ਭਾਰਤ ਵਲੋਂ ਪਾਕਿਸਤਾਨੀ ਨਿਵੇਸ਼ ਨੂੰ ਮਨਜ਼ੂਰੀ

ਨਵੀਂ ਦਿੱਲੀ, 2 ਅਗਸਤ, (ਏਜੰਸੀ) – ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਤੇ ਵਪਾਰਕ ਅਦਾਰਿਆਂ ਨੂੰ ਭਾਰਤ ਵਿੱਚ ਨਿਵੇਸ਼ ਦੀ ਰਸਮੀ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਹੈ। ਨਵੀਂ ਦਿੱਲੀ ਵਿੱਚ ਵਪਾਰ ਮੰਤਰਾਲੇ ਦੇ ਸਨਅਤੀ ਨੀਤੀ ਤੇ ਹੱਲਾਸ਼ੇਰੀ ਵਿਭਾਗ ਵਲੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਨੇ ਸਿੱਧੇ ਵਿਦੇਸ਼ੀ ਨਿਵੇਸ਼ ਦੀ ਸੰਪੂਰਨ ਨੀਤੀ ਉਤੇ ਨਜ਼ਰਸ਼ਾਨੀ ਕਰਨ ਤੋਂ ਬਾਅਦ ਪਾਕਿਸਤਾਨ ਨੂੰ ਨਿਵੇਸ਼ ਦੀ ਇਜ਼ਾਜਤ ਦੇਣ ਦਾ ਫੈਸਲਾ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਰੱਖਿਆ ਪੁਲਾੜ ਅਤੇ ਪ੍ਰਮਾਣੂ ਊਰਜਾ ਦੇ ਖੇਤਰਾਂ ਨੂੰ ਛੱਡ ਕੇ ਬਾਕੀ ਖੇਤਰਾਂ ਲਈ ਨਿਵੇਸ਼ ਦੀ ਇਜ਼ਾਜਤ ਦਿੱਤੀ ਜਾਵੇਗੀ। ਸਿੱਧਾ ਵਿਦੇਸ਼ੀ ਨਿਵੇਸ਼ ਸਿਰਫ ਸਰਕਾਰ ਰਾਹੀਂ ਹੀ ਹੋਵੇਗਾ। ਕੋਈ ਵੀ ਗ਼ੈਰ ਭਾਰਤੀ ਕੰਪਨੀ ਐਫ. ਡੀ. ਆਈ. ਨੀਤੀ ਦੀਆਂ ਸ਼ਰਤਾਂ ਉਤੇ ਭਾਰਤ ਵਿੱਚ ਨਿਵੇਸ਼ ਕਰ ਸਕਦੀਆਂ ਹਨ। ਇਸ ਤੋਂ ਪਹਿਲਾਂ ਸਰਕਾਰ ਨੇ ਬੰਗਲਾਦੇਸ਼ ਦੀਆਂ ਕੰਪਨੀਆਂ ਅਤੇ ਨਾਗਰਿਕਾਂ ਨੂੰ ਸਰਕਾਰ ਦੇ ਰਾਹੀਂ ਹੀ ਭਾਰਤ ਵਿੱਚ ਨਿਵੇਸ਼ ਕਰਨ ਦੀ ਇਜ਼ਾਜਤ ਦਿੱਤੀ ਸੀ।