ਰਣਜੀਤ ਬਾਵਾ ਬਣ ਗਿਆ ‘ਭਲਵਾਨ ਸਿੰਘ’

‘ਭਲਵਾਨ ਸਿੰਘ’ ਫਿਲਮ ਦੱਸੇਗੀ ਕਿ ਹਰ ਇਨਸਾਨ ਅੰਦਰ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ। ਕਈ ਵਾਰ ਅਸੀਂ ਕਿਸੇ ਬਾਰੇ ਗ਼ਲਤ ਅੰਦਾਜ਼ਾ ਲਾ ਬੈਠਦੇ ਹਾਂ ਕਿ ਇਹ ਕਿਸੇ ਜੋਗਾ ਨਹੀਂ। ਇਹ ਵਿਹਲੜ ਹੈ। ਇਸ ਅੰਦਰ ਕੋਈ ਕਲਾ ਨਹੀਂ। ਪਰ ਸਮਾਂ ਆਉਣ ‘ਤੇ ਉਹੀ ਵਿਹਲੜ ਤੇ ਝੱਲਾ ਅਜਿਹੀ ਮਿਸਾਲ ਪੇਸ਼ ਕਰਦਾ ਹੈ ਕਿ ਸਭ ਦੀਆਂ ਉਂਗਲਾਂ ਦੰਦਾਂ ਥੱਲੇ ਆ ਜਾਂਦੀਆਂ ਹਨ। ਇਹ ਫਿਲਮ ਸਵੈਮਾਣ ਦਾ ਵੀ ਪ੍ਰਤੀਕ ਹੋਵੇਗੀ ਅਤੇ ਹਰ ਇਨਸਾਨ ਨੂੰ ਕਿਸੇ ਵੀ ਖੇਤਰ ਵਿੱਚ ਕੁੱਝ ਨਾ ਕੁੱਝ ਸਿਦਕਦਿਲੀ ਨਾਲ ਕਰਦੇ ਰਹਿਣ ਦੀ ਪ੍ਰੇਰਣਾ ਵੀ ਦੇਵੇਗੀ। ਇਹ ਵਿਚਾਰ ਹਨ ਗਾਇਕ ਤੇ ਨਾਇਕ ਰਣਜੀਤ ਬਾਵਾ ਦੇ। ਉਹ ਬਾਵਾ, ਜਿਸ ਨੂੰ ਅਸਲ ਸਫ਼ਲਤਾ ‘ਜੱਟ ਦੀ ਅਕਲ, ਵੇਚ ਕੇ ਫ਼ਸਲ’ ਗੀਤ ਨਾਲ ਮਿਲੀ ਸੀ ਤੇ ਮਗਰੋਂ ਉਸ ਦੀ ਪ੍ਰਸਿੱਧੀ ਦੇ ਅਜਿਹੇ ਝੰਡੇ ਝੁੱਲੇ ਕਿ ਅੱਜ ਵੀ ਚੰਗੇ ਕਲਾਕਾਰਾਂ ਦੀ ਪਹਿਲੀ ਕਤਾਰ ਵਿੱਚ ਹੈ। ਉਸ ਦਾ ਗਾਏ ਤਕਰੀਬਨ ਸਾਰੇ ਗੀਤ ਹਿੱਟ ਹੋਏ ਹਨ।
ਪੰਜਾਬੀ ਗਾਇਕ ਕਿਉਂਕਿ ਫ਼ਿਲਮਾਂ ਵਿੱਚ ਵੀ ਕਿਸਮਤ ਅਜ਼ਮਾਈ ਕਰਦੇ ਹਨ ਤਾਂ ਰਣਜੀਤ ਬਾਵਾ ਵੀ ਇਸ ਕਤਾਰ ਵਿੱਚ ਸ਼ਾਮਲ ਹੋਇਆ। ਤਿੰਨ ਚਾਰ ਫ਼ਿਲਮਾਂ ਵਿੱਚ ਉਸ ਵੱਲੋਂ ਕੀਤੀ ਗਈ ਅਦਾਕਾਰੀ ਦਰਸ਼ਕ ਚੁੱਕੇ ਹਨ। ਖ਼ਾਸ ਕਰ ‘ਵੇਖ ਬਰਾਤਾਂ ਚੱਲੀਆਂ’ ਵਿੱਚ ਉਸ ਨੇ ਆਪਣਾ ਚੰਗਾ ਜਲਵਾ ਪੇਸ਼ ਕੀਤਾ। ਪਰ ਹੁਣ ਉਸ ਦੀ ਬਤੌਰ ਹੀਰੋ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ‘ਭਲਵਾਨ ਸਿੰਘ’ 27 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦਾ ਪ੍ਰਚਾਰ ਜ਼ੋਰਾਂ ‘ਤੇ ਹੈ। ਫਿਲਮ ਦਾ ਟਰੇਲਰ ਲਾਜਵਾਬ ਹੈ। ਗਾਣੇ ਕੀਲਦੇ ਹਨ। ਬਾਵਾ ਤੇ ਉਸ ਦੀ ਪੂਰੀ ਟੀਮ ਖ਼ਾਸੀ ਉਤਸਾਹਿਤ ਹੈ।
ਇਸ ਫਿਲਮ ‘ਚ ਰਣਜੀਤ ਬਾਵਾ, ਭਲਵਾਨ ਸਿੰਘ ਬਣਿਆ ਹੈ। ਉਹ ਕਹਿੰਦਾ ਹੈ, ‘ਜਦੋਂ ਮੈਨੂੰ ਫਿਲਮ ਦੀ ਪੇਸ਼ਕਸ਼ ਹੋਈ ਤਾਂ ਮੈਂ ਹੈਰਾਨ ਰਹਿ ਗਿਆ ਕਿ ਮੇਰਾ ਸਰੀਰ ਤਾਂ ਫਿਲਮ ਦੇ ਨਾਂ ਤੋਂ ਬਿਲਕੁਲ ਉਲਟ ਹੈ। ਪਰ ਮੈਨੂੰ ਕਿਹਾ ਗਿਆ ਕਿ ਤੇਰੇ ਵਰਗਾ ਭਲਵਾਨ ਹੀ ਚਾਹੀਦਾ। ਜਦੋਂ ਕਹਾਣੀ ਪੜ੍ਹੀ ਤਾਂ ਖ਼ੁਸ਼ੀ ਹੋਈ ਕਿ ਮੇਰੇ ਹਿੱਸੇ ਇਹ ਫਿਲਮ ਆਈ ਹੈ। ਇਸ ਫਿਲਮ ਲਈ ਸਾਡੀ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਇਹ ਅਜ਼ਾਦੀ ਤੋਂ ਪਹਿਲਾਂ ਦੇ ਪੰਜਾਬ ਦੀ ਪੇਸ਼ਕਾਰੀ ਕਰੇਗੀ। ਅੰਗਰੇਜ਼ਾਂ ਦਾ ਰਾਜ ਸੀ ਤੇ ਉਨ੍ਹਾਂ ਨੂੰ ਦੇਸ਼ ਵਿੱਚੋਂ ਕੱਢਣ ਲਈ ਸਿੱਧੜ ਤੇ ਦੇਸੀ ਭਲਵਾਨ ਸਿੰਘ ਜੋ ਜੋ ਜੁਗਤਾਂ ਲਾਉਂਦਾ ਹੈ, ਉਹ ਹਾਸਾ ਵੀ ਪੈਦਾ ਕਰਦੀਆਂ ਹਨ ਤੇ ਸੋਚਣ ਲਈ ਮਜਬੂਰ ਵੀ। ਪਹਿਲਾਂ ਤਾਂ ਪਿੰਡ ਵਾਸੀ ਉਸ ਦੀਆਂ ਇਹ ਕੋਸ਼ਿਸ਼ ਦੇਖ ਕੇ ਮੌਜੂ ਉਡਾਉਂਦੇ ਹਨ, ਪਰ ਬਾਅਦ ਵਿੱਚ ਸਾਰੇ ਉਸ ਨੂੰ ਸਲਾਮ ਕਰਦੇ ਹਨ।
ਇਸ ਫਿਲਮ ਵਿੱਚ ਕਰਮਜੀਤ ਅਨਮੋਲ, ਨਵਪ੍ਰੀਤ ਬੰਗਾ, ਮਾਨਵ ਵਿੱਜ, ਰਾਣਾ ਜੰਗ ਬਹਾਦਰ ਤੇ ਮਹਾਂਵੀਰ ਸਿੰਘ ਭੁੱਲਰ ਦੀ ਵੀ ਕਮਾਲ ਦੀ ਅਦਾਕਾਰੀ ਹੈ।
