‘ਯੂਥ ਪਾਰਲੀਆਮੈਂਟ’ ਮੇਰੇ ਹਲਕੇ ਦੀ ‘ਯੂਥ ਐਮ. ਪੀ.’ ਗੁਰਸ਼ਰਨ ਕੌਰ ਦੀਆਂ ਨਜ਼ਰਾਂ ਤੋਂ

‘ਯੂਥ ਪਾਰਲੀਮੈਂਟ੨੦੧੩’ ਦਾ ਕਾਰਜਕਾਲ ਵੱਡੀ ਸਫ਼ਲਤਾ ਨਾਲ ਸਮਾਪਤ ਹੋਇਆ ਅਤੇ ਮੈਂ ਇਸ ਮੌਕੇ ਆਪਣੀ ਪੇਸ਼ਕਾਰ ਯੂਥ ਐਮ. ਪੀ. ਅਤੇ ਵੈਸਟਲੇਕ ਗਰਲਜ਼ ਹਾਈ ਸਕੂਲ ਦੀ ਵਿਦਿਆਰਥਣ ਗੁਰਸ਼ਰਨ ਕੌਰ ਵਲੋਂ ਪਾਏ ਯੋਗਦਾਨ ਪ੍ਰਤੀ ਮਾਣ ਮਹਿਸੂਸ ਕਰਦਾ ਹਾਂ। ਇਹ ਵਿਸ਼ੇਸ਼ ਸੰਸਦ ਕਾਰਜਕਾਲ ਵੈਲਿੰਗਟਨ ਵਿਖੇ ਲਗਭਗ ੨੦ ਸਾਲਾਂ ਤੋਂ ਜਾਰੀ ਹੈ ਅਤੇ ੭ਵੀਂ ਯੂਥ ਪਾਰਲੀਆਮੈਂਟ ਨੇ ਸਾਡੇ ਨੌਜਵਾਨਾਂ ਨੂੰ ਰਾਜਸੀ ਅਗਵਾਈ ਕਰਨ ਦੇ ਵਿੱਚ ਅਤੇ ਸੰਸਦ ਦੀ ਸਮੁੱਚੀ ਕਾਰਵਾਈ ਸਮਝਣ ਵਿੱਚ ਸੱਚਮੁੱਚ ਮਸਰੂਫ ਰੱਖਿਆ।
ਮੈਂ ਸੋਚਦਾ ਹਾਂ ਕਿ ਸਾਡੇ ਲਈ ਇਹ ਬੜੀ ਉਤਮ ਗੱਲ ਹੈ ਕਿ ਜਦੋਂ ਨੌਜਵਾਨ ਨਿਊਜ਼ੀਲੈਂਡ ਵਾਸੀਆਂ ਨੂੰ ਇਹ ਮੌਕਾ ਮਿਲਦਾ ਹੈ ਕਿ ਉਹ ਵੱਖਰੇ-ਵੱਖਰੇ ਸਾਂਸਦਾਂ, ਵੱਖਰੇ ਹਲਕਿਆਂ ਅਤੇ ਵੱਖਰੀਆਂ-ਵੱਖਰੀਆਂ ਕਮਿਊਨਿਟੀਆਂ ਤੋਂ ਪੇਸ਼ਕਾਰ ਬਣ ਕੇ ਸੰਸਦ ਪਹੁੰਚਦੇ ਹਨ।
ਮੈਂ ਗੁਰਸ਼ਰਨ ਕੌਰ ਨਾਲ ਉਸ ਦੇ ਇਸ ਤਜਰਬੇ ਅਤੇ ਵਿਸ਼ੇਸ਼ ਤੌਰ ‘ਤੇ ਉਸ ਵਲੋਂ ਪਾਰਲੀਆਮੈਂਟ….. ਜਾਣ ਤੋਂ ਪਹਿਲਾਂ ਕੀਤੇ ਗਏ ਪੂਰਵ ਚਿੰਤਨ ਬਾਰੇ ਗੱਲਬਾਤ ਕਰਕੇ ਬਹੁਤ ਖੁਸ਼ੀ ਮਹਿਸੂਸ ਕੀਤੀ। ਮੈਂ ਇਸ ਮੌਕੇ ਉਸ ਦੇ ਇਸ ਵਿਸ਼ੇਸ਼ ਸਦਨ ਦੇ ਵਿਚਾਰ ਉਸ ਦੀਆਂ ਨਜ਼ਰਾਂ ਰਾਹੀਂ ਆਪ ਨਾਲ ਸਾਂਝੇ ਕਰਨਾ ਚਾਹਾਂਗਾ। ਜੋ ਕਿ ਹੇਠ ਲਿਖੇ ਹਨ:-
