ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਤੋਂ ਨਾਮਜ਼ਦਗੀ ਦਾਖ਼ਲ ਕੀਤੀ

ਮਲੋਟ – 30 ਜਨਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੇ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਸ. ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਤੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਕ ਕੀਤੇ। ਉਹ ਆਪਣੇ ਸਪੁੱਤਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਨੂੰਹ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਪਰਮਜੀਤ ਸਿੰਘ ਬਾਦਲ, ਭੂਪ ਬਾਦਲ ਤੇ ਅਕਾਲੀ ਆਗੂਆਂ ਨਾਮਜ਼ਦਗੀ ਕਾਗਜ਼ ਭਰਨ ਲਈ ਗਏ। ਉਨ੍ਹਾਂ ਆਪਣੇ ਕਾਗਜ਼ ਚੋਣ ਅਧਿਕਾਰੀ ਸੰਦੀਪ ਰਿਸ਼ੀ ਦੇ ਦਫ਼ਤਰ ਦਿੱਤੇ। ਮੁੱਖ ਮੰਤਰੀ ਸ. ਬਾਦਲ ਦੇ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਉਨ੍ਹਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਦਾਖ਼ਲ ਕੀਤੇ। ਮੁਖ ਮੰਤਰੀ ਸ. ਬਾਦਲ ਨੇ ਬੀ. ਏ. ਤੱਕ ਦੀ ਪੜ੍ਹਾਈ ਲਾਹੌਰ ਸ਼ਹਿਰ (ਪਾਕਿਸਤਾਨ) ਤੋਂ ਕੀਤੀ ਹੋਈ ਹੈ। ਉਨ੍ਹਾਂ ਕੋਲ 5 ਕਰੋੜ 54 ਲੱਖ ਦੀ ਸੰਪਤੀ ਹੈ। ਪਰ ਉਨ੍ਹਾਂ ਕੋਲ ਕੋਈ ਕਾਰ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ ਕਿਸੇ ਦਾ ਕੋਈ ਕਰਜ਼ਾ ਦੇਣਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ 4 ਥਾਵਾਂ ‘ਤੇ ਘਰ ਹਨ, ਜੋ ਪਿੰਡ ਬਾਦਲ, ਸਾਦੁਲ ਸ਼ਹਿਰ, ਬਾਲਾਸਰ ਤੇ ਸਿਰਸਾ ਵਿੱਚ ਸਥਿਤ ਹਨ। ਉਨ੍ਹਾਂ ਨੂੰ ਖੇਤੀਬਾੜੀ (ਫੁਹਾਰਾ) ਤੋਂ 25.56 ਲੱਖ ਦੀ ਸਾਲਾਨਾ ਆਮਦਨ, 1 ਕਰੋੜ 47 ਲੱਖ ਦੇ ਬੌਂਡ, 3.42 ਲੱਖ ਦੇ ਗਹਿਣੇ, 4.80 ਲੱਖ ਦੀ ਖੇਤੀਬਾੜੀ ਤੋਂ ਆਮਦਨ, 23.28 ਲੱਖ ਰੁਪਏ ਵਪਾਰਕ ਅਦਾਰਿਆਂ ਤੋਂ ਆਮਦਨ ਹੁੰਦੀ ਹੈ। ਕਿਲਿਆਂਵਾਲੀ ਵਿਖੇ ਉਨ੍ਹਾਂ ਦੇ ਥਾਂ ਵਿੱਚ ਇਕ ਬੈਂਕ ਵੀ ਹੈ।