ਮਾਲਵਾ ਪੱਟੀ ‘ਚ ਝੋਨੇ ਦੀ ਫ਼ਸਲ ਪੱਤਾ ਲਪੇਟ ਸੁੰਡੀ ਦੀ ਮਾਰ ਹੇਠ

ਮਾਨਸਾ, 4 ਅਗਸਤ (ਏਜੰਸੀ) – ਮਾਲਵਾ ਪੱਟੀ ‘ਚ ਝੋਨੇ ਦੀ ਫ਼ਸਲ ਉਪਰ ਪੱਤਾ ਲਪੇਟ ਸੁੰਡੀ ਦਾ ਹਮਲਾ ਹੋ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਇਸ ਹਮਲੇ ਨੂੰ ਲੈ ਕੇ ਹਰਕਤ ਵਿੱਚ ਆ ਗਿਆ ਹੈ। ਇਸ ਬਿਮਾਰੀ ਕਾਰਨ ਝੋਨਾ ਉਤਪਾਦਕ ਨਿਰਾਸ਼ ਹੋਣ ਲੱਗੇ ਹਨ ਅਤੇ ਉਹ ਇਸ ਤੋਂ ਬਚਾਓ ਲਈ ਧੜਾ-ਧੜ ਕੀਟਨਾਸ਼ਕ ਦਵਾਈਆਂ ਦੀ ਸਪਰੇਅ ਕਰਨ ਵਿੱਚ ਰੁੱਝ ਗਏ ਹਨ।
ਖੇਤੀਬਾੜੀ ਵਿਭਾਗ ਦੇ ਭੀਖੀ ਸਥਿਤੀ ਵਿਕਾਸ ਅਫ਼ਸਰ ਡਾ. ਹਰਵਿੰਦਰ ਸਿੰਘ ਸਿੱਧੂ ਨੇ ਮੰਨਿਆ ਕਿ ਪੱਤਾ ਲਪੇਟ ਸੁੰਡੀ ਨੇ ਅਗੇਤੇ ਝੋਨੇ ਨੂੰ ਪ੍ਰਭਾਵਤ…… ਕਰਨਾ ਆਰੰਭ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੈਸੇ ਇਹ ਬਿਮਾਰੀ ਅਜੇ ਤੱਕ ਕੁੱਝ ਟਾਂਵੇਂ-ਟੱਲੇ ਖੇਤਾਂ ਵਿੱਚ ਹੀ ਵੇਖਣ ਨੂੰ ਮਿਲੀ ਹੈ, ਪਰ ਬਹੁਤੇ ਕਿਸਾਨ ਇੱਕ-ਦੂਜੇ ਨੂੰ ਵੇਖਾ-ਵੇਖੀ ਹੀ ਇਸ ਤੋਂ ਬਚਾਓ ਲਈ ਜ਼ਹਿਰਾਂ ਦਾ ਛਿੜਕਾਓ ਕਰਨ ਲੱਗੇ ਹਨ।
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫ਼ਸਲ ਵਿਭਾਗ ਦੇ ਮੁੱਖੀ ਡਾ. ਗੁਰਮੀਤ ਸਿੰਘ ਬੁੱਟਰ ਨੇ ਵੀ ਸਵੀਕਾਰ ਕੀਤਾ ਹੈ ਕਿ ਖੇਤੀ ਮਹਿਕਮੇ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਜੂਨ ਦੇ ਦੂਜੇ-ਤੀਜੇ ਹਫ਼ਤੇ ਲਾਏ ਗਏ ਰਵਾਇਤੀ ਝੋਨੇ ਉਪਰ ਇਸ ਦਾ ਹਮਲਾ ਕਿਤੇ-ਕਿਤੇ ਸਾਹਮਣੇ ਆਇਆ ਹੈ।
ਇਸ ਹਮਲੇ ਦੀ ਭਿਣਕ ਖੇਤੀਬਾੜੀ ਮਹਿਕਮੇ ਨੂੰ ਪੈਂਦਿਆਂ ਹੀ ਜ਼ਿਲ੍ਹਾ ਖੇਤੀ ਅਫ਼ਸਰ ਨੇ ਵੱਖ-ਵੱਖ ਬਲਾਕਾਂ ਦੇ ਅਧਿਕਾਰੀਆਂ ਨੂੰ ਇਸ ਤੋਂ ਸੁਚੇਤ ਕਰਦਿਆਂ ਤੁਰੰਤ ਪਿੰਡਾਂ ਵਿੱਚ ਜਾਕੇ ਪੂਰੇ ਮਾਮਲੇ ਦੀ ਜਾਣਕਾਰੀ ਇਕੱਤਰ ਕਰਨ ਦੇ ਆਦੇਸ਼ ਦਿੱਤੇ ਹਨ। ਜ਼ਿਲ੍ਹਾ ਅਧਿਕਾਰੀ ਹਮਲੇ ਸਬੰਧੀ ਵੇਰਵੇ ਅਗਲੇ ਤਿੰਨ ਦਿਨਾਂ ਵਿੱਚ ਮੁੱਖ ਦਫ਼ਤਰ ਨੂੰ ਭੇਜਣ ਦੇ ਫੁਰਮਾਣ ਜਾਰੀ ਕੀਤੇ ਹਨ ਤਾਂ ਜੋ ਇਸ ਤੋਂ ਪੰਜਾਬ ਸਰਕਾਰ ਨੂੰ ਜਾਣੂ ਕਰਵਾਇਆ ਜਾ ਸਕੇ।
