ਭਾਰਤੀ ਹਵਾਈ ਫ਼ੌਜ ਨੇ ਖੈਬਰ ਪਖ਼ਤੂਨਖਵਾ ‘ਚ ਬਾਲਾਕੋਟ ਸਥਿਤ ਜੈਸ਼ ਦੇ ਅਤਿਵਾਦੀ ਕੈਂਪ ਤਬਾਹ ਕੀਤਾ

ਨਵੀਂ ਦਿੱਲੀ, 27 ਫਰਵਰੀ – 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਦਹਿਸ਼ਤੀ ਹਮਲੇ ਦੇ ਬਾਅਦ ਭਾਰਤ ਨੇ ਵੱਡੇ ਤੜਕੇ ਕੰਟਰੋਲ ਰੇਖਾ ਉਲੰਘ ਕੇ ਕੀਤੇ ਵੱਡੇ ਹਵਾਈ ਹਮਲਿਆਂ ਵਿੱਚ ਪਾਕਿਸਤਾਨ ਵਿਚਲੇ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤਇਬਾ ਦੇ ਤਿੰਨ ਦਹਿਸ਼ਤੀ ਕੈਂਪਾਂ ਨੂੰ ਤਬਾਹ ਕਰ ਦਿੱਤਾ। ਇਨ੍ਹਾਂ ਵਿੱਚੋਂ ਦੋ ਕੈਂਪ ਮਕਬੂਜ਼ਾ ਕਸ਼ਮੀਰ ਤੇ ਤੀਜਾ ਕੈਂਪ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬਾਲਾਕੋਟ ਵਿੱਚ ਸੀ। ਹਮਲੇ ਵਿੱਚ ਜੈਸ਼ ਮੁਖੀ ਮਸੂਦ ਅਜ਼ਹਰ ਦਾ ਨੇੜਲਾ ਰਿਸ਼ਤੇਦਾਰ ਮੌਲਾਨਾ ਯੁਸੂਫ਼ ਅਜ਼ਹਰ ਤੇ ਭਰਾ ਇਬਰਾਹੀਮ ਅਜ਼ਹਰ ਸਮੇਤ 350 ਦੇ ਕਰੀਬ ਜੈਸ਼ ਦਹਿਸ਼ਤਗਰਦ ਤੇ ਸਿਖਲਾਈਯਾਫ਼ਤਾ ਫ਼ਿਦਾਈਨ ਮਾਰੇ ਗਏ। ਲਗਭਗ 21 ਮਿੰਟ ਦੀ ਇਸ ਕਾਰਵਾਈ ‘ਚ 1000 ਕਿੱਲੋ ਬੰਬਾਂ ਦੀ ਵਰਤੋਂ ਕਰਦਿਆਂ ਹਵਾਈ ਫ਼ੌਜ ਨੇ ਬਾਲਾਕੋਟ ਸਥਿਤ ਜੈਸ਼ ਦੇ ਕੈਂਪ ਨਸ਼ਟ ਕੀਤੇ। ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਫੌਜ ਨੇ ਦੋ ਮਿੰਟ ਤੋਂ ਵੀ ਘੱਟ ਸਮੇਂ ‘ਚ ਕਾਰਵਾਈ ਕਰਦਿਆ ਜੈਸ਼ ਦਾ ਸਭ ਤੋਂ ਵੱਡਾ ਸਿਖਲਾਈ ਕੈਂਪ ਨਸ਼ਟ ਕਰ ਦਿੱਤਾ। ਭਾਰਤ ਵੱਲੋਂ ਕੀਤੀ ਇਸ ਵੱਡੀ ਕਾਰਵਾਈ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਲੋਕਾਂ ਨੂੰ ਭਰੋਸਾ ਦਿੰਦਾ ਹਾਂ ਕਿ ਦੇਸ਼ ਸੁਰੱਖਿਅਤ ਹੱਥਾਂ ਵਿੱਚ ਹੈ। ਉਨ੍ਹਾਂ ਕਿਹਾ ਕਿ ਦੇਸ਼ ਤੋਂ ਉੱਪਰ ਕੁੱਝ ਵੀ ਨਹੀਂ ਹੈ। ਉਹ ਹਮੇਸ਼ਾ ਦੇਸ਼ ਦੀ ਰੱਖਿਆ ਕਰਨਗੇ ਅਤੇ ਇਸ ਨੂੰ ਝੁਕਣ ਨਹੀਂ ਦੇਣਗੇ। 
ਖ਼ਬਰਾਂ ਮੁਤਾਬਿਕ ਕਿ ਭਾਰਤੀ ਹਵਾਈ ਸੈਨਾ ਦੇ ਮਿਰਾਜ 2000 ਲੜਾਕੂ ਜਹਾਜ਼ਾਂ ਨੇ ਕੰਟਰੋਲ ਰੇਖਾ ਦੇ ਨਾਲ ਪਾਕਿਸਤਾਨ ਵਾਲੇ ਪਾਸੇ ਕਈ ਥਾਈਂ ਦਹਿਸ਼ਤੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ। ਭਾਰਤ ਹਵਾਈ ਸੈਨਾ ਨੇ ਪਹਿਲਾ ਹਮਲਾ ਸਵੇਰੇ 3:45 ਦੇ ਕਰੀਬ ਮੁਜ਼ੱਫਰਾਬਾਦ ਤੋਂ ਉੱਤਰ-ਪੱਛਮ ਵੱਲ 24 ਕਿਲੋਮੀਟਰ ਦੂਰ ਬਾਲਾਕੋਟ ਵਿੱਚ ਕੀਤਾ। ਤਿੰਨ ਮਿੰਟ ਬਾਅਦ 3:48 ਵਜੇ ਦੂਜਾ ਨਿਸ਼ਾਨਾ ਮੁਜ਼ੱਫਰਾਬਾਦ ਨੂੰ ਬਣਾਇਆ ਜਦੋਂ ਕਿ ਤੀਜਾ ਹਮਲਾ 3:58 ਵਜੇ ਚਕੋਟੀ ਵਿੱਚ ਕੀਤਾ ਗਿਆ। ਭਾਰਤੀ ਹਵਾਈ ਫ਼ੌਜਾ ਦਾ ਪੂਰਾ ਮਿਸ਼ਨ ਸਵੇਰੇ 3 ਵਜੇ ਦੇ ਕਰੀਬ ਸ਼ੁਰੂ ਹੋਇਆ ਸੀ। ਹਮਲੇ ਲਈ 1000 ਕਿੱਲੋ ਵਜ਼ਨੀ ਤੇ ਲੇਜ਼ਰ ਗਾਈਡਿਡ ਬੰਬ (ਨਿਸ਼ਾਨਾ ਨਾ ਖੁੰਝਣ ਵਾਲੇ ਬੰਬ) ਵਰਤੇ ਗਏ। ਖ਼ਬਰਾਂ ਮੁਤਾਬਿਕ ਮਿਰਾਜ ਜੈੱਟਾਂ ਨੇ ਬਾਲਾਕੋਟ, ਮੁਜ਼ੱਫਰਾਬਾਦ ਤੇ ਚਕੋਟੀ ਵਿੱਚ ਦਹਿਸ਼ਤੀ ਟਿਕਾਣਿਆਂ ਨੂੰ ਤਬਾਹ ਕੀਤਾ।