ਮਹਿਲਾ ਹਾਕੀ ਵਰਲਡ ਕੱਪ : ਭਾਰਤੀ ਟੀਮ ਨੇ ਇਟਲੀ ਨੂੰ 3-0 ਨਾਲ ਹਰਾ ਕੇ ਕੁਆਟਰ ਫਾਈਨਲ ‘ਚ ਥਾਂ ਬਣਾਈ

ਲੰਡਨ, 1 ਅਗਸਤ – ਭਾਰਤੀ ਮਹਿਲਾ ਟੀਮ ਨੇ ਸ਼ਾਨਦਾਰ ਨੁਮਾਇਸ਼ ਕਰਦੇ ਹੋਏ 31 ਜੁਲਾਈ ਦਿਨ ਮੰਗਲਵਾਰ ਨੂੰ ਇਟਲੀ ਨੂੰ 3-0 ਨਾਲ ਹਰਾ ਕੇ ਮਹਿਲਾ ਹਾਕੀ ਵਰਲਡ ਕੱਪ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈ। ਹੁਣ ਕੁਆਟਰ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ 2 ਅਗਸਤ ਦਿਨ ਵੀਰਵਾਰ ਨੂੰ ਆਇਰਲੈਂਡ ਨਾਲ ਹੋਵੇਗਾ, ਜਿਸ ਤੋਂ ਭਾਰਤੀ ਟੀਮ ਗਰੁੱਪ ਮੈਚ ਵਿੱਚ ਹਾਰ ਗਈ ਸੀ।
ਭਾਰਤੀ ਟੀਮ ਲਈ ਉਸ ਦੀਆਂ ਖਿਡਾਰਨਾਂ ਲਾਲਰੇਮਸਿਆਮੀ, ਨੇਹਾ ਗੋਇਲ ਅਤੇ ਵੰਦਨਾ ਕਟਾਰੀਆ ਨੇ ਗੋਲ ਕੀਤੇ। ਇੰਗਲੈਂਡ ਵਿੱਚ ਹੋ ਰਹੇ ਵਰਲਡ ਕੱਪ ਟੂਰਨਾਮੈਂਟ ਦੇ ਇਸ ਨਾਕਆਉਟ ਮੁਕਾਬਲੇ ਦੇ ਸ਼ੁਰੂਆਤ ਵਿੱਚ ਦੋਵਾਂ ਟੀਮਾਂ ਨੇ ਹਮਲਾਵਰ ਰੁੱਖ ਅਪਣਾਇਆ, ਪਰ ਦਰਜਾਬੰਦੀ ਵਿੱਚ ਦੁਨੀਆ ਦੀ 10ਵੇਂ ਨੰਬਰ ਦੀ ਟੀਮ ਭਾਰਤ ਨੇ 17ਵੇਂ ਨੰਬਰ ਦੀ ਇਟਲੀ ਦੀ ਟੀਮ ਦੇ ਖ਼ਿਲਾਫ਼ ਪਹਿਲੇ ਹੀ ਕੁਆਟਰ ਵਿੱਚ ਬੜ੍ਹਤ ਲੈ ਲਈ ਸੀ।
ਭਾਰਤੀ ਕਪਤਾਨ ਰਾਣੀ ਰਾਮਪਾਲ ਨੇ ਮੁਕਾਬਲੇ ਤੋਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਜਿੱਤਣ ਲਈ ਮੈਦਾਨ ‘ਚ ਉੱਤਰੇਗੀ। ਮੈਚ ਵਿੱਚ ਅਜਿਹਾ ਦੇਖਣ ਨੂੰ ਵੀ ਮਿਲਿਆ। ਭਾਰਤੀ ਟੀਮ ਨੇ ਪਹਿਲੇ ਕੁਆਟਰ ਦੀ ਸ਼ੁਰੂਆਤ ਵਿੱਚ ਹੀ 1-0 ਦੀ ਮਹੱਤਵਪੂਰਣ ਬੜ੍ਹਤ ਲੈ ਲਈ। ਇਹ ਗੋਲ 9ਵੇਂ ਮਿੰਟ ਵਿੱਚ ਮਿਲੇ ਪੈਨਲਟੀ ਕਾਰਨਰ ਉੱਤੇ ਲਾਲਰੇਮਸਿਆਮੀ ਨੇ ਲਗਾਇਆ। ਭਾਰਤੀ ਖਿਡਾਰਨ ਦੇ ਜ਼ੋਰਦਾਰ ਸ਼ਾਟ ਨੂੰ ਵਿਰੋਧੀ ਗੋਲਕੀਪਰ ਰੋਕ ਨਹੀਂ ਸਕੀ।
