ਮਸ਼ਹੂਰ ਗਜ਼ਲ ਗਾਇਕ ਮਹਿਦੀ ਹਸਨ ਦਾ ਦੇਹਾਂਤ

ਕਰਾਚੀ – 13 ਜੂਨ ਦਿਨ ਬੁੱਧਵਾਰ ਨੂੰ ਮਸ਼ਹੂਰ ਗਜ਼ਲ ਗਾਇਕ 84 ਸਾਲਾ ਮਹਿਦੀ ਹਸਨ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਗਾਇਕ ਮਹਿਦੀ ਹਸਨ, ਜਿਨ੍ਹਾਂ ਦੇ ਭਾਰਤ ਤੇ ਪਾਕਿਸਤਾਨ ਤੋਂ ਇਲਾਵਾ ਸੰਸਾਰ ਭਰ ਵਿੱਚ ਲੱਖਾਂ-ਕਰੋੜਾਂ ਦਿਵਾਨੇ ਸਨ, ਉਨ੍ਹਾਂ ਨੂੰ ਨਾ ਭੁਲਣ ਵਾਲਾ ਦੁੱਖ ਸਹਿਣਾ ਪਿਆ। ਇੱਥੇ ਦੇ ਆਗਾ ਖਾਨ ਹਸਪਤਾਲ ਵਿਖੇ ਮਹਿਦੀ ਹਸਨ ਨੂੰ ਦਾਖਲ ਕਰਵਾਇਆ ਗਿਆ ਸੀ। ਫੇਫੜਿਆਂ ‘ਚ ਇਨਫੈਕਸ਼ਨ ਦੀ ਬੀਮਾਰੀ ਨਾਲ ਜੂਝ ਰਹੇ ਮਹਿਦੀ ਹਸਨ ਨੂੰ 30 ਮਈ ਨੂੰ ਹਸਪਤਾਲ ਦੇ ਆਈ. ਸੀ. ਯੂ. ‘ਚ ਦਾਖਲ ਕਰਵਾਇਆ ਗਿਆ ਸੀ। ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਗਜ਼ਲ ਗਾਇਕ ਮਹਿਦੀ ਹਸਨ ਨੇ ਬਾਅਦ ਦੁਪਹਿਰ 12 ਵੱਜ ਕੇ 22 ਮਿੰਟ ‘ਤੇ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਗਜ਼ਲ ਗਾਇਕ ਮਹਿਦੀ ਹਸਨ ਦਾ ਜਨਮ ਭਾਰਤ ਦੇ ਰਾਜਸਥਾਨ ਸੂਬੇ ਦੇ ਲੂਨਾ ਕਸਬੇ ਵਿੱਚ ੧੮ ਜੁਲਾਈ 1927 ਨੂੰ ਹੋਇਆ ਸੀ। ਮਹਿਦੀ ਹਸਨ ਦਾ ਪਰਿਵਾਰ 1947 ਵਿੱਚ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਚਲਾ ਗਿਆ ਸੀ। ਉਹ ਕਲਾਵੰਤ ਘਰਾਣੇ ਦੀ 16ਵੀਂ ਪੀੜ੍ਹੀ ਦੇ ਫਨਕਾਰ ਸਨ। ਉਨ੍ਹਾਂ ਬਹੁਤ ਛੋਟੀ ਉਮਰ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ 8 ਸਾਲ ਦੀ ਉਮਰ ਵਿੱਚ ਪਹਿਲਾ ਪ੍ਰੋਗਰਾਮ ਪੇਸ਼ ਕੀਤਾ ਸੀ। ਉਨ੍ਹਾਂ ਨੂੰ ਪਹਿਲੀ ਵਾਰ 1957 ਵਿੱਚ ਰੇਡੀਓ ਪਾਕਿਸਤਾਨ ‘ਚ ਬਤੌਰ ਠੁਮਰੀ ਗਾਇਕ ਵਜੋਂ ਪਹਿਚਾਣ ਮਿਲੀ। ਉਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। 1957 ਤੋਂ 1999 ਤੱਕ ਸਰਗਰਮ ਰਹੇ ਮਹਿਦੀ ਹਸਨ ਨੂੰ 1999 ਵਿੱਚ ਗਲੇ ਦਾ ਕੈਂਸਰ ਹੋਣ ਕਾਰਨ ਗਾਉਣਾ ਛੱਡਣਾ ਪਿਆ ਸੀ।