ਮਾਲ ਮੰਤਰੀ ਮਜੀਠੀਆ ਵਲੋਂ ਪਰਵਾਸੀਆਂ ਦੇ ਜ਼ਮੀਨੀ ਮਾਮਲਿਆਂ ਨੂੰ ਜ਼ਿਲ੍ਹਾ ਮਾਲ ਅਫ਼ਸਰਾਂ ਕੋਲ ਭੇਜਣ ਦੇ ਆਦੇਸ਼

ਚੰਡੀਗੜ੍ਹ – ਇੱਥੇ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵਿੱਤ ਸਕੱਤਰ ਮਾਲ ਐਨ.ਐਸ. ਕੰਗ ਤੇ ਜ਼ਿਲ੍ਹਾ ਮਾਲ ਅਫਸਰਾਂ ਨਾਲ ਵਿਭਾਗ ਦੇ ਕੰਮ-ਕਾਜ ਨੂੰ ਚੁਸਤ ਦਰੁਸਤ ਬਣਾਉਣ ਲਈ ਕੀਤੀ ਗਈ ਮੀਟਿੰਗ ‘ਚ ਪਰਵਾਸੀ ਭਾਰਤੀਆਂ ਦੇ ਜ਼ਮੀਨੀ ਮਾਮਲਿਆਂ ਦੇ ਜਲਦ ਹੱਲ ਅਤੇ ਇਹੋ ਜਿਹੇ ਹੋਰ ਸਾਰੇ ਮਾਮਲੇ ਨੋਡਲ ਅਫਸਰਾਂ ਵਜੋਂ ਨਿਯੁਕਤ ਕੀਤੇ ਜ਼ਿਲ੍ਹਾ ਮਾਲ ਅਫਸਰਾਂ ਨੂੰ ਭੇਜਣ ਦੇ ਹੁਕਮ ਦਿੱਤੇ ਹਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾਲ ਮੰਤਰੀ ਸ. ਮਜੀਠੀਆ ਨੇ ਕਿਹਾ ਕਿ ਪਰਵਾਸੀ ਭਾਰਤੀਆਂ ਨੂੰ ਜ਼ਮੀਨ ਦੇ ਕੇਸਾਂ ਸਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰਕੇ ਜ਼ਿਲ੍ਹਾ ਮਾਲ ਅਫਸਰਾਂ ਨੂੰ ਉਨ੍ਹਾਂ ਦੇ ਤਕਸੀਮ, ਇੰਤਕਾਲ, ਗਿਰਦਾਵਰੀ, ਵਿਆਹ ਦੀ ਰਜਿਸਟ੍ਰੇਸ਼ਨ ਆਦਿ ਕੇਸਾਂ ਦੇ ਨਿਪਟਾਰੇ ਲਈ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀ ਲਗਭਗ ਇਕ ਤੋਂ ਦੋ ਮਹੀਨੇ ਲਈ ਪੰਜਾਬ ਆਉਂਦੇ ਹਨ, ਇੰਨੇ ਸਮੇਂ ਦੌਰਾਨ ਉਨ੍ਹਾਂ ਦੇ ਕੇਸਾਂ ਦੇ ਹੱਲ ਨਾ ਹੋਣ ਕਾਰਨ ਕੇਸ ਸਾਲਾਂਬੱਧੀ ਲਮਕਦੇ ਰਹਿੰਦੇ ਹਨ। ਉਨ੍ਹਾਂ ਇਸ ਸਮੱਸਿਆ ਦੇ ਹੱਲ ਲਈ ਤਹਿਸੀਲਦਾਰਾਂ ਨੂੰ ਹੁਕਮ ਦਿੱਤੇ ਹਨ ਕਿ ਉਹ ਪਰਵਾਸੀ ਭਾਰਤੀਆਂ ਸਬੰਧੀ ਸਾਰੇ ਕੇਸ ਤੁਰੰਤ ਜ਼ਿਲ੍ਹਾ ਮਾਲ ਅਫਸਰਾਂ ਨੂੰ ਭੇਜਣ।
