ਭਾਰਤੀ ਮੂਲ ਦੇ ਉਮੀਦਵਾਰਾਂ ‘ਚੋਂ ਡਾ. ਗੌਰਵ ਸ਼ਰਮਾ ਚੋਣ ਜਿੱਤਣ ਵਾਲੇ ਪਹਿਲੇ ਭਾਰਤੀ ਸਾਂਸਦ ਬਣੇ

ਪ੍ਰਿਅੰਕਾ ਮੁੜ ਲਿਸਟ ਐਮਪੀ ਬਣੀ ਜਦੋਂ ਕਿ ਸ. ਬਖਸ਼ੀ ਤੇ ਪਰਮਾਰ ਲਿਟ ਐਮਪੀ ਦੀ ਦੌੜ ‘ਚੋਂ ਬਾਹਰ
ਆਕਲੈਂਡ 19 ਅਕਤੂਬਰ –
ਇਸ ਵਾਰ ਨਿਊਜ਼ੀਲੈਂਡ ਦੀਆਂ ਆਮ ਚੋਣਾਂ ਕਈ ਇਤਿਹਾਸ ਸਿਰਜ ਗਈਆਂ ਹਨ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੀ ਅਗਵਾਈ ਵਾਲੀ ਸੱਤਾਧਾਰੀ ਲੇਬਰ ਪਾਰਟੀ ਨੇ ਚੋਣਾਂ ਵਿੱਚ ਆਪਣੇ ਦਮ ਉੱਤੇ 64 ਸੀਟਾਂ ਹਾਸਿਲ ਕੀਤੀਆਂ, ਉੱਥੇ ਨਾਲ ਹੀ ਦੇਸ਼ ਦੀ ਜਨਤਾ ਨੇ 50 ਸਾਲਾਂ ਵਿੱਚ ਪਹਿਲੀ ਵਾਰ ਲੇਬਰ ਪਾਰਟੀ ਦੇ ਹੱਕ ਵਿੱਚ ਹਮਾਇਤ ਦਿਖਾਈ ਹੈ। ਲੇਬਰ ਪਾਰਟੀ ਦੇ 43 ਉਮੀਦਵਾਰ ਜੇਤੂ ਰਹੇ ਜਦੋਂ ਕਿ ਪਾਰਟੀ ਵੋਟ ਦੇ ਐਮਐਮਪੀ ਸਿਸਟਮ (ਮਿਕਸਡ ਮੈਂਬਰ ਪ੍ਰੋਪੇਸ਼ਨਲ) ਦੇ ਅਧਾਰ ‘ਤੇ 21 ਲਿਸਟ ਐਮਪੀ ਬਣੇ ਹਨ। ਲੇਬਰ ਪਾਰਟੀ ਨੇ 120 ਸੀਟਾਂ ਵਾਲੀ ਸੰਸਦ ਵਿੱਚ 64 ਸੀਟਾਂ ਆਪਣੇ ਨਾਂਅ ਕੀਤੀਆਂ, ਜਦੋਂ ਕਿ ਸੰਸਦ ਲਈ ਬਹੁਮਤ ਦਾ ਆਂਕੜਾ 61 ਹੋਣਾ ਚਾਹੀਦਾ ਹੈ। ਇਹ ਹੀ ਨਹੀਂ ਦੇਸ਼ ਵਿੱਚ 24 ਸਾਲਾਂ ਬਾਅਦ ਕਿਸੇ ਪਾਰਟੀ ਨੂੰ ਆਪਣੇ ਦਮ ਉੱਤੇ ਇਕੱਲਿਆਂ ਬਹੁਮਤ ਹਾਸਿਲ ਹੋਇਆ ਹੈ। ਜਦੋਂ ਕਿ ਨੈਸ਼ਨਲ ਪਾਰਟੀ ਦਾ 2002 ਤੋਂ ਬਾਅਦ ਸਭ ਤੋਂ ਖ਼ਰਾਬ ਪ੍ਰਦਰਸ਼ਨ ਰਿਹਾ, ਉਸ ਨੂੰ 35 ਸੀਟਾਂ ਹੀ ਮਿਲੀਆਂ। ਜਿਸ ਵਿੱਚ ਉਸ ਦੇ ੨੬ ਉਮੀਦਵਾਰ ਜੇਤੂ ਰਹੇ ਅਤੇ ੯ ਲਿਸਟ ਐਮਪੀ ਵਜੋਂ ਸੰਸਦ ਵਿੱਚ ਗਏ ਹਨ। ਇਨ੍ਹਾਂ ਚੋਣਾਂ ਵਿੱਚ ਐਨਜ਼ੈੱਡ ਫਰਸਟ ਪਾਰਟੀ ਦਾ ਸਫ਼ਾਇਆ ਹੋ ਗਿਆ ਉਸ ਨੂੰ ਕੋਈ ਵੀ ਸੀਟ ਹਾਸਿਲ ਨਹੀਂ ਹੋਈ ਤੇ ਸੰਸਦ ਦੀਆਂ ਪੌੜੀਆਂ ਚੜ੍ਹਨਾ ਨਸੀਬ ਨਹੀਂ ਹੋਇਆ ਹੈ।
