ਭਾਰਤ ਤੇ ਪਾਕਿਸਤਾਨ ਵਿਚਾਲੇ ਵਿਸ਼ਵ ਕੱਪ ਦਾ ਫਾਈਨਲ ਅੱਜ

ਮਹਿਲਾ ਵਰਗ ਦੇ ਫਾਈਨਲ ਵਿੱਚ ਭਾਰਤ ਤੇ ਮਲੇਸ਼ੀਆ ਵਿਚਾਲੇ ਹੋਵੇਗਾ ਮੁਕਾਬਲਾ
ਅਕਸ਼ੈ ਕੁਮਾਰ ਤੇ ਕੈਟਰੀਨਾ ਕੈਫ ਹੋਣਗੇ ਸਮਾਪਤੀ ਸਮਾਰੋਹ ‘ਚ ਖਿੱਚ ਦਾ ਕੇਂਦਰ 
ਲੁਧਿਆਣਾ/ਚੰਡੀਗੜ੍ਹ, 15 ਦਸੰਬਰ – 2 ਕਰੋੜ ਦੇ ਪਹਿਲੇ ਇਨਾਮ ਲਈ ਭਾਰਤ ਤੇ ਪਾਕਿਸਤਾਨ ਦੀਆਂ ਕਬੱਡੀ ਟੀਮਾਂ ਵਿਚਾਲੇ ਅੱਜ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਤੀਸਰੇ ਵਿਸ਼ਵ ਕੱਪ ਕਬੱਡੀ 2012 ਦਾ ਫਾਈਨਲ ਖੇਡਿਆ ਜਾਵੇਗਾ। ਦੋ ਹਫਤਿਆਂ ਚੱਲੇ ਫਸਵੇਂ ਲੀਗ ਮੁਕਾਬਲਿਆਂ ਅਤੇ ਸੈਮੀ ਫਾਈਨਲ ਦੀ ਜਿੱਤ ਤੋਂ ਬਾਅਦ ਫਾਈਨਲ ਵਿੱਚ ਪੁੱਜੀਆਂ ਦੋਵੇਂ ਟੀਮਾਂ ਖਿਤਾਬ ਜਿੱਤਣ ਲਈ ਪੂਰੀ ਵਾਹ ਲਾਉਣਗੀਆਂ। ਦੂਜੇ ਪਾਸੇ ਮਹਿਲਾ ਵਰਗ ਦੇ 51 ਲੱਖ ਰੁਪਏ ਦੇ ਪਹਿਲੇ ਇਨਾਮ ਲਈ ਮੇਜ਼ਬਾਨ ਭਾਰਤ ਤੇ ਮਲੇਸ਼ੀਆ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
ਪੁਰਸ਼ ਵਰਗ ਵਿੱਚ ਲਗਾਤਾਰ ਤੀਜਾ ਫਾਈਨਲ ਖੇਡ ਰਹੀ ਭਾਰਤ ਦੀ ਟੀਮ ਜਿੱਥੇ ਖਿਤਾਬੀ ਹੈਟ੍ਰਿਕ ਦੀ ਤਾਕ ਵਿੱਚ ਰਹੇਗੀ ਉਥੇ ਪਾਕਿਸਤਾਨ ਦੀ ਟੀਮ ਪਹਿਲੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤ ਹੱਥੋਂ ਹੋਈ ਹਾਰ ਦਾ ਬਦਲਾ ਲੈਣ ਅਤੇ ਆਪਣੇ ਪਹਿਲੇ ਖਿਤਾਬ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਭਾਰਤ ਦੀ ਟੀਮ ਨੇ ਪਿਛਲੇ ਦੋਵੇਂ ਵਿਸ਼ਵ ਕੱਪ ਮੁਕਾਬਲਿਆਂ ਵਿੱਚ ਚੈਂਪੀਅਨ ਹੋਣ ਦਾ ਮਾਣ ਹਾਸਲ ਕੀਤਾ ਸੀ। ਇਸ ਵਾਰ ਵੀ ਭਾਰਤ ਨੇ ਆਪਣੇ ਪੂਲ ਵਿੱਚ ਚੋਟੀ ‘ਤੇ ਰਹਿੰਦਿਆਂ ਸੈਮੀ ਫਾਈਨਲ ਵਿੱਚ ਇਰਾਨ ਨੂੰ ਮਾਤ ਦੇ ਕੇ ਫਾਈਨਲ ਦੀ ਟਿਕਟ ਕਟਾਈ। ਪਾਕਿਸਤਾਨ ਦੀ ਟੀਮ ਨੂੰ ਦੂਜੇ ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਕੈਨੇਡਾ ਅਤੇ ਪਹਿਲੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤ ਹੱਥੋਂ ਹਾਰ ਦਾ ਸਾਹਮਣਾ ਕੀਤਾ ਸੀ। ਇਸ ਵਾਰ ਪਾਕਿਸਤਾਨ ਦੀ ਟੀਮ ਪਿਛਲੇ ਦੋਵਾਂ ਮੌਕਿਆਂ ਤੋਂ ਹੋਈਆਂ ਗਲਤੀਆਂ ਨੂੰ ਦੂਰ ਕਰ ਕੇ ਚੈਂਪੀਅਨ ਬਣਨ ਲਈ ਮੈਦਾਨ ਵਿੱਚ ਉਤਰੇਗੀ।
ਮਹਿਲਾ ਵਰਗ ਦਾ ਫਾਈਨਲ ਭਾਰਤ ਤੇ ਮਲੇਸ਼ੀਆ ਦੀਆਂ ਟੀਮਾਂ ਵਿਚਾਲੇ ਪੁਰਸ਼ ਫਾਈਨਲ ਅਤੇ ਸਮਾਪਤੀ ਸਮਾਰੋਹ ਤੋਂ ਪਹਿਲਾਂ ਸ਼ਾਮ ਪੰਜ ਵਜੇ ਖੇਡਿਆ ਜਾਵੇਗਾ। ਇਹ ਫਾਈਨਲ ਪਹਿਲਾਂ ਬੀਤੇ ਦਿਨ ਜਲੰਧਰ ਵਿਖੇ ਖੇਡਿਆ ਜਾਣਾ ਸੀ ਪਰ ਮੀਂਹ ਕਾਰਨ ਇਸ ਨੂੰ ਅੱਗੇ ਪਾ ਦਿੱਤਾ ਸੀ। ਭਾਰਤੀ ਟੀਮ ਜੋ ਪਿਛਲੀ ਵਾਰ ਵੀ ਵਿਸ਼ਵ ਚੈਂਪੀਅਨ ਬਣੀ ਸੀ, ਇਸ ਵਾਰ ਆਪਣਾ ਵਿਸ਼ਵ ਖਿਤਾਬ ਕਾਇਮ ਰੱਖਣ ਲਈ ਖੇਡੇਗੀ। ਹੈਰਾਨੀਜਨਕ ਢੰਗ ਨਾਲ ਉਭਰੀ ਮਲੇਸ਼ੀਆ ਦੀ ਟੀਮ ਪਹਿਲੀ ਵਾਰ ਖੇਡਣ ਆਈ ਸੀ ਅਤੇ ਉਹ ਫਾਈਨਲ ਵਿੱਚ ਵੱਡੇ ਉਲਟ ਫੇਰ ਦੀ ਟੇਕ ਵਿੱਚ ਰਹੇਗੀ।
ਗੁਰੂ ਨਾਨਕ ਸਟੇਡੀਅਮ ਵਿਖੇ ਦੋਵੇਂ ਫਾਈਨਲ ਮੁਕਾਬਲਿਆਂ ਦੇ ਵਿਚਕਾਰ ਰੰਗਾਰੰਗ ਸਮਾਪਤੀ ਸਮਾਰੋਹ ਹੋਵੇਗਾ ਜਿਸ ਵਿੱਚ ਬਾਲੀਵੁੱਡ ਸਿਤਾਰੇ ਅਕਸ਼ੇ ਕੁਮਾਰ ਤੇ ਕੈਟਰੀਨਾ ਕੈਫ ਖਿੱਚ ਦਾ ਕੇਂਦਰ ਹੋਣਗੇ। ਇਸ ਤੋਂ ਇਲਾਵਾ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਸੁਖਵਿੰਦਰ, ਪੰਜਾਬੀ ਗਾਇਕ ਦਿਲਜੀਤ ਦੁਸਾਂਝ ਵੀ ਦਰਸ਼ਕਾਂ ਦਾ ਮਨੋਰੰਜਨ ਕਰਨਗੇ।