂ ਦੀ ਹਮਾਇਤ ਤੋਂ ਬਿਨਾਂ ਇਹ ਸੰਭਵ ਨਹੀਂ ਹੋ ਸਕਦਾ। ਪਰ ਖ਼ਬਰ ਹੈ ਕਿ ਸਰਕਾਰ ਵਿੱਚ ਕਾਂਗਰਸ ਦੀਆਂ ਭਾਈਵਾਲ ਪਾਰਟੀਆਂ ਗੈਰ ਸਿਆਸੀ ਸ਼ਖਸੀਅਤ ਦੇ ਹੱਕ ਵਿੱਚ ਹਨ। ਕੁੱਝ ਦਿਨ ਪਹਿਲਾਂ ਹੀ ਡੀ. ਐੱਮ. ਕੇ. ਦੇ ਆਗੂ ਐੱਮ. ਕਰੁਣਾਨਿਧੀ ਨੇ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੂੰ ਕਹਿ ਦਿੱਤਾ ਹੈ ਕਿ ਜੇ ਸਮਾਜਵਾਦੀ ਪਾਰਟੀ ਦੇ ਆਗੂ ਮੁਲਾਇਮ ਸਿੰਘ ਯਾਦਵ ਵਲੋਂ ਸਾਬਕਾ ਰਾਸ਼ਟਰਤੀ ਏ. ਪੀ. ਜੇ. ਅਬਦੁਲ ਕਲਾਮ ਦੇ ਨਾਂ ਦੀ ਤਜਵੀਜ਼ ਆਉਂਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਸਾਬਕਾ ਰਾਸ਼ਟਰਪਤੀ ਕਲਾਮ ਦੇ ਨਾਂ ਦਾ ਵਿਰੋਧ ਨਹੀਂ ਕਰੇਗੀ। ਉਸ ਦਾ ਕਾਰਨ ਇਹ ਹੈ ਕਿ ਸਾਬਕਾ ਰਾਸ਼ਟਰਪਤੀ ਕਲਾਮ ਤਾਮਿਲਨਾਡੂ ਦੇ ਹਨ ਤੇ ਮੁਸਲਮਾਨ ਵੀ ਹਨ। ਕਾਂਗਰਸ ਇਸ ਚੰਗੀ ਤਰ੍ਹਾਂ ਨਾਲ ਜਾਣਦੀ ਹੈ ਕਿ ਸਮਾਜਵਾਦੀ ਪਾਰਟੀ ਅਤੇ ਹੋਰਨਾਂ ਧਰਮ ਨਿਰਲੇਪ ਪਾਰਟੀਆਂ ਦੀ ਹਮਾਇਤ ਤੋਂ ਬਗੈਰ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਅਸਮਰਥ ਨਜ਼ਰ ਆ ਰਹੀ ਹੈ। ਰਾਸ਼ਟਰੀ ਜਨਤਾ ਦਲ ਦੇ ਆਗੂ ਲਾਲੂ ਪ੍ਰਸਾਦ ਯਾਦਵ ਪਹਿਲਾਂ ਹੀ ਹਾਮਿਦ ਅੰਸਾਰੀ ਦੇ ਨਾਂ ਦਾ ਸੁਝਾਅ ਦੇ ਚੁੱਕੇ ਹਨ ਅਤੇ ਐੱਨ. ਸੀ. ਪੀ. ਨੇ ਵੀ ਗੈਰ ਸਿਆਸੀ ਵਿਅਕਤੀ ਨੂੰ ਇਸ ਅਹੁਦੇ ‘ਤੇ ਲਿਆਉਣ ਦੀ ਹਮਾਇਤ ਕੀਤਾ ਹੈ। ਅੰਸਾਰੀ ਸਾਬਕਾ ਆਈ. ਐੱਫ. ਐੱਸ. ਅਧਿਕਾਰੀ ਤੇ ਸਫਾਰਤਕਾਰ ਹਨ।
ਜ਼ਿਕਰਯੋਗ ਹੈ ਕਿ ਨਵੇਂ ਰਾਸ਼ਟਰਪਤੀ ਦੀ ਉਮੀਦਵਾਰੀ ‘ਤੇ ਵਿਚਾਰ ਕਰਨ ਲਈ ੪ ਮਈ ਨੂੰ ਯੂ. ਪੀ. ਏ. ਆਗੂ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਟੀ. ਐੱਮ. ਸੀ. ਮੁਖੀ ਕੁਮਾਰੀ ਮਮਤਾ ਬੈਨਰਜੀ ਦੀ ਪ੍ਰਸਤਾਵਤ ਮਿਲਣੀ ‘ਤੇ ਟਿਕੀ ਹੈ। ਡੀ. ਐੱਮ. ਕੇ., ਐੱਨ. ਸੀ. ਪੀ. ‘ਤੇ ਹੋਰਨਾਂ ਭਾਈਵਾਲ ਪਾਰਟੀਆਂ ਨਾਲ ਸੋਚ-ਵਿਚਾਰ ਮੁਕੰਮਲ ਹੋ ਚੁੱਕੀ ਹੈ। ਹੁਣ ਸਿਰਫ ਮਮਤਾ ਬੈਨਰਜੀ ‘ਤੇ ਗੱਲ ਟਿਕੀ ਹੈ। ਜੇਕਰ ਮਮਤਾ ਬੈਨਰਜੀ ਪੱਛਮੀ ਬੰਗਾਲ ਨਾਲ ਸੰਬੰਧਤ ਹੋਣ ਕਾਰਨ ਸ਼੍ਰੀ ਪ੍ਰਣਬ ਮੁਖਰਜੀ ਦੇ ਨਾਂ ‘ਤੇ ਰਾਜ਼ੀ ਹੁੰਦੀ ਹੈ ਤਾਂ ਖੱਬੀ ਧਿਰ ਵੀ ਉਸ ਦੀ ਹਮਾਇਤ ਕਰਨ ਲਈ ਮਜਬੂਰ ਹੋਵੇਗੀ।