ਭਾਰਤੀ ਮੂਲ ਦੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਪੇਸ਼ੇ ਵਜੋਂ ਡਾਕਟਰ ਗੌਰਵ ਮਿਰਾਨਲ ਸ਼ਰਮਾ ਹੈਮਿਲਟਨ ਵੈਸਟ ਹਲਕੇ ਤੋਂ ਲੇਬਰ ਦੀ ਸੀਟ ਤੋਂ ਜੇਤੂ ਰਹੇ, ਉਹ ਚੋਣ ਜਿੱਤ ਕੇ ਸੰਸਦ ਜਾਣ ਵਾਲੇ ਪਹਿਲੇ ਭਾਰਤੀ ਮੂਲ ਦੇ ਸਾਂਸਦ ਬਣ ਗਏ ਹਨ ਜਿਨ੍ਹਾਂ ਨੇ ਵੋਟਾਂ ਦੇ ਮੁਕਾਬਲੇ ਵਿੱਚ ਆਪਣੇ ਵਿਰੋਧੀ ਨੂੰ 4,425 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ਼ ਕੀਤੀ ਹੈ। ਡਾ. ਗੌਰਵ ਨੂੰ 16,950 ਵੋਟਾਂ ਪਈਆਂ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਨੈਸ਼ਨਲ ਪਾਰਟੀ ਦੇ ਉਮੀਦਵਾਰ ਟਿਮ ਮੈਕਿੰਡੋ ਨੂੰ 12,525 ਵੋਟਾਂ ਪਈਆਂ। ਪਿਛਲੀ ਵਾਰ ਡਾ. ਗੌਰਵ ਸ਼ਰਮਾ ਨੂੰ 11,487 ਵੋਟਾਂ ਪਈਆਂ ਸਨ। ਇੱਥੋਂ ਲੇਬਰ ਪਾਰਟੀ ਨੇ ਪਾਰਟੀ ਵੋਟ ਵਿੱਚ 16,956 ਨਾਲ ਵੀ ਬਾਜ਼ੀ ਮਾਰੀ ਅਤੇ ਨੈਸ਼ਨਲ ਨੂੰ 8,778 ਪਾਰਟੀ ਵੋਟਾਂ ਪਈਆਂ।
ਡਾ. ਗੌਰਵ ਸ਼ਰਮਾ ਬਚਪਨ ‘ਚ ਹੀ ਭਾਰਤ ਤੋਂ ਨਿਊਜ਼ੀਲੈਂਡ ਆ ਗਏ ਸੀ, ਉਹ ਆਕਲੈਂਡ ਗ੍ਰਾਮਰ ਸਕੂਲ ਵਿੱਚ ਦਾਖ਼ਲ ਹੋਇਆ ਅਤੇ ਆਕਲੈਂਡ ਯੂਨੀਵਰਸਿਟੀ ਤੋਂ ਡਾਕਟਰੀ ਦੀ ਡਿਗਰੀ ਪ੍ਰਾਪਤ ਕੀਤੀ। ਨਾਵਟੋਨ ਸਥਾਨਕ ਜੀਪੀ ਫ੍ਰੈਂਕਟਨ ਵਿੱਚ ਰਹਿੰਦਾ ਹੈ ਅਤੇ ਪਹਿਲਾਂ ਉਹ ਨਿਊਜ਼ੀਲੈਂਡ, ਸਪੇਨ, ਯੂਐੱਸਏ, ਨੇਪਾਲ, ਵੀਅਤਨਾਮ, ਸਵਿਟਜ਼ਰਲੈਂਡ ਅਤੇ ਮੰਗੋਲੀਆ ਵਿੱਚ ਪਬਲਿਕ ਹੈਲਥ, ਨੀਤੀ ਅਤੇ ਸਲਾਹ ਮਸ਼ਵਰਾ ਵਿੱਚ ਸ਼ਾਮਲ ਰਿਹਾ ਹੈ। ਉਹ ਵਾਸ਼ਿੰਗਟਨ ਡੀਸੀ ਵਿੱਚ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਇੱਕ ਫੁਲਬ੍ਰਾਈਟ ਸਕਾਲਰ ਸੀ, ਜਿੱਥੇ ਉਸ ਨੂੰ ਮਾਸਟਰ ਆਫ਼ ਬਿਜ਼ਨਸ ਐਡਮਨਿਸਟ੍ਰੇਸ਼ਨ (ਐਮਬੀਏ) ਪ੍ਰਾਪਤ ਕੀਤੀ। ਉਸ ਨੇ ਇੱਕ ਮੈਡੀਕਲ ਡਿਵਾਈਸ ਅਤੇ ਸਾਫ਼ਟਵੇਅਰ ਸਟਾਰਟ-ਅੱਪ ਵਿਕਸਤ ਰਿਮੋਟ ਐਕਸੈੱਸ ਹੈਲਥ ਕੇਅਰ ਸਿਸਟਮ ਦੀ ਸਥਾਪਨਾ ਕੀਤੀ। ਡਾ. ਸ਼ਰਮਾ ਆਕਲੈਂਡ ਰਿਫ਼ਿਊਜੀ ਕੌਂਸਲ ਦਾ ਸਾਬਕਾ ਬੋਰਡ ਮੈਂਬਰ ਹੈ ਅਤੇ ਉਨ੍ਹਾਂ ਨੇ ਲੇਬਰ ਪਾਰਟੀ ਦੀ ਨੀਤੀ ਬਣਨ ਤੋਂ ਪਹਿਲਾਂ ਰਿਫ਼ਿਊਜੀ ਕੋਟੇ ਨੂੰ ਦੁੱਗਣਾ ਕਰਨ ਦੀ ਵਕਾਲਤ ਕੀਤੀ ਸੀ। ਡਾ. ਗੌਰਵ ਸ਼ਰਮਾ ਪਿੰਡ ਹਾਰੇਤਾ ਜ਼ਿਲ੍ਹਾ ਹਮੀਰਪੁਰ (ਹਿਮਾਚਲ ਪ੍ਰਦੇਸ਼) ਨਾਲ ਸਬੰਧ ਰੱਖਦੇ ਹਨ ਪਰ ਇਨ੍ਹਾਂ ਦੇ ਪਿਤਾ ਸ੍ਰੀ ਗਿਰਧਰ ਸ਼ਰਮਾ ਅਤੇ ਮਾਤਾ ਦਾ ਨਾਂਅ ਪੂਰਨਿਮਾ ਕੁਮਾਰੀ ਹੈ।
ਲੇਬਰ ਪਾਰਟੀ ਦੀ ਉਮੀਦਵਾਰ ਚੇਨਈ ਦੀ ਜੰਮਪਲ ਅਤੇ ਸਿੰਗਾਪੁਰ ਪੜ੍ਹੀ-ਲਿਖੀ 41 ਸਾਲਾ ਪ੍ਰਿਅੰਕਾ ਰਾਧਾਕ੍ਰਿਸ਼ਨਨ ਹੁਣ ਦੂਜੀ ਵਾਰ ਲਿਸਟ ਐਮਪੀ ਬਣ ਗਈ ਹੈ। ਉਹ 2017 ਦੀਆਂ ਆਮ ਚੋਣਾਂ ਦੇ ਵਿੱਚ ਲੇਬਰ ਪਾਰਟੀ ਦੀ ਲਿਸਟ ਐਮ. ਪੀ. ਬਣੀ ਸੀ। ਰਾਧਾਕ੍ਰਿਸ਼ਨਨ ਨੂੰ 2019 ਦੇ ਵਿੱਚ ਪਾਰਲੀਮੈਂਟਰੀ ਪ੍ਰਾਈਵੇਟ ਸੈਕਟਰੀ (ਏਥਨਿਕ ਅਫੇਅਰਜ਼) ਬਣਾਇਆ ਗਿਆ ਸੀ। ਮਾਉਂਗਾਕਾਕੂ ਹਲਕੇ ਤੋਂ ਉਮੀਦਵਾਰ ਪ੍ਰਿਅੰਕਾ ਰਾਧਾਕ੍ਰਿਸ਼ਨਨ ਨੂੰ 12,440 ਵੋਟਾਂ ਪਈਆਂ ਅਤੇ ਉਨ੍ਹਾਂ ਨੂੰ ਨੈਸ਼ਨਲ ਪਾਰਟੀ ਦੇ ਉਮੀਦਵਾਰ ਡੇਨਿਸ ਲੀਅ ਨੇ 580 ਵੋਟਾਂ ਦੇ ਫ਼ਰਕ ਨਾਲ ਹਰਾਇਆ, ਲੀਅ ਨੂੰ 13,010 ਵੋਟਾਂ ਪਈਆਂ। ਪਰ ਪਾਰਟੀ ਵੋਟ ਵਿੱਚ ਲੇਬਰ ਨੂੰ 14,531 ਅਤੇ ਨੈਸ਼ਨਲ ਨੂੰ 7,918 ਵੋਟਾਂ ਹੀ ਹਾਸਿਲ ਹੋਈਆਂ। ਪ੍ਰਿਅੰਕਾ ਦਾ ਪਾਰਟੀ ‘ਚ ਰੈਂਕ 31 ਸੀ ਤੇ ਉਹ ਲਿਸਟ ਐਮਪੀ ਬਣਨ ਵਿੱਚ ਕਾਮਯਾਬ ਰਹੀ ਹੈ।
ਪਹਿਲੇ ਸਿੱਖ ਸਾਂਸਦ 59 ਸਾਲਾ ਸ. ਕੰਵਲਜੀਤ ਸਿੰਘ ਬਖਸ਼ੀ ਲਿਸਟ ਐਮ. ਪੀ. ਵਜੋਂ ਇਸ ਵਾਰ ਪਾਰਲੀਮੈਂਟ ਜਾਂਦੇ ਨਜ਼ਰ ਨਹੀਂ ਆ ਰਹੇ ਹਨ। ਇਸ ਵਾਰ ਨਵੇਂ ਹਲਕੇ ਪੈਨਮੂਰ-ਓਟਾਹੂਹੂ ਤੋਂ ਨੈਸ਼ਨਲ ਪਾਰਟੀ ਦੇ ਉਮੀਦਵਾਰ ਸ. ਬਖਸ਼ੀ ਨੂੰ ਲੇਬਰ ਪਾਰਟੀ ਦੀ ਜੈਨੀ ਸੇਲੇਸਾ ਨੇ 13,541 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਸ. ਬਖਸ਼ੀ ਨੂੰ 3,243 ਵੋਟਾਂ ਪਈਆਂ ਜਦੋਂ ਕਿ ਸੇਲੇਸਾ ਨੂੰ 16,784 ਵੋਟਾਂ ਮਿਲੀਆਂ। ਪਾਰਟੀ ਵੋਟ ‘ਵੀ ਲੇਬਰ ਨੇ 16,466 ਵੋਟ ਤੇ ਨੈਸ਼ਨਲ ਨੂੰ 2,970 ਵੋਟਾਂ ਪਈਆਂ। ਜ਼ਿਕਰਯੋਗ ਹੈ ਕਿ ਸ. ਬਖਸ਼ੀ 2017 ਦੀਆਂ ਪਿਛਲੀਆਂ ਚੋਣਾਂ ਵਿੱਚ ਵੀ ਲੇਬਰ ਦੀ ਸੇਲੇਸਾ ਤੋਂ ਹੀ ਹਾਰੇ ਸਨ। ਸ. ਬਖਸ਼ੀ ਪਹਿਲੀ ਵਾਰ ਦੇਸ਼ ਦੀ 49ਵੀਂ ਸੰਸਦ ਦੇ ਵਿੱਚ ਨੈਸ਼ਨਲ ਪਾਰਟੀ ਵੱਲੋਂ ਪਹਿਲੀ ਵਾਰ ਦਸਤਾਰਧਾਰੀ ਸਿੱਖ ਵਜੋਂ ਸਾਂਸਦ ਬਣੇ ਸਨ ਅਤੇ ਇਸ ਵਾਰ ਉਹ ਲਗਾਤਾਰ 5ਵੀਂ ਵਾਰ ਲਿਸਟ ਐਮਪੀ ਦੀ ਦੌੜ ਵਿੱਚ ਸਨ। ਪਾਰਟੀ ਵਿੱਚ ਉਨ੍ਹਾਂ ਦੀ ਰੈਕਿੰਗ 24ਵੀਂ ਸੀ।
