ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ ਚੌਥਾ ਮਾਘੀ ਮੇਲਾ 14 ਜਨਵਰੀ ਨੂੰ ਮਨਾਇਆ ਜਾਵੇਗਾ

ਆਕਲੈਂਡ-ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ ਚੌਥਾ ਮਾਘੀ ਮੇਲਾ 14 ਜਨਵਰੀ ਦਿਨ ਸ਼ਨਿਚਰਵਾਰ ਨੂੰ ਟੈਲਸਟਰਾ ਕਲੀਅਰ ਸੈਂਟਰ ਮੈਨੇਕਾਉ ਵਿਖੇ ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ਕਰਵਾਇਆ ਜਾ ਰਿਹਾ ਹੈ। ਇਸ ਵਾਰ ਮਾਘੀ ਮੇਲੇ ਦੇ ਵਿਚ ਪੰਜਾਬੀ ਸਭਿਆਚਾਰ ਨੂੰ ਗੀਤਾਂ ਦੇ ਜਰੀਏ ਸਰੋਤਿਆਂ ਤੱਕ ਪਹੁੰਚਾਉਣ ਦੇ ਲਈ ਪੰਜਾਬ ਤੋਂ ਜਿੱਥੇ ਪ੍ਰਸਿੱਧ ਪੰਜਾਬੀ ਗਾਇਕ ਸੁਖਵਿੰਦਰ ਸੁੱਖੀ, ਦੋ ਗਾਣਾ ਜੋੜੀ ਮਨਿੰਦਰ ਮੰਗਾ-ਸੁਖਵਿੰਦਰ ਸੋਨੂੰ, ਗਾਇਕਾ ਗੁਰਪ੍ਰੀਤ ਮਾਂਗਟ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ ਉਥੇ ਸਟੇਜ ਸੰਚਾਲਨ ਦੇ ਵਿਚ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮੈਡਮ ਆਸ਼ਾ ਸ਼ਰਮਾ ਨਿਊਜ਼ੀਲੈਂਡ ਦੇ ਸਰੋਤਿਆਂ ਨੂੰ ਸ਼ਬਦਾਂ ਦੇ ਜਾਦੂ ਦਾ ਅਹਿਸਾਸ ਕਰਵਾਉਣਗੇ। ਇਸ ਦੌਰਾਨ ਭੰਗੜਾ ਅਤੇ ਗਿੱਧਾ ਵੀ ਪੇਸ਼ ਕੀਤਾ ਜਾਵੇਗਾ ਅਤੇ ਬੱਚਿਆਂ ਦੀ ਲੋਹੜੀ ਵੀ ਮਨਾਈ ਜਾਵੇਗੀ। ਮਾਲਵਾ ਕਲੱਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਪਰਿਵਾਰਕ ਮੇਲੇ ਵਿਚ ਕਿਸੇ ਨੂੰ ਨਸ਼ਾ ਆਦਿ ਕਰਕੇ ਆਉਣ ਦੀ ਸਖਤ ਮਨਾਹੀ ਹੋਵੇਗੀ ਅਤੇ ਸੁਰੱਖਿਆ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੈ। ਐਂਟਰੀ ਬਿਲਕੁੱਲ ਮੁਫਤ ਹੈ।