ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਵਾਪਰੀ ਘਟਨਾ ਦੀ ਜਾਂਚ ਲਈ ਨਿਆਇਕ ਕਮਿਸ਼ਨ ਦਾ ਗਠਨ

ਹਾਈ ਕੋਰਟ ਦੇ ਸੇਵਾ-ਮੁਕਤ ਜੱਜ ਜ਼ੋਰਾ ਸਿੰਘ ਕਮਿਸ਼ਨ ਦੇ ਮੁਖੀ
ਚੰਡੀਗੜ੍ਹ, 15 ਅਕਤੂਬਰ – ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਫ਼ਰੀਦਕੋਟ ਜ਼ਿਲ੍ਹੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਵਾਪਰੀ ਘਟਨਾ ਅਤੇ ਇਸ ਤੋਂ ਬਾਅਦ ਉਪਜੀ ਸਥਿਤੀ ਦੀ ਜਾਂਚ ਕਰਨ ਲਈ ਜਸਟਿਸ (ਸੇਵਾ ਮੁਕਤ) ਜ਼ੋਰਾ ਸਿੰਘ ਦੀ ਅਗਵਾਈ ਵਿਚ ਨਿਆਇਕ ਕਮਿਸ਼ਨ ਦਾ ਗਠਨ ਕਰ ਦਿੱਤਾ ਹੈ।
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦੇ ਕੌਮੀ ਮਾਮਲਿਆਂ ਤੇ ਮੀਡੀਆ ਬਾਰੇ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਦੱਸਿਆ ਕਿ ਇਹ ਕਮਿਸ਼ਨ ਇਸ ਘਟਨਾ ਅਤੇ ਉਸ ਤੋਂ ਬਾਅਦ ਲਗਾਤਾਰ ਵਾਪਰੀਆਂ ਘਟਨਾਵਾਂ ਦੇ ਕਾਰਨ ਅਤੇ ਹਾਲਤਾਂ ਬਾਰੇ ਜਾਂਚ ਕਰੇਗਾ ਤਾਂ ਕਿ ਸਮੁੱਚੇ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾ ਸਕੇ। ਕਮਿਸ਼ਨ ਵੱਲੋਂ ਫ਼ਰੀਦਕੋਟ ਜ਼ਿਲ੍ਹੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਬਾਰੇ ਜਾਂਚ ਅਰੰਭੀ ਜਾਵੇਗੀ ਅਤੇ 14 ਅਕਤੂਬਰ, 2015 ਨੂੰ ਕੋਟਕਪੂਰਾ ਵਿਖੇ ਹੋਈ ਗੋਲੀ ਬਾਰੀ……. ਤੋਂ ਇਲਾਵਾ ਫ਼ਰੀਦਕੋਟ ਜ਼ਿਲ੍ਹੇ ਦੇ ਬਹਿਬਲ ਪਿੰਡ ਵਿੱਚ ਹੋਈ ਫਾਇਰਿੰਗ ਤੇ ਇਸ ਵਿੱਚ ਦੋ ਵਿਅਕਤੀਆਂ ਦੇ ਮਾਰੇ ਜਾਣ ਦੀ ਘਟਨਾ ਦੀ ਵੀ ਜਾਂਚ ਕੀਤੀ ਜਾਵੇਗੀ।
ਇਸ ਦੌਰਾਨ ਮੁੱਖ ਮੰਤਰੀ ਨੇ ਸੂਬੇ ਵਿੱਚ ਅੱਜ ‘ਬੰਦ’ ਦੌਰਾਨ ਪੰਜਾਬ ਦੇ ਲੋਕਾਂ ਵੱਲੋਂ ਅਮਨ-ਸ਼ਾਂਤੀ, ਫ਼ਿਰਕੂ ਸਦਭਾਵਨਾ, ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਦੇ ਵਿਸ਼ਵਾਸ ਨੂੰ ਕਾਇਮ ਰੱਖਣ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਅੱਜ ਇੱਥੋਂ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਜਮਹੂਰੀ ਕਦਰਾਂ-ਕੀਮਤਾਂ ਵਿੱਚ ਪੂਰਾ ਵਿਸ਼ਵਾਸ ਰੱਖਣ ਅਤੇ ਬੰਦ ਦੌਰਾਨ ਸ਼ਾਂਤੀ ਤੇ ਮਰਿਆਦਾ ਬਣਾਈ ਰੱਖਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ। ਸੂਬੇ ਵਿੱਚ ਸਖ਼ਤ ਜੱਦੋ-ਜਹਿਦ ਤੋਂ ਬਾਅਦ ਹਾਸਲ ਕੀਤੀ ਸ਼ਾਂਤੀ ਨੂੰ ਕਾਇਮ ਰੱਖਣ ਸਬੰਧੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸੂਬੇ ਦੇ ਭਾਈਚਾਰਕ ਮਾਹੌਲ ਨੂੰ ਭੰਗ ਕਰਨ ਅਤੇ ਵਿਕਾਸ ਤੇ ਖ਼ੁਸ਼ਹਾਲੀ ਦੀ ਪ੍ਰਕ੍ਰਿਆ ਨੂੰ ਲੀਹੋਂ ਲਾਹੁਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸ. ਬਾਦਲ ਨੇ ਲੋਕਾਂ ਨੂੰ ਸਾਡੇ ਮਹਾਨ ਗੁਰੂ ਸਾਹਿਬਾਨ, ਪੀਰਾਂ-ਪੈਗੰਬਰਾਂ ਦੀਆਂ ਸਿੱਖਿਆਵਾਂ ਦੇ ਅਨੁਸਾਰ ਹਰ ਕੀਮਤ ‘ਤੇ ਸ਼ਾਂਤੀ, ਭਾਈਚਾਰਾ ਤੇ ਫ਼ਿਰਕੂ ਸਦਭਾਵਨਾ ਬਣਾਈ ਰੱਖਣ ਲਈ ਆਖਿਆ।
ਮੁੱਖ ਮੰਤਰੀ ਨੇ ਕਿਹਾ ਕਿ ਫ਼ਰੀਦਕੋਟ ਦੇ ਇਕ ਪਿੰਡ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਨ ਨਾਲ ਸਬੰਧਿਤ ਘਿਣਾਉਣੀ ਘਟਨਾ ਦੇ ਸਾਰੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕਰ ਕੇ ਮਿਸਾਲੀ ਸਜ਼ਾ ਦਿਵਾਈ ਜਾਵੇਗੀ। ਸ. ਬਾਦਲ ਨੇ ਕਿਹਾ ਕਿ ਮਾਮਲੇ ਦੀ ਤਹਿ ਤੱਕ ਜਾਣ ਲਈ ਪੁਲੀਸ ਦੇ ਏ.ਡੀ.ਜੀ.ਪੀ. ਅਤੇ ਦੋ ਡੀ.ਆਈ.ਜੀ. ‘ਤੇ ਆਧਾਰਿਤ ਇਕ ਵਿਸ਼ੇਸ਼ ਜਾਂਚ ਟੀਮ ਦਾ ਪਹਿਲਾਂ ਹੀ ਗਠਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਲੋਕਾਂ ਨੂੰ ਫੁੱਟ ਪਾਊ ਸ਼ਕਤੀਆਂ ਦੇ ਘਿਣਾਉਣੇ ਇਰਾਦਿਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਜੋ ਕਿ ਸੂਬੇ ਦੇ ਸ਼ਾਂਤੀਪੂਰਨ ਵਾਤਾਵਰਣ ਨੂੰ ਢਾਅ ਲਾ ਕੇ ਇਸ ਨੂੰ ਮੁੜ ਕਾਲੇ ਦੌਰ ਵਿੱਚ ਧੱਕਣ ਦੀਆਂ ਚਾਲਾਂ ਚੱਲ ਰਹੀਆਂ ਹਨ।
ਲੋਕਾਂ ਨੂੰ ਪੂਰਨ ਸਹਿਯੋਗ ਤੇ ਮਿਲਵਰਤਣ ਦੀ ਮੰਗ ਕਰਦੇ ਹੋਏ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭੋਲੇ-ਭਾਲੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲੇ ਸਮਾਜ ਵਿਰੋਧੀ ਤੱਤਾਂ ਦੀਆਂ ਘਿਣਾਉਣੀਆਂ ਕੋਸ਼ਿਸ਼ਾਂ ਨੂੰ ਅਸਫਲ ਬਣਾਉਣ ਦਾ ਸੱਦਾ ਦਿੱਤਾ ਹੈ।
ਮੁੱਖ ਮੰਤਰੀ ਨੇ ਸ੍ਰੀ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਘਟਨਾ ਨੂੰ ਮਾਨਵਤਾ ਵਿਰੁੱਧ ਘੋਰ ਪਾਪ ਤੇ ਜੁਰਮ ਦੱਸਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਦੁਖਦਾਇਕ ਘਟਨਾ ਤੋਂ ਡੂੰਘੀ ਠੇਸ ਪਹੁੰਚੀ ਹੈ ਅਤੇ ਉਹ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿਵਾਉਣਾ ਚਾਹੁੰਦੇ ਹਨ। ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਅਜਿਹੇ ਲੋਕਾਂ ਨੂੰ ਕਾਨੂੰਨ ਦੇ ਹੱਥਾਂ ਤੋਂ ਨਾ ਬਚਣ ਦੇਣ ਨੂੰ ਯਕੀਨੀ ਬਣਾਉਣ ਵਾਸਤੇ ਵਚਨਬੱਧ ਹੈ ਤਾਂ ਕਿ ਅਜਿਹੇ ਤੱਤ ਭਵਿੱਖ ਵਿੱਚ ਸਿਰ ਨਾ ਚੁੱਕ ਸਕਣ।