ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਉੱਘੇ ਫ਼ਨਕਾਰ ਗਾਇਕ ਰਾਜ ਕਾਕੜਾ, ਗੁਰਬਿੰਦਰ ਬਰਾੜ ਤੇ ਧਰਮਪ੍ਰੀਤ ਦਾ ਸਨਮਾਨ

ਆਕਲੈਂਡ, 11 ਨਵੰਬਰ (ਕੂਕ ਸਮਾਚਾਰ) – ਇੱਥੇ  ਅੱਜ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਆਯੋਜਿਤ ਇੱਕ ਸਭਿਆਚਾਰਕ ਮਿਲਣੀ ਦੌਰਾਨ ਪੰਜਾਬ ਤੋਂ ਪਹੁੰਚੇ ਕਲਾਕਾਰ ਸ. ਰਾਜਵਿੰਦਰ ਸਿੰਘ (ਰਾਜ ਕਾਕੜਾ), ਗਾਇਕ ਗੁਰਬਿੰਦਰ ਬਰਾੜ (ਗੀਤਕਾਰ ਤੇ ਗਾਇਕ) ਅਤੇ ਧਰਮਪ੍ਰੀਤ ਨੂੰ ਹਾਜ਼ਰ ਸਰੋਤਿਆਂ ਦੇ ਰੂ-ਬਰੂ ਕੀਤਾ ਗਿਆ। ਇਸ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮਾਲਵਾ ਕਲੱਬ ਦੇ ਮੈਂਬਰਾਂ, ਸਹਿਯੋਗੀਆਂ, ਪੰਜਾਬੀ ਮੀਡੀਆ ਕਰਮੀ ਅਤੇ ਵਾਇਕਾਟੋ ਪੰਜਾਬੀ ਕਲਚਰਲ ਕਲੱਬ ਦੇ ਮੈਂਬਰਾਂ ਨੇ ਹਾਜ਼ਰੀ ਲਗਵਾਈ। ਇਸ ਮੌਕੇ ਸ. ਬਿਕਰਮਜੀਤ ਸਿੰਘ ਮਟਰਾਂ ਨੇ ਮਾਈਕ ਸੰਭਾਲਦਿਆਂ ਵਾਰੋ-ਵਾਰੀ ਬੁਲਾਰਿਆਂ ਨੂੰ ਵਿਚਾਰ ਪੇਸ਼ ਕਰਨ ਦਾ ਸੱਦਾ ਦਿੱਤਾ, ਜਿਨ੍ਹਾਂ ਵਿੱਚ ਗੀਤਕਾਰ, ਗਾਇਕ ਤੇ ਹੁਣ ਨਾਇਕ ਰਾਜ ਕਾਕੜਾ, ਗਾਇਕ ਗੁਰਬਿੰਦਰ ਬਰਾੜ ਅਤੇ ਧਰਮਪ੍ਰੀਤ, ਨਰਿੰਦਰ ਕੁਮਾਰ ਸਿੰਗਲਾ, ਜਸਪ੍ਰੀਤ ਸਿੰਘ ਰਾਜਪੁਰਾ, ਰੇਡੀਓ ਸਪਾਈਸ ਤੋਂ ਪਰਮਿੰਦਰ ਸਿੰਘ, ਜੱਗੀ ਰਾਮੂਵਾਲੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੌਬੀ ਬਰਾੜ ਨੇ ਵਿਚਾਰ ਸਾਂਝੇ ਕੀਤੇ ਅਤੇ ਫਿਲਮ ‘ਕੌਮ-ਦੇ-ਹੀਰੇ’ ਦੀ ਕਾਮਯਾਬੀ ਬਾਰੇ ਗੱਲ ਕੀਤੀ। ਮਾਲਵਾ ਕਲੱਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਰੇਵਾਲ ਨੇ ਆਪਣੇ ਸੰਬੋਧਨ ਵਿੱਚ ਸਾਰੇ ਸੱਜਣ ਮਿੱਤਰਾਂ ਦਾ ਧੰਨਵਾਦ ਕੀਤਾ ਅਤੇ ਪੰਜਾਬੀ ਗਾਇਕ ਰਾਜ ਕਾਕੜਾ ਨੂੰ ਫਿਲਮ ਨੂੰ ਸਹਿਯੋਗ ਦੇਣ ਦੀ ਗੱਲ ਵੀ ਕਹੀ। ਮਾਲਵਾ ਕਲੱਬ ਵਲੋਂ ਰਾਜ ਕਾਕੜਾ, ਗੁਰਬਿੰਦਰ ਬਰਾੜ ਅਤੇ ਧਰਮਪ੍ਰੀਤ ਦਾ ਸਨਮਾਨ ਵੀ ਕੀਤਾ ਗਿਆ। ਗਰੇਵਾਲ ਭਰਾਵਾਂ ਨੇ ਮੇਜ਼ਬਾਨੀ ਕਰਦਿਆਂ ਇਸ ਸਮਾਗਮ ਨੂੰ ਸਫਲ ਕਰਨ ਵਿੱਚ ਖ਼ਾਸ ਯੋਗਦਾਨ ਪਾਇਆ।