“ਯੂਥ ਪਾਰਲੀਮੈਂਟ ਇਕ ਗੰਭੀਰ ਮਾਹੌਲ ਰੱਖਦੀ ਹੈ ਪ੍ਰੰਤੂ ਇਥੇ ਦਾ ਵਾਤਾਵਰਣ ਵੱਡੀ ਜ਼ਿੰਮੇਵਾਰੀ ਦੇ ਮਿਸ਼ਰਣ ਵਾਲਾ ਹੈ। ਮੈਨੂੰ ਲਗਦਾ ਸੀ ਕਿ ਸੰਸਦ ਮੈਂਬਰ ਵੱਜੋਂ ਕੰਮ ਕਰਨਾ ਬਹੁਤ ਸੌਖਾ ਕੰਮ ਹੋਵੇਗਾ ਪਰ ਹੁਣ ਮੈਂ ਜਾਣਿਆ ਹੈ ਕਿ ਮੈਂ ਕਿੰਨੀ ਗਲਤ ਸੀ। ਇਹ ਇਕ ਬਹੁਤ ਹੀ ਕਠਿਨ ਕੰਮ ਹੈ।”
“ਮੇਰਾ ਯੂਥ ਪਾਰਲੀਮੈਂਟ ਦੇ ਵਿੱਚ ਪਹਿਲਾ ਦਿਨ ‘ਪੌਫਿਰੀ’ (ਮਾਓਰੀ ਤਰੀਕੇ ਨਾਲ ਰਸਮੀ ਸਵਾਗਤ) ਨਾਲ ਅਤੇ ਨਿਊਜ਼ੀਲੈਂਡ ਦੇ ਗਵਰਨਰ ਜਨਰਲ ਲੈਫਟੀਨੈਂਟ ਜਨਰਲ ਮਾਣਯੋਗ ਜੈਰੀ ਮਾਟਾਪਾਇਰੇਅ ਦੁਆਰਾ ਕੀਤੇ ਗਈ ਰਸਮੀ ਉਦਘਾਟਨ ਨਾਲ ਸ਼ੁਰੂ ਹੋਇਆ।”
“ਮੈਂ ਆਪਣੀ ਸਿਲੈਕਟ ਕਮੇਟੀ ਦੇ ਵਿੱਚ ਵਿਚਾਰੇ ਜਾਣ ਵਾਲੇ ਵਿਧਾਨ ਬਾਰੇ ਬਹੁਤ ਉਤਸੁਕ ਸੀ। ਮੈਂ ਖੁਦ ਨੂੰ ਮਿਲਣ ਵਾਲੀ ਚੁਣੌਤੀ ਬਾਰੇ ਵੀ ਤਿਆਰ ਸੀ। ਇਸ ਦੀ ਤਿਆਰੀ ਦੇ ਦੌਰਾਨ ਮੈਂ ਆਪਣੇ ਲੋਕਾਂ ਅਤੇ ਹੋਰ ਵੱਖਰੀਆਂ ਸੰਸਥਾਵਾਂ ਨੂੰ ਇਸ ਵਿਧਾਨ ‘ਚ ਦਿਲਚਸਪੀ ਬਾਰੇ ਮਿਲੀ ਹੋਈ ਸੀ। ਤਿਆਰੀ ਵਾਲਾ ਇਹ ਸਮਾਂ ਬਹੁਤ ਹੀ ਰੋਚਿਕ ਸੀ ਕਿਉਂਕਿ ਸਾਡੇ ਕੋਲ ਮੌਕਾ ਸੀ ਲੋਕਾਂ ਤੋਂ ਸਵਾਲ ਪੁੱਛਣ ਦਾ ਅਤੇ ਮੁੱਖ ਮੁੱਦੇ ਬਾਰੇ ਹੋਰ ਸਿੱਖਣ ਦਾ। ਇਸ ਪਰਸਪਰ ਸਵਾਲ-ਜਵਾਬ ਦੌਰਾਨ ਹਰੇਕ ਵਿਅਕਤੀ ਦਾ ਵੱਖਰਾ ਨਜ਼ਰੀਆ ਸੀ।”
“ਇਕ ਯੂਥ ਐਮ. ਪੀ. ਹੋਣ ਦੇ ਨਾਤੇ ਅਤੇ ਸੱਤਾਧਾਰੀ ਸਰਕਾਰ ਦਾ ਇਕ ਹਿੱਸਾ ਹੋਣ ਦੇ ਨਾਤੇ ਅਸੀਂ ਚੈਂਬਰ ਦੇ ਵਿੱਚ ਪੇਸ਼ ਵਿਧਾਨ ਦੇ ਉੱਤੇ ਬਹਿਸ ਕੀਤੀ, ਪਰ ਸਾਡੇ ਵਾਸਤੇ ਆਖਰੀ ਫੈਸਲਾ ਲੈਣਾ ਬਹੁਤ ਮੁਸ਼ਕਿਲ ਕੰਮ ਸੀ।”
