ਭਾਰਤ ਚੈਂਪੀਅਨਜ਼ ਟਰਾਫ਼ੀ ਜਿੱਤਣ ਤੋਂ ਖੁੰਝਿਆ, ਆਸਟਰੇਲੀਆ ਦਾ 15ਵੀਂ ਵਾਰ ਖ਼ਿਤਾਬ ‘ਤੇ ਕਬਜ਼ਾ

ਬਰੇਡਾ, 2 ਜੁਲਾਈ –  ਭਾਰਤ ਦਾ ਚੈਂਪੀਅਨਜ਼ ਟਰਾਫ਼ੀ ਖ਼ਿਤਾਬ ਜਿੱਤਣ ਦਾ ਸੁਫ਼ਨਾ ਪੂਰਾ ਨਹੀਂ ਹੋ ਸਕਿਆ ਅਤੇ ਇੱਥੇ 1 ਜੁਲਾਈ ਦਿਨ ਐਤਵਾਰ ਨੂੰ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਪਿਛਲੀ ਚੈਂਪੀਅਨ ਆਸਟਰੇਲੀਆ ਤੋਂ ਪੈਨਲਟੀ ਸ਼ੂਟਆਊਟ ਵਿੱਚ 1-3 ਤੋਂ ਹਾਰ ਗਿਆ। ਇਹ ਲਗਾਤਾਰ ਦੂਜਾ ਮੌਕਾ ਹੈ ਜਦੋਂ ਚੈਂਪੀਅਨਜ਼ ਟਰਾਫ਼ੀ  ਦੇ ਫਾਈਨਲ ਵਿੱਚ ਭਾਰਤ ਨੂੰ ਆਸਟਰੇਲੀਆ ਨੇ ਹਰਾਇਆ ਹੈ। ਭਾਰਤ ਦੋ ਸਾਲ ਪਹਿਲਾਂ ਲੰਡਨ ਵਿੱਚ ਵੀ ਆਸਟਰੇਲੀਆ ਤੋਂ ਫਾਈਨਲ ਵਿੱਚ ਹਾਰਿਆ ਸੀ। ਆਸਟਰੇਲੀਆ ਦਾ ਇਹ 15ਵਾਂ ਚੈਂਪੀਅਨਜ਼ ਟਰਾਫ਼ੀ ਖ਼ਿਤਾਬ ਹੈ ਜਦੋਂ ਕਿ ਭਾਰਤ ਇੱਕ ਵਾਰ ਵੀ ਇਸ ਖ਼ਿਤਾਬ ਨੂੰ ਨਹੀਂ ਜਿੱਤ ਸਕਿਆ।
ਇਹ ਟੂਰਨਾਮੈਂਟ ਦਾ 37ਵਾਂ ਅਤੇ ਆਖ਼ਰੀ ਸੈਸ਼ਨ ਸੀ, ਭਾਰਤੀ ਟੀਮ ਖ਼ਿਤਾਬ ਜਿੱਤਣ ਦੇ ਕਰੀਬ ਪਹੁੰਚ ਗਈ ਸੀ। ਚੌਥੇ ਕੁਆਟਰ ਦਾ ਖੇਡ ਖ਼ਤਮ ਹੋਣ ਤੱਕ ਦੋਵੇਂ ਟੀਮਾਂ 1-1 ਗੋਲ ਨਾਲ ਬਰਾਬਰ ਰਹੀਆਂ, ਜਿਸ ਦੇ ਬਾਅਦ ਮੈਚ ਦਾ ਫ਼ੈਸਲਾ ਪੈਨਲਟੀ ਸ਼ੂਟਆਉਟ ਨਾਲ ਹੋਇਆ।  ਪੈਨਲਟੀ ਸ਼ੂਟਆਉਟ ਵਿੱਚ ਆਸਟਰੇਲੀਆ ਦੇ ਗੋਲਕੀਪਰ ਟੇਲਰ ਲੋਵੇਲ ਤਿੰਨ ਬਚਾਅ ਕਰਕੇ ਮੈਚ ਦੇ ਹੀਰੋ ਬਣੇ।  