ਮੁੱਖ ਮੰਤਰੀ ਬਾਦਲ ਦੀ ਮੰਗ ‘ਤੇ ਸ਼ਿੰਦੇ ਵਲੋਂ ਭਰੋਸਾ

ਨਵੀਂ ਦਿੱਲੀ (ਏਜੰਸੀ) – ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰੀ ਊਰਜਾ ਮੰਤਰੀ ਸ੍ਰੀ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਮਿਲੇ ਅਤੇ ਉਨ੍ਹਾਂ ਦੇ ਨਿੱਜੀ ਦਖ਼ਲ ਦੀ ਮੰਗ ਕਰਦਿਆਂ ਕਿਹਾ ਕਿ ਕੇਂਦਰੀ ਪੂਲ ਦੇ ਉਤਪਾਦਨ ਸਟੇਸ਼ਨਾਂ ਦੇ ਅਣਵੰਡੇ ਕੋਟੇ ਵਿੱਚੋਂ ਪੰਜਾਬ ਨੂੰ ਸਤੰਬਰ ਮਹੀਨੇ ਤੱਕ ਘੱਟੋ-ਘੱਟ 1000 ਮੈਗਾਵਾਟ ਬਿਜਲੀ ਦਿੱਤੀ ਜਾਵੇ ਤਾਂ ਜੋ ਝੋਨੇ ਦੇ ਮੌਜੂਦਾ ਸੀਜ਼ਨ ਦੌਰਾਨ ਟਿਊਬਵੈਲਾਂ ਲਈ 8 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ।
ਇੱਥੇ ਮੁੱਖ ਮੰਤਰੀ ਸ. ਬਾਦਲ ਨੇ ਕੇਂਦਰੀ ਮੰਤਰੀ ਸ੍ਰੀ ਸ਼ਿੰਦੇ ਦੇ ‘ਸ਼੍ਰਮ ਸ਼ਕਤੀ ਭਵਨ’ ਵਿਖੇ ਸਥਿਤ ਉਨ੍ਹਾਂ ਦੇ ਦਫ਼ਤਰ ਵਿਖੇ ਕੀਤੀ ਮੁਲਾਕਾਤ ਦੌਰਾਨ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬ ਲਈ ਮੌਜੂਦਾ ਟਰਾਂਸਮਿਸ਼ਨ ਸਮਰੱਥਾ 5100 ਮੈਗਵਾਟ ਤੋਂ ਵਧਾ ਕੇ ਘੱਟੋ-ਘੱਟ 5500 ਮੈਗਾਵਾਟ ਕੀਤੀ ਜਾਵੇ ਤਾਂ ਜੋ ਸੂਬੇ ਵਿੱਚ ਬਿਜਲੀ ਦੇ ਢੁਕਵੇਂ ਪ੍ਰਬੰਧ ਕੀਤਾ ਜਾ ਸਕਣ। ਸ. ਬਾਦਲ ਨੇ ਉਨ੍ਹਾਂ ਨੂੰ ਦੱਸਿਆ ਕਿ ਸੂਬੇ ਦੀ ਬਿਜਲੀ ਦੀ ਮੰਗ ਪੂਰੀ ਕਰਨ ਲਈ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਵੱਖ ਵੱਖ ਪਾਵਰ ਪ੍ਰਾਜੈਕਟ ਵੱਡੀ ਪੱਧਰ ‘ਤੇ ਸ਼ੁਰੂ ਕੀਤੇ ਗਏ ਹਨ। ਇਸ ਨਾਲ ਅਤੇ ਤਕਰੀਬਨ 3920 ਮੈਗਾਵਾਟ ਦੀ ਸਮਰਥਾ ਵਾਲੇ ਪ੍ਰਾਜੈਕਟ ਉਸਾਰੀ ਅਧੀਨ ਹਨ। ਇਸ ਨਾਲ ਪੰਜਾਬ ਅਗਲੇ ਦੋ ਸਾਲਾਂ ਵਿੱਚ ਬਿਜਲੀ ਪੱਖੋਂ ਸਵੈ-ਸਮਰਥ ਹੋ ਜਾਵੇਗਾ। ਮੁੱਖ ਮੰਤਰੀ ਸ. ਬਾਦਲ ਨੇ ਇਹ ਵੀ ਧਿਆਨ ਦਿਵਾਇਆ ਕਿ ਉਸ ਸਮੇਂ ਤੱਕ ਸਾਡੀ ਨਿਰਭਰਤਾ ਬਾਹਰੀ ਸਾਧਨਾਂ ‘ਤੇ ਬਣੀ ਰਹੇਗੀ।