ਮਾਲ ਵਿਭਾਗ ਕੋਲ ਪਰਵਾਸੀ ਭਾਰਤੀਆਂ ਤੇ ਉਨ੍ਹਾਂ ਦੀ ਜਾਇਦਾਦ ਦੀ ਰਜਿਸਟ੍ਰੇਸ਼ਨ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਪਿੰਡ ਪੱਧਰ ‘ਤੇ ਪਰਵਾਸੀ ਭਾਰਤੀਆਂ ਦੀ ਗਿਣਤੀ, ਉਨ੍ਹਾਂ ਦੀ ਨਾਗਰਿਕਤਾ, ਜਾਇਦਾਦ ਬਾਰੇ ਵੇਰਵੇ ਇਕੱਤਰ ਕੀਤੇ ਜਾਣਗੇ। ਸ. ਮਜੀਠੀਆ ਨੇ ਕਿਹਾ ਕਿ ਸੂਬੇ ਦੇ ਸਾਰੇ ਤਹਿਸੀਲ ਕੰਪਲੈਕਸਾਂ ਵਿੱਚ ਪਟਵਾਰ ਸਟੇਸ਼ਨ ਬਣਾਏ ਜਾਣ ਦਾ ਕੰਮ ਅਗਲੇ 6 ਮਹੀਨੇ ਦੇ ਅੰਦਰ-ਅੰਦਰ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਟਵਾਰੀ ਹਫਤੇ ਦੇ ਦੋ ਦਿਨ ਆਪਣੇ ਪਟਵਾਰ ਹਲਕੇ ਵਿੱਚ ਤੇ 3 ਦਿਨ ਪਟਵਾਰ ਸਟੇਸ਼ਨ ਵਿਖੇ ਬੈਠਣਗੇ। ਫਰਦ ਕੇਂਦਰਾਂ ਵਿੱਚ ਸਮੇਂ ਦੀ ਬੱਚਤ ਲਈ ਪਾਸਪੋਰਟ ਦਫਤਰਾਂ ਦੀ ਤਰਜ਼ ‘ਤੇ ਟੋਕਨ ਵਿਵਸਥਾ 15 ਅਗਸਤ ਤੱਕ ਸ਼ੁਰੂ ਕਰਨ ਦਾ ਵੀ ਫੈਸਲਾ ਕੀਤਾ ਗਿਆ।
ਉਨ੍ਹਾਂ ਸਾਰੇ ਜ਼ਿਲ੍ਹਾ ਮਾਲ ਅਫਸਰਾਂ ਨੂੰ ਕਿਹਾ ਕਿ ਉਹ ਫਰਦ ਕੇਂਦਰਾਂ ਵਿੱਚ ਚੱਲ ਰਹੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਉਨ੍ਹਾਂ ਦੇ ਅਚਨਚੇਤ ਦੌਰੇ ਕਰਨ ਤੇ ਉੱਥੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਯਤਨ ਕਰਨ। ਇਸ ਤੋਂ ਇਲਾਵਾ ਹਰ ਮਹੀਨੇ ਜ਼ਿਲ੍ਹਾ ਵਾਰ ਰੈਵੇਨਿਊ ਕੈਂਪ ਲਾਉਣ ਦਾ ਵੀ ਫੈਸਲਾ ਕੀਤਾ ਗਿਆ। ਸੂਬੇ ਵਿੱਚ ਰੈਵੇਨਿਊ ਰਿਕਵਰੀ ਦੇ ਕੇਸਾਂ ਨੂੰ ਨਿਪਟਾਉਣ ਸਬੰਧੀ ਉਨ੍ਹਾਂ ਜ਼ਿਲ੍ਹਾ ਮਾਲ ਅਫਸਰਾਂ ਨੂੰ ਕਿਹਾ ਕਿ ਉਹ ਇਸ ਸਬੰਧੀ ਕੰਮ ਵਿੱਚ ਤੇਜ਼ੀ ਲਿਆਉਣ।