ਮੁੱਖ ਮੰਤਰੀ ਵਲੋਂ ਰਾਜੇਸ਼ ਖੰਨਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ – 18 ਜੁਲਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਆਪਣੇ ਸਮੇਂ ਦੇ ਸੁਪਰ ਸਟਾਰ ਬਾਲੀਵੁੱਡ ਅਦਾਕਾਰ ਸ਼੍ਰੀ ਰਾਜੇਸ਼ ਖੰਨਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ ਜਿਨ੍ਹਾਂ ਨੇ ਲੰਮੀ ਬਿਮਾਰੀ ਉਪਰੰਤ ਅੱਜ ਸਵੇਰੇ ਮੁੰਬਈ ਵਿਖੇ ਆਖਰੀ ਸਾਹ ਲਿਆ।
ਇੱਕ ਸ਼ੋਕ ਸੁਨੇਹੇ ਵਿੱਚ ਸ. ਬਾਦਲ ਨੇ ਸ਼੍ਰੀ ਰਾਜੇਸ਼ ਖੰਨਾ ਨੂੰ ਗੁਜ਼ਰੇ ਹੋਏ ਜ਼ਮਾਨੇ ਦਾ ਸੁਪਰ ਸਟਾਰ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਸੰਸਦ ਮੈਂਬਰ ਵਜੋਂ ਵੀ ਦੇਸ਼ ਦੀ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਨਾਮਵਰ ਬਾਲੀਵੁੱਡ ਅਦਾਕਾਰ ਆਪਣੇ ਲੱਖਾਂ ਪ੍ਰਸੰਸਕਾਂ ਦੀ ਦਿਲਾਂ ਦੀ ਧੜਕਣ ਸਨ ਅਤੇ ਉਨ੍ਹਾਂ ਦੇ ਤੁਰ ਜਾਣ ਨਾਲ ਭਾਰਤੀ ਫਿਲਮ ਜਗਤ ਵਿੱਚ ਪੈਦਾ ਹੋਏ ਖਲਾਅ ਨੂੰ ਪੂਰਨਾ ਬਹੁਤ ਮੁਸ਼ਕਲ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਰਾਜੇਸ਼ ਖੰਨਾ ਇੱਕ ਸਦਾਬਹਾਰ ਅਦਾਕਾਰ ਸਨ ਜਿਨ੍ਹਾਂ ਨੇ ਦੋ ਦਹਾਕਿਆਂ ਤੋਂ ਵੱਧ ਸਮਾਂ ਹਿੰਦੀ ਸਿਨੇਮਾ ‘ਤੇ ਰਾਜ ਕੀਤਾ ਅਤੇ ਉਹ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਵਸਦੇ ਰਹਿਣਗੇ।
ਸ. ਬਾਦਲ ਨੇ ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਸ਼ਾਂਤੀ ਦੇਣ ਅਤੇ ਪਿੱਛੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।