ਭਾਰਤ ਨੇ ਆਸਟਰੇਲੀਆ ਨੂੰ ਹਰਾ ਕੇ ਟੈੱਸਟ ਸੀਰੀਜ਼ 2-1 ਨਾਲ ਜਿੱਤੀ, ਗਾਬਾ ‘ਚ ਰਚਿਆ ਇਤਿਹਾਸ

ਬ੍ਰਿਸਬੇਨ, 19 ਜਨਵਰੀ – ਇੱਥੇ ਮਹਿਮਾਨ ਟੀਮ ਭਾਰਤ ਨੇ ਮੇਜ਼ਬਾਨ ਆਸਟਰੇਲੀਆ ਨੂੰ ਚੌਥੇ ਤੇ ਆਖ਼ਰੀ ਟੈੱਸਟ ਮੈਚ ਵਿੱਚ 3 ਵਿਕਟਾਂ ਨਾਲ ਹਰਾ ਕੇ 4 ਟੈੱਸਟ ਮੈਚਾਂ ਦੀ ਸੀਰੀਜ਼ ਨੂੰ 2-1 ਨਾਲ ਜਿੱਤਣ ਦੇ ਨਾਲ ਹੀ ਬਾਰਡਰ-ਗਾਵਸਕਰ ਟਰਾਫ਼ੀ ‘ਤੇ ਆਪਣਾ ਕਬਜ਼ਾ ਕਾਇਮ ਰੱਖਿਆ। ਭਾਰਤ ਨੇ ਅਸਟਰੇਲੀਆ ਵਿੱਚ ਇਹ ਲਗਾਤਾਰ ਦੂਜੀ ਸੀਰੀਜ਼ ਜਿੱਤ ਕੇ ਇਤਿਹਾਸ ਬਣਾ ਦਿੱਤਾ ਹੈ।
ਭਾਰਤ ਨੂੰ ਮੈਚ ਜਿੱਤਣ ਲਈ 328 ਦੌੜਾਂ ਦਾ ਟੀਚਾ ਸਰ ਕਰਨਾ ਸੀ, ਜੋ ਉਸ ਨੇ 6 ਵਿਕਟਾਂ ਗੁਆ ਕੇ ਹਾਸਲ ਕੀਤਾ। ਭਾਰਤ ਨੂੰ ਮੈਚ ਅਤੇ ਸੀਰੀਜ਼ ਜਿਤਾਉਣ ਵਿੱਚ ਸ਼ੁਭਮਨ ਗਿੱਲ (91), ਰਿਸ਼ਭ ਪੰਤ (ਅਜੇਤੂ 89) ਅਤੇ ਚੇਤੇਸ਼ਵਰ ਪੁਜਾਰਾ (56) ਦੀ ਅਹਿਮ ਭੂਮਿਕਾ ਰਹੀ। ਗਾਬਾ ਮੈਦਾਨ ਵਿੱਚ ਪਿਛਲੇ 32 ਸਾਲਾਂ ਵਿੱਚ ਮੇਜ਼ਬਾਨ ਆਸਟਰੇਲੀਆ ਦੀ 1988 ਤੋਂ ਬਾਅਦ ਇਹ ਪਹਿਲੀ ਹਾਰ ਹੈ, ਜਦੋਂ ਕਿ ਭਾਰਤ ਨੇ ਇੱਥੇ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਭਾਰਤ ਦੀ ਇਸ ਜਿੱਤ ਤੋਂ ਪਹਿਲਾਂ ਗਾਬਾ ਦੇ ਇਸ ਮੈਦਾਨ ਉੱਤੇ ਇੰਨੀਆਂ ਜ਼ਿਆਦਾ ਦੌੜਾਂ ਦਾ ਟੀਚਾ ਹਾਸਲ ਨਹੀਂ ਹੋਇਆ ਸੀ।
ਭਾਰਤ ਨੂੰ ਮਿਲੀ ਇਸ ਸੀਰੀਜ਼ ਦੀ ਜਿੱਤ ਦਾ ਲਾਭ ਹੋਇਆ, ਦਰਜਾਬੰਦੀ ਵਿੱਚ ਭਾਰਤੀ ਟੀਮ 71.1% ਜਿੱਤ ਨਾਲ ਪਹਿਲੇ ਨੰਬਰ ਉੱਤੇ ਪਹੁੰਚ ਗਈ ਹੈ ਜਦੋਂ ਕਿ ਨਿਊਜ਼ੀਲੈਂਡ ਦੀ ਟੀਮ 70% ਜਿੱਤ ਨਾਲ ਦੂਜੇ ਅਤੇ ਆਸਟਰੇਲੀਆ 69.2% ਜਿੱਤ ਨਾਲ ਤੀਜੇ ਨੰਬਰ ਉੱਤੇ ਖਿਸਕ ਗਈ ਹੈ। ਇੰਗਲੈਂਡ ਦੀ ਟੀਮ 65.2% ਜਿੱਤ ਨਾਲ ਚੌਥੇ ਅਤੇ ਦੱਖਣੀ ਅਫ਼ਰੀਕਾ 40% ਜਿੱਤ ਨਾਲ ਪੰਜਵੇਂ ਨੰਬਰ ਉੱਤੇ ਹੈ।