“ਮੈਂ ਇਸ ਮੌਕੇ ਸਮਾਜਿਕ ਸਮਾਗਮਾਂ ਨੂੰ ਮਾਣਿਆ, ਮੈਂ ਯੁਵਾ ਮਾਮਲਿਆਂ ਬਾਰੇ ਮੰਤਰੀ ਮਾਣਯੋਗ ਨਿੱਕੀ ਕਾਈ ਅਤੇ ਉਪ ਪ੍ਰਧਾਨ ਮੰਤਰੀ ਮਾਣਯੋਗ ਬਿੱਲ ਇੰਗਲਿਸ਼ ਨੂੰ ਵੀ ਮਿਲੀ। ਇਸ ਮੌਕੇ ਸਾਡੇ ਚਿਹਰਿਆਂ ਉੱਤੇ ਬੇਮਿਸਾਲ ਖੁਸ਼ੀ ਸੀ ਕਿਉਂਕਿ ਅਸੀਂ ਆਪਣੇ ਆਦਰਸ਼ ਆਗੂਆਂ ਨੂੰ ਮਿਲ ਰਹੇ ਸੀ।”
ਇਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਿ ਗੁਰਸ਼ਰਨ ਕੌਰ ਨੇ ਬੜਾ ਹੀ ਵਿਸਮੈਕਾਰ ਸਮਾਂ ਵੈਲਿੰਗਟਨ ਵਿਖੇ ਬਿਤਾਇਆ ਅਤੇ ਸੱਚਮੁੱਚ ਇਸ ਤਜਰਬੇ ਤੋਂ ਬਹੁਤ ਕੁਝ ਸਿੱਖਿਆ। ਮੈਂ ਆਉਣ ਵਾਲੇ ਸਮੇਂ ਵਿੱਚ ਵੀ ਉਸ ਨਾਲ ਅਤੇ ਆਪਣੇ ਭਾਈਚਾਰੇ ਨਾਲ ਕੰਮ ਕਰਨ ਲਈ ਤਤਪਰ ਹਾਂ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਨ੍ਹਾਂ ਯੂਥ ਸਾਂਸਦਾਂ ਸਮੇਤ ਹੋਰ ਵੀ ਬਹੁਤ ਸਾਰੇ ਭਵਿੱਖ ਦੇ ਯੁਵਾ ਸੰਸਦ (ਯੂਥ ਐਮ. ਪੀ.) ਇਥੇ ਮੌਜੂਦ ਹਨ ਅਤੇ ‘ਯੂਥ ਪਾਰਲੀਮੈਂਟ’ ਵਰਗੇ ਮੌਕੇ ਦਰਅਸਲ ਸਾਡੇ ਭਾਈਚਾਰੇ ਦੇ ਵਿੱਚ ਜ਼ਮੀਨੀ ਪੱਧਰ ਤੋਂ ਰਾਜਸੀ ਅਗਵਾਈ ਸ਼ੁਰੂ ਕਰਨ ਵਿੱਚ ਮੁੱਢਲੀ ਜ਼ਬਰਦਸਤ ਸ਼ੁਰੂਆਤ ਕਰਦੇ ਹਨ। ਮੈਂ ਆਪਣਾ ਕੰਮ ਪੂਰੀ ਮਿਹਨਤ ਨਾਲ ਇਹ ਯਕੀਨੀ ਬਣਾਈ ਰੱਖਣ ਲਈ ਜਾਰੀ ਰੱਖਾਂਗਾ ਕਿ ਸਾਡੇ ਨੌਜਵਾਨ ਅਜਿਹੇ ਮੌਕੇ ਪ੍ਰਾਪਤ ਕਰਦੇ ਰਹਿਣ ਜਿੱਥੇ ਉਹ ਸਖ਼ਤ ਮਿਹਨਤ ਅਤੇ ਨਿਊਜ਼ੀਲੈਂਡ ਦੇ ਬਿਹਤਰ ਭਵਿੱਖ ਨੂੰ ਨਿਸ਼ਚਤ ਬਣਾਈ ਰੱਖਣ।
– ਕੰਵਲਜੀਤ ਸਿੰਘ ਬਖਸ਼ੀ
ਲਿਸਟ ਐਮ. ਪੀ.