ਪੰਜਾਬੀ ਫਿਲਮ ‘ਭਾਜੀ ਇਨ ਪ੍ਰਾਬਲਮ’ ਹੱਸਣ ਲਈ ਕਰੇਗੀ ਮਜਬੂਰ

ਆਕਲੈਂਡ 13 ਸਤੰਬਰ (ਕੂਕ ਪੰਜਾਬੀ ਸਮਾਚਾਰ) –  ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੀ ਪੰਜਾਬੀ ਫਿਲਮ ‘ਭਾਜੀ ਇਨ ਪ੍ਰੌਬਲਮ’ ਦਾ ਇੱਥੇ ਦੇ ਬੌਟਨੀ ਇਲਾਕੇ ਵਿੱਚ ਪੈਂਦੇ ‘ਹੋਇਟਸ ਸਿਨੇਮਾ ਵਿਖੇ ਪਹਿਲਾ ਪ੍ਰੀਮੀਅਰ ਸ਼ੋਅ ਕਰਵਾਇਆ ਗਿਆ। ਫਿਲਮ ਨਿਰਮਾਣ ਨਾਲ ਜੁੜੇ ਸ੍ਰੀ ਨਿਤਿਨ ਤਲਵਾੜ ਅਤੇ ਸਿੱਪੀ ਗਰੇਵਾਲ ਨੇ ਕਿਹਾ ਕਿ ੧੪ ਨਵੰਬਰ ਦਿਨ ਵੀਰਵਾਰ ਨੂੰ ਇਹ ਫਿਲਮ ਸਾਰੀ ਦੁਨੀਆ ਵਿੱਚ ਰਿਲੀਜ਼ ਹੋਵੇਗੀ। ਫਿਲਮ ‘ਭਾਜੀ ਇਨ ਪ੍ਰੌਬਲਮ’ ਵਿੱਚ ਬਾਲੀਵੁੱਡ ਹੀਰੋ ਅਕਸ਼ੇ ਕੁਮਾਰ ਅਤੇ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਭੂਮਿਕਾ ਨਿਭਾਈ ਹੈ। ਮੁੱਖ ਭੂਮਿਕਾ ਵਿੱਚ ਨਾਇਕ ਗਿੱਪੀ ਗਰੇਵਾਲ, ਨਾਇਕਾ ਰਾਗਨੀ ਖੰਨਾ ਦੇ ਨਾਲ ਓਮ ਪੁਰੀ, ਗੁਰਪ੍ਰੀਤ ਘੁੱਗੀ, ਬੀ. ਐਨ. ਸ਼ਰਮਾ, ਅਵਤਾਰ ਗਿੱਲ, ਜਪੁਜੀ ਖਹਿਰਾ, ਰਾਣਾ ਜੰਗ ਬਹਾਦਰ, ਮਿਸ਼ਾ ਬਾਜਵਾ, ਕਰਮਜੀਤ ਅਨਮੋਲ, ਖੁਸ਼ਬੂ ਗਰੇਵਾਲ ਆਦਿ ਕਲਾਕਾਰਾਂ ਨੇ ਆਪਣੀ ਅਦਾਕਾਰੀ ਰਾਹੀ ਫਿਲਮ ਵਿੱਚ ਪਰਿਵਾਰਕ ਤੇ ਸਹੀ ਹਾਸੇ ਦਾ ਰੰਗ ਭਰਿਆ ਹੈ। ਫਿਲਮ ਵਿੱਚ ਜਿੱਥੇ ਗੁਰਪ੍ਰੀਤ ਘੁੱਗੀ ਉਰਫ਼ ਸੰਦੀਪ ਚੀਮਾ ਜਿੱਥੇ ਪ੍ਰੌਬਲਮ ਖੜੀਆਂ ਕਰਦਾ ਹੈ ਉੱਥੇ ਗਿੱਪੀ ਗਰੇਵਾਲ ਜੀਤਾ, ਗੌਰਵ ਜੈਨ ਜੀ. ਜੇ. ਬਣ ਪ੍ਰੌਬਲਮ ਤੋਂ ਛੁਟਕਾਰਾ ਦਿਵਾਉਣ ਦੇ ਚੱਕਰ ਵਿੱਚ ਸੰਦੀਪ ਚੀਮਾ ਦੀ ਭੈਣ ਦੇ ਚੱਕਰਾਂ ਵਿੱਚ ਫਸ ਜਾਂਦਾ ਹੈ। ਫਿਲਮ ਦਾ ਅੰਤ ਸੁਖਾਵਾਂ ਹੋ ਨਿੱਬੜਦਾ ਹੈ। ਫਿਲਮ ਵਿੱਚ ਐਕਸ਼ਨ, ਹਾਸੇ ਦੇ ਨਾਲ ਪਿਆਰ ਦਾ ਰੰਗ ਵੀ ਭਰਪੂਰ ਹੈ। ਫਿਲਮ ਵਿੱਚ ਗਾਣਿਆਂ ਦੀ ਚੋਣ ਵੀ ਸਹੀ ਢੰਗ ਨਾਲ ਕੀਤੀ ਗਈ ਹੈ। ਸਾਰੀ ਫਿਲਮ ਦੌਰਾਨ ਹਾਜ਼ਰ ਦਰਸ਼ਕਾਂ ਨੂੰ ਹੱਸਦੇ ਹੀ ਵੇਖਿਆ ਗਿਆ। ਫਿਲਮ ਦਾ ਪ੍ਰੀਮੀਅਰ ਵੇਖਣ ਵਾਲਿਆਂ ਵਿੱਚ ਪੰਜਾਬੀ ਮੀਡੀਆ ਨਾ ਜੁੜੀਆਂ ਸ਼ਖ਼ਸੀਅਤਾਂ, ਪਤਵੰਤੇ ਸਜਣਾ ਹਾਜ਼ਰ ਸਨ। ਸ੍ਰੀ ਨਿਤਿਨ ਤਲਵਾੜ, ਸਿੱਪੀ ਗਰੇਵਾਲ ਅਤੇ ਮਾਨਿਕ ਤਲਵਾਰ ਵਲੋਂ ਪਹੁੰਚੇ ਦਰਸ਼ਕਾਂ ਨੂੰ ਫਿਲਮ ਦੀਆਂ ਮਿਊਜ਼ਿਕ ਸੀ. ਡੀਜ਼. ਵੀ ਵੰਡੀਆਂ।