ਖੇਤੀ ਵਿਭਾਗ ਦੇ ਪੌਦ ਸੁਰੱਖਿਆ ਅਫ਼ਸਰ ਡਾ. ਜਗਤਾਰ ਸਿੰਘ ਬਰਾੜ ਨੇ ਇਸ ਹਮਲੇ ਸਬੰਧੀ ਇਸ ਏਜੰਸੀ ਦੇ ਇਸ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੱਤਾ ਲਪੇਟ ਸੁੰਡੀ ਦੇ ਹਮਲੇ ਵਿੱਚ ਸੁੰਡੀਆਂ ਪੱਤੇ ਨੂੰ ਲਪੇਟ ਲੈਂਦੀਆਂ ਅਤੇ ਅੰਦਰੋਂ-ਅੰਦਰੀ ਇਸ ਦਾ ਹਰਾ ਮਾਦਾ ਖਾਣ ਲੱਗ ਜਾਂਦੀਆਂ ਹਨ, ਜਿਸ ਨਾਲ ਪੱਤਿਆਂ ਉਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸੁੰਡੀ ਦਾ ਹਮਲਾ ਇਸ ਵਾਰ ਅਗੇਤਾ ਪੈ ਗਿਆ ਹੈ, ਜਦੋਂ ਕਿ ਆਮ ਤੌਰ ‘ਤੇ ਇਹ ਹਮਲਾ ਅਗਸਤ ਦੇ ਦੂਜੇ ਹਫ਼ਤੇ ਤੋਂ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਹੀ ਵੇਖਣ ਵਿੱਚ ਮਿਲਦਾ ਰਿਹਾ ਹੈ।
ਖੇਤੀ ਮਹਿਕਮੇ ਦੇ ਭੀਖੀ ਸਥਿਤ ਬਲਾਕ ਅਫ਼ਸਰ ਡਾ. ਹਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਹਮਲੇ ਤੋਂ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਇਹ ਬਿਮਾਰੀ ਦਵਾਈਆਂ ਦੇ ਆਸਰੇ ਨਾਲ ਕੰਟਰੋਲ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਕਾਰਨ, ਜਦੋਂ ਪੱਤਿਆਂ ਦਾ ਨੁਕਸਾਨ 10 ਪ੍ਰਤੀਸ਼ਤ ਤੋਂ ਵਧੇਰੇ ਵੇਖਣ ਨੂੰ ਸਾਹਮਣੇ ਆ ਜਾਵੇ ਤਾਂ ਇਸ ਸੁੰਡੀ ਦੀ ਰੋਕਥਾਮ ਵਾਸਤੇ 350 ਮਿਲੀ ਲਿਟਰ ਟਰਾਈਐਜੋਫ਼ਾਸ ਜਾਂ ਇੱਕ ਲਿਟਰ ਕਲੋਰਪਾਈਰੀਫਾਸ , 360 ਮਿਲੀ ਲਿਟਰ ਮੋਨੋਕਰੋਟੋਫਾਸ ਪ੍ਰਤੀ ਏਕੜ ਦਾ ਛਿੜਕਾਅ, 100 ਲੀਟਰ ਪਾਣੀ ਵਿੱਚ ਘੋਲਕੇ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਦਵਾਈਆਂ ਨੂੰ ਖੇਤੀਬਾੜੀ ਮਹਿਕਮੇ ਦੀ ਸਿਫਾਰਸ਼ ਅਨੁਸਾਰ ਹੀ ਆਪਣੇ ਖੇਤਾਂ ਵਿੱਚ ਛਿੜਕਣ, ਨਾ ਕਿ ਕੀਟਨਾਸ਼ਕ ਦਵਾਈਆਂ ਨੂੰ ਵੇਚਣ ਵਾਲਿਆਂ ਦੀ ਰਜਾ ਅਨੁਸਾਰ ਖਰੀਦਣ।
ਇਸੇ ਦੌਰਾਨ ਖੇਤੀਬਾੜੀ ਵਿਭਾਗ ਵਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਅਮਿਤ ਢਾਕਾ ਨੂੰ ਜ਼ਿਲ੍ਹੇ ਦੇ ਮੁੱਖੀ ਹੋਣ ਵਜੋਂ ਇਸ ਹਮਲੇ ਦੇ ਕੁੱਝ ਪਿੰਡਾਂ ਵਿੱਚ ਸਾਹਮਣੇ ਆਉਣ ਸਬੰਧੀ ਜਾਣਕਾਰੀ ਦੇ ਦਿੱਤੀ ਹੈ ਅਤੇ ਡਿਪਟੀ ਕਮਿਸ਼ਨਰ ਇਸ ਹਮਲੇ ਤੋਂ ਬਚਾਓ ਲਈ ਖੇਤੀ ਵਿਭਾਗ ਨੂੰ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਪਿੰਡਾਂ ਵਿੱਚ ਕੈਂਪ ਲਾਕੇ ਇਸ ਬਿਮਾਰੀ ਤੋਂ ਬਚਾਓ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ।