ਭੇਦ ਭਰੇ ਹਾਲਾਤਾਂ ‘ਚ ਫਿਜ਼ਾ ਦੀ ਮੌਤ

ਘਰ ‘ਚੋਂ ਬਰਾਮਦ ਹੋਈ ਗਲੀ-ਸੜੀ ਲਾਸ਼
ਚੰਡੀਗੜ੍ਹ, 6 ਅਗਸਤ (ਏਜੰਸੀ) – ਹਰਿਆਣਾ ਦੇ ਸਾਬਕਾ ਉਮ ਮੁੱਖ ਮੰਤਰੀ ਚੰਦਰ ਮੋਹਨ ਨਾਲ ਵਿਆਹ ਕਰਵਾਉਣ ਪਿੱਛੋਂ ਤਲਾਕ ਲੈਣ ਨਾਲ ਸੁਰਖੀਆਂ ਵਿੱਚ ਆਈ ਫਿਜ਼ਾ ਮੁਹੰਮਦ ਉਰਫ ਅਨੁਰਾਧਾ ਬਾਲੀ ਦੀ ਮ੍ਰਿਤਕ ਦੇਹ ਅੱਜ ਭੇਦ ਭਰੇ ਹਾਲਾਤਾਂ ਵਿੱਚ ਸਥਾਨਕ ਸੈਕਟਰ-48 ਸੀ ਵਿੱਚ ਉਸ ਦੇ ਘਰ ਤੋਂ ਬਰਾਮਦ ਕੀਤੀ ਗਈ। ਫਿਜ਼ਾ ਦੀ ਲਾਸ਼ ਤੋਂ ਬਦਬੂ ਆ ਰਹੀ ਸੀ ਅਤੇ ਉਸ ਵਿੱਚ ਕੀੜੇ ਪੈਣੇ ਸ਼ੁਰੂ ਹੋ ਗਏ ਸਨ।
ਜਾਣਕਾਰੀ ਅਨੁਸਾਰ ਫਿਜ਼ਾ ਮੁਹੰਮਦ ਆਪਣੇ ਘਰ ਵਿੱਚ ਇਕੱਲੀ ਹੀ ਰਹਿੰਦੀ ਸੀ ਅਤੇ ਪਿਛਲੇ ਚਾਰ ਪੰਜ ਦਿਨਾਂ ਤੋਂ ਉਸ ਦਾ ਕਿਸੇ ਨਾਲ ਕੋਈ ਸੰਪਰਕ ਨਹੀਂ ਸੀ। ਅੱਜ ਸਵੇਰੇ ਜਦੋਂ ਉਸ ਦੇ ਚਾਚਾ ਸ੍ਰੀ ਸਤਪਾਲ ਵੱਲੋਂ ਮੋਹਾਲੀ ਪੁਲਿਸ ਨੂੰ ਇਹ ਸੂਚਿਤ ਕੀਤਾ ਗਿਆ ਤਾਂ ਉਸ ਦਾ ਫਿਜ਼ਾ ਨਾਲ 2-3 ਦਿਨਾਂ ਤੋਂ ਸੰਪਰਕ ਨਹੀਂ ਹੋ ਰਿਹਾ। ਇਸ ‘ਤੇ ਜਦੋਂ ਉਹ ਸੈਕਟਰ-48 ਸਥਿਤ ਨਿਵਾਸ ‘ਤੇ ਗਿਆ ਤਾਂ ਉਥੇ ਉਸ ਨੂੰ ਹਾਲਾਤ ਸ਼ੱਕੀ ਲੱਗੇ ਅਤੇ ਘਰ ਤੋਂ ਕਾਫੀ ਬਦਬੂ ਆ ਰਹੀ ਸੀ, ਇਸ ‘ਤੇ ਜਦੋਂ ਪੁਲਿਸ ਦੀ ਟੀਮ ਘਰ ਵਿੱਚ ਦਾਖ਼ਲ ਹੋਈ ਤਾਂ ਫਿਜ਼ਾ ਦੀ ਲਾਸ਼ ਬੈਡ ਉਤੇ ਪਏ ਸੀ। ਲਾਸ਼ ਤੋਂ ਭਾਰੀ ਬਦਬੂ ਆ ਰਹੀ ਸੀ ਤੇ ਇਸ ਵਿੱਚ ਕੀੜੇ ਪੈਣੇ ਸ਼ੁਰੂ ਹੋ ਗਏ ਸਨ, ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਲਾਸ਼ ਕੁਝ ਦਿਨ ਪੁਰਾਣੀ ਹੈ।
ਇਸ ਦੌਰਾਨ ਪੁਲਿਸ ਦੀ ਪੂਰੀ ਟੀਮ ਹਰਕਤ ਵਿੱਚ ਆ ਗਈ ਅਤੇ ਮੋਹਾਲੀ ਦੇ ਐਸ. ਐਸ. ਪੀ. ਸ. ਗੁਰਪ੍ਰੀਤ ਸਿੰਘ ਭੁੱਲਰ ਵਲੋਂ ਮੌਕੇ ਦਾ ਮੁਆਇਨਾ ਕਰਕੇ ਜਾਂਚ ਅਧਿਕਾਰੀਆਂ ਨੂੰ ਹਿਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਮੁਕੰਮਲ ਜਾਂਚ ਕਰਵਾਈ ਜਾ ਰਹੀ ਹੈ। ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ ਗਿਆ।