ਮੈਨੁਕਾਓ ਦਿਵਾਲੀ ਮੇਲੇ ‘ਚ ਪਹਿਲੀ ਵਾਰ ‘ਕਬੱਡੀ ਕੱਪ’

ਮੈਨੁਕਾਓ (ਆਕਲੈਂਡ), ੧੨ ਅਕਤੂਬਰ – ਨਿਊਜ਼ੀਲੈਂਡ ਦੇ ਪ੍ਰਸਿੱਧ ਰੇਡੀਓ ‘ਤਰਾਨਾ’ ਵਲੋਂ ਸਿਟੀ ਕੌਂਸਲ, ਸੁਪਰੀਮ ਸਿੱਖ ਕੌਂਸਲ ਅਤੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸਹਿਯੋਗ ਨਾਲ ਟੈਲਸਟ੍ਰਾ ਕਲੀਅਰ, ਮੈਨੁਕਾਓ ਵਿਖੇ ਹਰ ਸਾਲ ਕਰਵਾਏ ਜਾਂਦੇ ‘ਦਿਵਾਲੀ ਮੇਲੇ’ ਵਿੱਚ ਪਹਿਲੀ ਵਾਰ ਕਬੱਡੀ ਖੇਡ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। 28 ਅਕਤੂਬਰ ਦਿਨ ਐਤਵਾਰ ਨੂੰ ਹੋਣ ਵਾਲੇ ਇਸ ਕਬੱਡੀ ਕੱਪ ਦਾ ਆਯੋਜਨ ‘ਆਜ਼ਾਦ ਸਪੋਰਟਸ ਕਲੱਬ’ ਪੁਕੀਕੂਈ ਵਲੋਂ……… ਕੀਤਾ ਜਾ ਰਿਹਾ ਹੈ। ਟੈਲਸਟ੍ਰਾ ਕਲੀਅਰ ਵਿਖੇ ਹੋਣ ਵਾਲਾ ਦਿਵਾਲੀ ਮੇਲਾ ਦੁਪਹਿਰ ੧੨ ਵਜੇ ਆਰੰਭ ਹੋਵੇਗਾ ਅਤੇ ਸਾਰੇ ਕਬੱਡੀ ਕਲੱਬ ਇਸ ਵਿੱਚ ਹਿੱਸਾ ਲੈਣਗੇ। ਸ਼ਾਮ ਨੂੰ 7 ਤੋਂ 9 ਵਜੇ ਤੱਕ ਵੱਖ-ਵੱਖ ਭਾਈਚਾਰੇ ਦੇ ਲੋਕਾਂ ਵਲੋਂ ਆਪਣੇ-ਆਪਣੇ ਤੌਰ ‘ਤੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ। ਮੇਲੇ ਵਿੱਚ ਵੰਨ ਸੁਵੰਨੇ ਖਾਣ-ਪੀਣ ਦੇ ਸਟਾਲ ਵੀ ਲੱਗਣਗੇ। ਆਯੋਜਕਾਂ ਦਾ ਕਹਿਣਾ ਹੈ ਕਿ ਇਹ ਦਿਵਾਲੀ ਮੇਲਾ ਪੂਰੀ ਤਰ੍ਹਾਂ ਨਾਲ ਪਰਿਵਾਰਕ ਹੋਵੇਗਾ ਅਤੇ ਗਰਾਊਂਡ, ਸਕਿਊਰਟੀ ਆਦਿ ਦੀ ਸਾਰੀ ਜ਼ੁੰਮੇਵਾਰੀ ਕੌਂਸਲ ਦੀ ਹੋਵੇਗੀ। ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਵਰਿੰਦਰ ਸਿੰਘ ਬਰੇਲੀ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਇਹ ਪਹਿਲੀ ਵਾਰ ਹੈ ਕਿ ਮਾਂ ਖੇਡ ਕਬੱਡੀ ਨੂੰ ‘ਦਿਵਾਲੀ ਮੇਲੇ’ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ। ਹੁਣ ਵੱਖ-ਵੱਖ ਭਾਈਚਾਰੇ ਦੇ ਲੋਕ ਖਾਸ ਕਰਕੇ ਫੀਜੀ ਭਾਰਤੀ ਲੋਕ ਪੰਜਾਬੀਆਂ ਦੀ ਮਾਂ ਕਬੱਡੀ ਦਾ ਮਜ਼ਾ ਲੈਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਹੀ ਕਬੱਡੀ ਮੈਚ ‘ਕਬੱਡੀ ਫੈਡਰੇਸ਼ਨ’ ਵਲੋਂ ਨਿਰਧਾਰਤ ਕੀਤੇ ਨਿਯਮਾਂ ਅਨੁਸਾਰ ਹੀ ਕਰਵਾਏ ਜਾਣਗੇ। ਕਲੱਬ ਵਲੋਂ ਤੀਰਥ ਸਿੰਘ ਅਟਵਾਲ ਨੇ ਕਬੱਡੀ ਕੱਪ ‘ਚ ਸਾਰੇ ਕਲੱਬਾਂ ਦੇ ਨਾਲ-ਨਾਲ ਸਮੂਹ ਭਾਈਚਾਰੇ ਨੂੰ ਪਹੁੰਚਣ ਦੀ ਬੇਨਤੀ ਕੀਤੀ।