ਮੁੱਖ ਮੰਤਰੀ ਬਾਦਲ ਦੀ ਅਗੁਵਾਈ ਹੇਠ ਵਫ਼ਦ ਨੇ ਇਰਾਕ ਮਸਲੇ ‘ਤੇ ਸੁਸ਼ਮਾ ਸਵਰਾਜ ਨਾਲ ਕੀਤੀ ਮੁਲਾਕਾਤ

photo 19 juneਨਵੀਂ ਦਿੱਲੀ,19 ਜੂਨ – ਇਰਾਕ ‘ਚ ਫਸੇ ਭਾਰਤੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇਕ ਵਫ਼ਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗੁਵਾਈ ਹੇਠ ਅੱਜ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵਿਦੇਸ਼ ਮੰਤਰਾਲੇ ਦੇ ਦਫ਼ਤਰ ‘ਚ ਮਿਲਿਆ। ਇਸ ਵਫ਼ਦ ‘ਚ ਬੰਧਕ ਬਨਾਏ ਗਏ 41 ਭਾਰਤੀਆਂ ਵਿਚੋਂ 13 ਪੰਜਾਬੀ ਪਰਿਵਾਰਾਂ ਦੇ 28 ਪਰਿਵਾਰਿਕ ਮੈਂਬਰ ਵੀ ਮੌਜੂਦ ਸਨ। ਪੰਜਾਬ ਤੋਂ ਸਾਂਸਦ ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ, ਪ੍ਰੇਮ ਸਿੰਘ ਚੰਦੂਮਾਜਰਾ, ਸ਼ੇਰ ਸਿੰਘ ਘੁਬਾਇਆ,ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ  ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ ਅਤੇ ਕੁਲਦੀਪ ਸਿੰਘ ਭੋਗਲ ਵੀ ਇਸ ਵਫ਼ਦ ਦਾ ਹਿੱਸਾ ਸਨ।
ਵਿਦੇਸ਼ ਮੰਤਰੀ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅਕਾਲੀ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਬੰਧਕ ਬਨਾਏ ਗਏ ਸਾਰੇ ਭਾਰਤੀ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਛੜਵਾਉਣ ਵਾਸਤੇ ਵਿਦੇਸ਼ ਮੰਤਰਾਲੇ ਵੱਲੋਂ ਜੰਗੀ ਪੱਧਰ ਤੇ ਕਾਰਜ ਕੀਤੇ ਜਾ ਰਹੇ ਹਨ। ਸੁਸ਼ਮਾ ਸਵਰਾਜ ਵੱਲੋਂ ਸ. ਬਾਦਲ ਨੂੰ ਦਿੱਤੇ ਗਏ ਭਰੋਸੇ ਦਾ ਜ਼ਿਕਰ ਕਰਦੇ ਹੋਏ ਸਿਰਸਾ ਨੇ ਦੱਸਿਆ ਕਿ ਬਗ਼ਦਾਦ ਵਿਖੇ ਭਾਰਤੀ ਦੂਤਘਰ ਨੂੰ ਭਾਰਤੀਆਂ ਨੂੰ ਵਾਪਸ ਭਾਰਤ ਭੇਜਣ ਲਈ ਬਲੈਂਕ ਪਾਸਪੋਰਟ ਅਤੇ ਟਿਕਟਾਂ ਦੇ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਮੁਲਾਕਾਤ ਤੋਂ ਪਹਿਲੇ ਬੰਧਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਅਰਦਾਸ ਉਨ੍ਹਾਂ ਦੀ ਸੁਰੱਖਿਅਤ ਰਿਹਾਈ ਵਾਸਤੇ ਵੀ ਕੀਤੀ ਗਈ।