ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਅਸਤੀਫ਼ਾ

ਮੁੰਬਈ, 25 ਸਤੰਬਰ (ਏਜੰਸੀ) – ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਸਿੰਚਾਈ ਪ੍ਰੋਜੈਕਟ ਵਿਚ ਹੋਏ ਕਥਿਤ ਘੁਟਾਲੇ ਦੇ ਦੋਸ਼ਾਂ ਦੇ ਚਲਦਿਆਂ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਰਾਕਾਂਪਾ ਵਿਧਾਇਕ ਦਲ ਦੇ ਨੇਤਾ ਬਣੇ ਰਹਿਣਗੇ। ਉਨ੍ਹਾਂ ਆਪਣੇ ਅਸਤੀਫ਼ੇ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਪਿਛਲੇ ਦੋ ਮਹੀਨੇਤੋਂ ਸਿੰਚਾਈ ਘੁਟਾਲੇ ਦੇ ਦੋਸ਼……. ਲਗਾਏ ਜਾ ਰਹੇ ਹਨ, ਪ੍ਰੰਤੂ ਇਸ ਵਿਚ ਕੋਈ ਸੱਚਾਈ ਨਹੀਂ ਹੈ।
ਅਜੀਤ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਦੇ ਭਤੀਜੇ ਹਨ। ਉਨ੍ਹਾਂ ਨੇ ਆਪਣਾ ਅਸਤੀਫ਼ਾ ਸ਼ਰਦ ਪਵਾਰ ਨੂੰ ਭੇਜਿਆ, ਜਿਨ੍ਹਾਂ ਨੇ ਉਸ ਨੂੰ ਮਨਜ਼ੂਰ ਕਰਦੇ ਹੋਏ ਇਸ ਨੂੰ ਮੁੱਖ ਮੰਤਰੀ ਪ੍ਰਿਥਵੀ ਰਾਜ ਚਵਾਨ ਦੀ ਮਨਜ਼ੂਰੀ ਲਈ ਭੇਜ ਦਿੱਤਾ। ਅਜੀਤ ਨੇ ਆਪਣੇ ਅਸਤੀਫ਼ੇ ਵਿਚ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਘੁਟਾਲੇ ਦੇ ਦੋਸ਼ਾਂ ਦੀ ਨਿਰਪੱਖ ਜਾਂਚ ਕੀਤੀ ਜਾਵੇ, ਇਸ ਲਈ ਮੇਰਾ ਅਹੁਦੇ ਉਤੇ ਬੈਠਣਾ ਠੀਕ ਨਹੀਂ ਹੋਵੇਗਾ। ਤਿੰਨ ਮਹੀਨੇ ਵਿਚ ਹੀ ਦੋ ਦਰਜਨ ਤੋਂ ਜ਼ਿਆਦਾ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਦੇ ਫ਼ੈਸਲੇ ਦਾ ਬਚਾਅ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਈ ਪ੍ਰੋਜੈਕਟ ਲੰਬੇ ਸਮੇਂ ਤੋਂ ਮਨਜ਼ੂਰੀ ਲਈ ਪਏ ਸੀ, ਮੈਂ ਜਦੋਂ ਦੇਖਿਆ ਕਿ ਇਸ ਨੂੰ ਜਲਦ ਨਿਪਟਾਇਆ ਜਾ ਸਕਦਾ ਹੈ ਤਾਂ ਉਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਮੈਂ ਜ਼ਿੰਦਗੀ ਵਿਚ ਕਿਸੇ ਤੋਂ ਪੰਜ ਪੈਸਾ ਵੀ ਨਹੀਂ ਲਏ। ਜਿਥੋਂ ਤੱਕ ਪ੍ਰਕਿਰਿਆ ਦੀ ਗੱਲ ਹੈ ਤਾਂ ਮੇਰੇ ਕੰਮ ਕਰਨ ਦਾ ਤਰੀਕਾ ਇਹੀ ਹੈ। ਮੈਂ ਬਸ ਇੰਨਾ ਚਾਹੁੰਦਾ ਹਾਂ ਕਿ ਜੋ ਵੀ ਦੋਸ਼ ਹਨ ਉਸ ਦੀ ਜਾਂਚ ਜਲਦ ਤੋਂ ਜਲਦ ਕਰਵਾਈ ਜਾਵੇ।
ਇਸ ਦਰਮਿਆਨ ਮਹਾਰਾਸ਼ਟਰ ਵਿਚ ਰਾਕਾਂਪਾ ਕੋਟੇ ਦੇ ਕੁਝ  ਮੰਤਰੀਆਂ ਨੇ ਮੰਗ ਕੀਤੀ ਹੈ ਕਿ ਪਾਰਟੀ ਨੂੰ ਰਾਜ ਸਰਕਾਰ ਤੋਂ ਸਮਰਥਨ ਵਾਪਸ ਲੈਣਾ ਚਾਹੀਦਾ ਹੈ।