ਨੈਸ਼ਨਲ ਪਾਰਟੀ ਦੀ ਦੂਜੀ ਉਮੀਦਵਾਰ 50 ਸਾਲਾ ਡਾ.ਪਰਮਜੀਤ ਕੌਰ ਪਰਮਾਰ ਵੀ ਲਿਸਟ ਐਮਪੀ ਦੀ ਦੌੜ ਤੋਂ ਬਾਹਰ ਹੋ ਗਈ ਹੈ। 2014 ਦੀਆਂ ਆਮ ਚੋਣਾਂ ਦੇ ਵਿੱਚ ਪਹਿਲੀ ਵਾਰ ਲਿਸਟ ਐਮਪੀ ਬਣੀ ਡਾ. ਪਰਮਜੀਤ ਹੁਣ ਤੀਜੀ ਵਾਰ ਲਿਸਟ ਐਮਪੀ ਬਣਨ ਦੀ ਦੌੜ ਵਿੱਚ ਸੀ, ਪਾਰਟੀ ਵਿੱਚ ਉਸ ਦਾ ਰੈਂਕ 27ਵੀਂ ਸੀ। ਪਰ ਉਸ ਨੂੰ ਮਾਊਂਟ ਰੌਸਕਿਲ ਹਲਕੇ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਮਾਈਕਲ ਵੁੱਡ ਨੇ ਹਰਾਇਆ। ਮਾਈਕਲ ਨੂੰ 17,356 ਵੋਟਾਂ ਪਈਆਂ, ਜਦੋਂ ਕਿ ਡਾ. ਪਰਮਾਰ ਨੂੰ 7,842 ਵੋਟਾਂ ਮਿਲੀਆਂ ਤੇ ਉਹ 9,514 ਵੋਟਾਂ ਨਾਲ ਹਾਰ ਗਈ। ਪਾਰਟੀ ਵੋਟ ਵਿੱਚ ਵੀ ਲੇਬਰ ਨੂੰ 15,826 ਅਤੇ ਨੈਸ਼ਨਲ ਨੂੰ 7,772 ਵੋਟਾਂ ਪਈਆਂ।
ਲੇਬਰ ਪਾਰਟੀ ਦੀ ਪੰਜਾਬੀ ਮਹਿਲਾ ਉਮੀਦਵਾਰ ਬਲਜੀਤ ਕੌਰ ਨੂੰ ਪੋਰਟ ਵਾਇਕਾਟੋ ਤੋਂ ਹਾਰ ਝੱਲਣੀ ਪਈ। ਉਸ ਨੂੰ ਨੈਸ਼ਨਲ ਪਾਰਟੀ ਦੇ ਉਮੀਦਵਾਰ ਐਂਡਰੀਉ ਬੈਲੀ ਨੇ 4,261 ਵੋਟਾਂ ਨਾਲ ਹਰਾਇਆ। ਨੈਸ਼ਨਲ ਦੇ ਬੈਲੀ ਨੂੰ 13,582 ਵੋਟ ਪਏ ਜਦੋਂ ਕਿ ਬਲਜੀਤ ਕੌਰ ਨੂੰ 9,321 ਵੋਟਾਂ ਮਿਲੀਆਂ। ਪਰ ਪਾਰਟੀ ਵੋਟ ਵਿੱਚ ਲੇਬਰ ਨੂੰ 13,471 ਵੋਟਾਂ ਤੇ ਨੈਸ਼ਨਲ ਨੂੰ 12,726 ਵੋਟਾਂ ਪਈਆਂ। ਬਲਜੀਤ ਕੌਰ ਨੂੰ ਪਾਰਟੀ ਵੱਲੋਂ ਕੋਈ ਰੈਂਕ ਨਹੀਂ ਦਿੱਤਾ ਗਿਆ ਸੀ।