ਇਸ ਦੇ ਬਾਅਦ ਹਾਫ਼ ਟਾਈਮ ਤੱਕ ਕੋਈ ਗੋਲ ਨਹੀਂ ਹੋ ਸਕਿਆ। ਹਾਲਾਂਕਿ, ਹਾਫ਼ ਟਾਈਮ ਤੋਂ ਪਹਿਲਾਂ ਇਟਲੀ ਨੂੰ ਫ਼ਰੀ ਹਿੱਟ ਮਿਲੀ ਸੀ, ਪਰ ਇਟਲੀ ਦੀ ਟੀਮ ਇਸ ਮੌਕੇ ਦਾ ਫ਼ਾਇਦਾ ਨਹੀਂ ਲੈ ਸਕੀ। ਤੀਸਰੇ ਕੁਆਟਰ ਵਿੱਚ ਭਾਰਤ ਉਸ ਵੇਲੇ ਅਨ-ਲੱਕੀ ਰਿਹਾ, ਜਦੋਂ ਨਵਨੀਤ ਦਾ ਇੱਕ ਸ਼ਾਟ ਗੋਲ ਪੋਸਟ ਦੇ ਸਜੇ ਵਾਲੇ ਪਾਸੇ ਤੋਂ ਨੇੜਿਓ ਦੀ ਨਿਕਲ ਗਿਆ। ਇੱਥੇ ਭਾਰਤ ਦੇ ਕੋਲ ਗੋਲ ਕਰਨ ਦਾ ਚੰਗਾ ਮੌਕਾ ਸੀ। ਇਸ ਕੁਆਟਰ ਦੇ ਆਖ਼ਰੀ ਪਲਾਂ ਵਿੱਚ ਭਾਰਤ ਨੇ ਦੂਜਾ ਗੋਲ ਕੀਤਾ ਜਦੋਂ ਨੇਹਾ ਗੋਇਲ ਨੇ 45ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤੀ ਟੀਮ ਦੇ ਵਾਧੇ ਨੂੰ ਦੁੱਗਣਾ ਕਰ ਦਿੱਤਾ। ਇਟਲੀ ਦੀ ਟੀਮ ਪੂਰੇ ਮੈਚ ਦੇ ਦੌਰਾਨ ਪਛੜਦੀ ਨਜ਼ਰ ਆਈ ਅਤੇ ਭਾਰਤ ਦੀ ਡਿਫੈਂਸ ਨੂੰ ਤੋੜਨਾ ਉਸ ਦੇ ਲਈ ਮੁਸ਼ਕਲ ਰਿਹਾ। ਭਾਰਤੀ ਖਿਡਾਰਨ ਵੰਦਨਾ ਕਟਾਰੀਆ ਨੇ 55ਵੇਂ ਮਿੰਟ ਵਿੱਚ ਤੀਜਾ ਗੋਲ ਕਰ ਦਿੱਤਾ ਅਤੇ ਅੰਤ ਵਿੱਚ ਭਾਰਤੀ ਮਹਿਲਾ ਟੀਮ ਨੇ 3-0 ਨਾਲ ਜਿੱਤ ਦਰਜ ਕਰਕੇ ਕੁਆਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ।
ਜ਼ਿਕਰਯੋਗ ਹੈ ਕਿ ਪੂਲ ‘ਬੀ’ ਵਿੱਚ ਭਾਰਤ ਦਾ ਸਫ਼ਰ ਆਸਾਨ ਨਹੀਂ ਰਿਹਾ। ਭਾਰਤੀ ਟੀਮ ਨੇ ਇੰਗਲੈਂਡ ਤੇ ਅਮਰੀਕਾ ਦੀਆਂ ਟੀਮਾਂ ਦੇ ਖ਼ਿਲਾਫ਼ ਡਰਾ ਖੇਡਿਆ, ਜਦੋਂ ਕਿ ਆਇਰਲੈਂਡ ਦੇ ਖ਼ਿਲਾਫ਼ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਇਟਲੀ ਨੇ ਚੀਨ ਅਤੇ ਕੋਰਿਆ ਨੂੰ ਹਰਾਇਆ, ਪਰ ਨੀਦਰਲੈਂਡਸ ਦੇ ਖ਼ਿਲਾਫ਼ ਆਪਣੇ ਆਖ਼ਰੀ ਲੀਗ ਮੈਚ ਵਿੱਚ ੧-੧੨ ਦੀ ਕਰਾਰੀ ਹਾਰ ਦੇ ਬਾਅਦ ਟੀਮ ਪੂਲ ‘ਏ’ ਵਿੱਚ ਦੂਜੇ ਸਥਾਨ ਉੱਤੇ ਰਹੀ।