ਵਿਰੋਧੀ ਧਿਰ ਤੇ ਭਾਜਪਾ ਦੀ ਆਗੂ ਸੁਸ਼ਮਾ ਸਵਰਾਜ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਦਾ ਵਿਰੋਧ ਕੀਤਾ ਜਾਵੇਗਾ। ਇਹ ਕਹਿ ਕੇ ਹਲਚਲ ਮਚਾ ਦਿੱਤਾ ਹੈ ਕਿ ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ ਵਿੱਚ ਰਾਸ਼ਟਰਪਤੀ ਬਣਨ ਜੋਗ ਗੁਣ ਨਹੀਂ ਹਨ। ਭਾਜਪਾ ਲੀਡਰਸ਼ਿਪ ਵੀ ਸੁਸ਼ਮਾ ਸਵਰਾਜ ਵਲੋਂ ਵਰਤੇ ਸਖਤ ਸ਼ਬਦਾਂ ਤੋਂ ਹੈਰਾਨ ਰਹਿ ਗਈ ਹਾਲਾਂਕਿ ਪਾਰਟੀ ਦਾ ਇਹ ਫੈਸਲਾ ਹੈ ਕਿ ਉਸ ਕਿਸੇ ਵੀ ਹਾਲਤ ਵਿੱਚ ਕਾਂਗਰਸ ਦੀ ਹਮਾਇਤ ਨਹੀਂ ਕਰੇਗੀ।
ਭਾਜਪਾ ਗੈਰ ਕਾਂਗਰਸ, ਗੈਰ ਰਾਜਗ ਖੇਮੇ ਦੇ ਪਿਛੇ ਖੜੇ ਹੋ ਕੇ ਸਰਕਾਰ ਨੂੰ ਮਾਤ ਦੇਵੇਗੀ। ਪਰ ਨਾਲ ਹੀ ਇਹ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਤਿਸਰੇ ਮੋਰਚੇ ਵਲੋਂ ਜੇ ਕੋਈ ਨਾਂ ਅੱਗੇ ਆਉਂਦਾ ਹੈ ਜਿਸ ਵਿੱਚ ਭਾਜਪਾ ਸਣੇ ਦੂਜੇ ਦਲਾਂ ਵੀ ਸਹਿਮਤ ਹੋਣ ਅਤੇ ਕਾਂਗਰਸ ਵਖਰੀ ਹੀ ਪੈ ਜਾਵੇ। ਗੌਰਤਲਬ ਹੈ ਕਿ ਰਾਸ਼ਟਪਤੀ ਦੀ ਚੋਣ ਦੇ ਬਹਾਨੇ ਭਾਜਪਾ ੨੦੧੪ ਵਿੱਚ ਹੋਣ ਵਾਲੀਆਂ ਲੋਕਸਭਾ ਲਈ ਵੀ ਗੋਟੀਆਂ ਫਿੱਟ ਕਰ ਰਹੀ ਹੈ। ਉਸ ਨੇ ਹੁਣੇ ਤੋਂ ਹੀ ਹਮਾਇਤੀਆਂ ਤੇ ਸਾਥੀਆਂ ਦਾ ਘੇਰਾ ਵਧਾਉਣ ਦੀਆਂ ਕੋਸ਼ਿਸ਼ਾਂ ਵੀ ਸ਼ੁਰੂ ਕਰ ਦਿੱਤੀਆਂ ਹਨ। ਭਾਜਪਾ ਦੇ ਵੱਡੇ ਆਗੂਆਂ ਵਿੱਚ ਇਹ ਤੈਅ ਹੋ ਗਿਆ ਹੈ ਕਿ ਰਾਸ਼ਟਰਪਤੀ ਦੇ ਅਹੁਦੇ ਲਈ ਹਮਾਇਤ ਦੇ ਬਦਲੇ ਉਪ-ਰਾਸ਼ਟਰਤੀ ਦੇ ਅਹੁਦੇ ਦੀ ਲੈਣ-ਦੇਣ ਮਨਜ਼ੂਰ ਨਹੀਂ ਹੋਵੇਗੀ। ਪਾਰਟੀ ਨੂੰ ਡਰ ਹੈ ਕਿ ਇਸ ਤਰ੍ਹਾਂ ਦਾ ਕੋਈ ਸਿਆਸੀ ਸੌਦਾ ਹੋਇਆ ਤਾਂ ੨੦੧੪ ਦੀ ਲੋਕਸਭਾ ਚੋਣਾ ਵੇਲੇ ਇਸ ਦਾ ਖਮਿਆਜਾ ਨਾ ਭੁਗਤਣਾ ਪਵੇ। ਉਨ੍ਹਾਂ ਵਲੋਂ ਕੋਸ਼ਿਸ਼ ਹੋਵੇਗੀ ਕੇ ਰਾਸ਼ਟਰਪਤੀ ਦੀ ਚੋਣ ਸਮੇਂ ਕਾਂਗਰਸ ਦੇ ਖਿਲਾਫ ਵੱਡੀ ਗਿਣਤੀ ਵਿੱਚ ਸਿਆਸੀ ਦਲਾਂ ਨੂੰ ਇੱਕਠਿਆ ਕੀਤਾ ਜਾ ਸਕੇ।