ਉਨ੍ਹਾਂ ਨੇ ਸਰਦਾਰ ਸਿੰਘ, ਹਰਮਨਪ੍ਰੀਤ ਸਿੰਘ ਅਤੇ ਲਲਿਤ ਉਪਾਧਿਆਏ ਨੂੰ ਗੋਲ ਨਹੀਂ ਕਰਨ ਦਿੱਤਾ। ਪੈਨਲਟੀ ਸ਼ੂਟਆਉਟ ਵਿੱਚ ਭਾਰਤ ਲਈ ਸਿਰਫ਼ ਮਨਪ੍ਰੀਤ ਸਿੰਘ ਹੀ ਗੋਲ ਕਰ ਸਕਿਆ। ਆਸਟਰੇਲੀਆ ਦੇ ਆਰਨ ਜੇਲੇਵਸਕੀ ਅਤੇ ਡੈਨੀਅਲ ਬੇਲ ਨੇ ਪੈਨਲਟੀ ਵਿੱਚ 2-0 ਦੀ ਬੜ੍ਹਤ ਦੁਆਈ। ਇਸ ਦੇ ਬਾਅਦ ਭਾਰਤੀ ਗੋਲਕੀਪਰ ਸ਼੍ਰੀਜੇਸ਼ ਨੇ ਮੈਥਿਊ ਸਵਾਨ ਅਤੇ ਟਾਮ ਕ੍ਰੈਗ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ, ਪਰ ਗਰੈਮ ਐਡਵਾਰਡਸ ਨੇ ਗੋਲ ਕਰ ਆਸਟਰੇਲੀਆ ਨੂੰ 3-1 ਤੋਂ ਜਿੱਤ ਦੁਆ ਦਿੱਤੀ।
ਭਾਰਤੀ ਟੀਮ ਇਸ ਗੱਲ ਤੋਂ ਸੰਤੁਸ਼ਟ ਹੋਵੇਗੀ ਕਿ ਉਸ ਨੇ ਮੈਚ ਦੇ ਦੌਰਾਨ 60 ਮਿੰਟ ਤੱਕ ਵਰਲਡ ਚੈਂਪੀਅਨ ਨੂੰ ਨਾ ਸਿਰਫ਼ ਸਖ਼ਤ ਟੱਕਰ ਦਿੱਤੀ ਸਗੋਂ ਮੈਚ ਦੇ ਜ਼ਿਆਦਾ ਸਮੇਂ ਵਿੱਚ ਆਸਟਰੇਲੀਆ ਉੱਤੇ ਹਾਵੀ ਰਹੀ।  ਭਾਰਤੀ ਟੀਮ ਕਈ ਮੌਕਿਆਂ ਦਾ ਲਾਹਾ ਨਹੀਂ ਚੁੱਕ ਸਕੀ ਜਿਸ ਦਾ ਉਸ ਨੂੰ ਖ਼ਾਮਿਆਜ਼ਾ ਭੁਗਤਣਾ ਪਿਆ।
ਮੈਚ ਦੇ 24ਵੇਂ ਮਿੰਟ ਵਿੱਚ ਬਲੈਕ ਗੋਵੇਅਰਜ਼ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਆਸਟਰੇਲੀਆ ਨੂੰ 1-0 ਤੋਂ ਅੱਗੇ ਕਰ ਦਿੱਤਾ। ਇਸ ਦੇ ਬਾਅਦ ਵਿਵੇਕ ਸਾਗਰ ਨੇ 42ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਭਾਰਤ ਨੂੰ ਮੁਕਾਬਲਾ ਵਿੱਚ ਵਾਪਸੀ ਦਵਾਈ ਅਤੇ ਤੈਅ ਸਮੇਂ ਤੱਕ ਮੁਕਾਬਲਾ 1-1 ਗੋਲ ਨਾਲ ਬਰਾਬਰ ਰਿਹਾ। ਮੇਜ਼ਬਾਨ ਨੀਦਰਲੈਂਡ ਨੇ ਉਲੰਪਿਕ ਚੈਂਪੀਅਨ ਅਰਜਨਟੀਨਾ ਨੂੰ 2-0 ਗੋਲ ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਅਤੇ ਬੈਲਜੀਅਮ ਨੇ ਪਾਕਿਸਤਾਨ ਨੂੰ ਹਰਾ ਕੇ ੫ਵਾਂ ਸਥਾਨ ਪ੍ਰਾਪਤ ਕੀਤਾ।