ਮੁੱਖ ਮੰਤਰੀ ਸ. ਬਾਦਲ ਨੇ ਸ੍ਰੀ ਸ਼ਿੰਦੇ ਨੂੰ ਇਹ ਵੀ ਜਾਣੂ ਕਰਵਾਇਆ ਕਿ ਬੀਤੇ ਵਰ੍ਹੇ ਦੇਸ਼ ਦੇ ਅਣਵੰਡੇ ਕੋਟੇ ਦੀ ਕੁਲ 1750 ਮੈਗਾਵਾਟ ਬਿਜਲੀ ਵਿੱਚੋਂ ਪੰਜਾਬ ਨੂੰ 285 ਮੈਗਾਵਾਟ ਬਿਜਲੀ ਦਿੱਤੀ ਗਈ ਸੀ। ਸ. ਬਾਦਲ ਨੇ ਆਪਣੀ ਮੰਗ ਨੂੰ ਦੁਹਰਾਉਂਦਿਆਂ ਕੇਂਦਰੀ ਊਰਜਾ ਮੰਤਰੀ ਨੂੰ ਆਖਿਆ ਕਿ ਸਾਉਣੀ ਦੀ ਰੁੱਤ ਅਤੇ ਘਰੇਲੂ ਖੇਤਰਾਂ ਵਿੱਚ ਬਿਜਲੀ ਦੀ ਮੰਗ ਵਧਣ ਕਾਰਨ ਘੱਟੋ-ਘੱਟ 1000 ਮੈਗਾਵਾਟ ਬਿਜਲੀ ਤੁਰੰਤ ਅਲਾਟ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਘਰੇਲੂ ਖੇਤਰਾਂ ਵਿੱਚ ਬਿਜਲੀ ਦੀ ਮੰਗ ਵਿੱਚ ਔਸਤਨ 10 ਫੀਸਦੀ ਵਾਧਾ ਹੁੰਦਾ ਸੀ ਜਦੋਂ ਕਿ ਇਸ ਵਾਰ ਇਨ੍ਹਾਂ ਖੇਤਰਾਂ ਵਿੱਚ ਬਿਜਲੀ ਦੀ ਮੰਗ 22 ਫੀਸਦੀ ਵਧੀ ਹੈ। ਇਸ ਸਾਲ ਮੀਂਹ ਘੱਟ ਪੈਣਾ ਕਾਰਨ ਹਾਲਾਤ ਹੋਰ ਵੀ ਬਦਤਰ ਹੋਏ ਹਨ ਜਿਸ ਨਾਲ ਭਾਖੜਾ ਤੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਬਹੁਤ ਥੱਲੇ ਚਲਾ ਗਿਆ ਹੈ।
ਸ੍ਰੀ ਸ਼ਿੰਦੇ ਨੇ ਮੁੱਖ ਮੰਤਰੀ ਨੂੰ ਹਾਂ-ਪੱਖੀ ਭਰੋਸਾ ਦਿੰਦਿਆਂ ਆਖਿਆ ਕਿ ਸੂਬੇ ਨੂੰ ਬਿਜਲੀ ਦੀ ਵੱਡੀ ਲੋੜ ਦੇ ਮੱਦੇਨਜ਼ਰ ਅਣਵੰਡੇ ਕੋਟੇ ਵਿੱਚੋਂ ਵੱਧ ਤੋਂ ਵੱਧ ਬਿਜਲੀ ਦਿੱਤੀ ਜਾਵੇਗੀ। ਕੇਂਦਰੀ ਊਰਜਾ ਮੰਤਰੀ ਨੇ ਦੁਹਰਾਇਆ ਕਿ ਸੂਬੇ ਦੇ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਲਈ ਬਿਜਲੀ ਦੀ ਘਾਟ ਨਹੀਂ ਦਿੱਤੀ ਜਾਵੇਗੀ ਕਿਉਂ ਜੋ ਦੇਸ਼ ਦੇ ਅੰਨ ਭੰਡਾਰ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ ਜਿਸ ਕਰਕੇ ਇਹ ਰਾਜ ਕੇਂਦਰੀ ਪੂਲ ‘ਚੋਂ ਵਿਸ਼ੇਸ਼ ਕੋਟਾ ਲੈਣ ਦਾ ਹੱਕਦਾਰ ਹੈ।