‘ਭਲਵਾਨ ਸਿੰਘ’ ਤਿੱਕੜੀ ਬੈਨਰ ਵੱਲੋਂ ਬਣਾਈ ਗਈ ਹੈ। ਇਸ ਤਿੱਕੜੀ ਨੇ ਹੁਣ ਤੱਕ ਕਈ ਸੁਪਰਹਿੱਟ ਫ਼ਿਲਮਾਂ ਪੰਜਾਬੀ ਸਿਨੇਮੇ ਨੂੰ ਦਿੱਤੀਆਂ ਹਨ। ‘ਰਿਦਮ ਬੁਆਏਜ ਐਂਟਰਟੇਨਮੈਂਟ’, ‘ਜੇ ਸਟੂਡੀਓ’ ਤੇ ‘ਨਦਰ ਫ਼ਿਲਮਜ਼’ ਦੇ ਕਾਰਜ ਗਿੱਲ, ਅਮੀਰ ਵਿਰਕ ਅਤੇ ਜਸਪਾਲ ਸੰਧੂ ਦਾ ਇਹ ਉੱਦਮ ਹੈ। ਫਿਲਮ ਦਾ ਨਿਰਦੇਸ਼ਨ ਪਰਮ ਸ਼ਿਵ ਵੱਲੋਂ ਕੀਤਾ ਗਿਆ ਹੈ।
ਫਿਲਮ ਸਬੰਧੀ ਕਰਮਜੀਤ ਅਨਮੋਲ ਦਾ ਕਹਿਣਾ ਹੈ ਕਿ ਤਜਰਬੇਕਾਰ ਬੈਨਰ ਚੰਗੀ ਪੰਜਾਬੀ ਫਿਲਮ ਤਾਂ ਬਣਾਉਂਦੇ ਹੀ ਹਨ, ਪੰਜਾਬੀ ਸਿਨੇਮੇ ਦੀ ਗੁਣਵੱਤਾ ਵਿੱਚ ਵੀ ਵਾਧਾ ਕਰਦੇ ਹਨ। ਇਹ ਪੰਜਾਬੀ ਸਿਨੇਮੇ ਲਈ ਚੰਗੀ ਗੱਲ ਹੈ ਕਿ ਕੁੱਝ ਨਿਰਮਾਤਾ ਵਾਰ ਵਾਰ ਸਾਹਮਣੇ ਆ ਰਹੇ ਹਨ। ਜ਼ਾਹਰ ਹੈ ਕਿ ਉਨ੍ਹਾਂ ਦੀ ਪਹਿਲੀ ਫਿਲਮ ਕਾਮਯਾਬੀ ਹਾਸਲ ਕਰਦੀ ਹੈ ਤਾਂ ਉਹ ਦੂਜੀ, ਫੇਰ ਤੀਜੀ ਬਣਾਉਂਦੇ ਹਨ।
ਇਸੇ ਤਰ੍ਹਾਂ ਰਾਣਾ ਜੰਗ ਬਹਾਦਰ ਦਾ ਕਹਿਣਾ ਹੈ ਕਿ ‘ਭਲਵਾਨ ਸਿੰਘ’ ਨਿਸ਼ਚਿਤ ਸਮੇਂ ਦੀ ਫਿਲਮ ਹੈ। ਇਸ ਵਿੱਚ ਦਰਸ਼ਕਾਂ ਨੂੰ ਪੁਰਾਣਾ ਪੰਜਾਬ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਨਾਲ ਫਿਲਮ ਵਿੱਚ ਰੋਮਾਂਸ, ਕਾਮੇਡੀ ਤੇ ਹੋਰ ਰੰਗ ਵੀ ਦੇਖਣ ਨੂੰ ਮਿਲਣਗੇ।
ਫਿਲਮ ਦੀ ਸਮੁੱਚੀ ਟੀਮ 27 ਅਕਤੂਬਰ ਦੀ ਉਡੀਕ ਕਰ ਰਹੀ ਹੈ। ਦਰਸ਼ਕਾਂ ਦਾ ਉਤਸ਼ਾਹ ਵੀ ਬੁਲੰਦ ਹੈ। ਸੋਸ਼ਲ ਮੀਡੀਆ ‘ਤੇ ਦਰਸ਼ਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੁਰਾਣਾ ਪੰਜਾਬ ਫ਼ਿਲਮਾਂ ਜ਼ਰੀਏ ਦੇਖਣ ਨੂੰ ਮਿਲਦਾ ਹੈ ਤਾਂ ਖ਼ੁਦ ਨੂੰ ਖ਼ੁਸ਼ਕਿਸਮਤ ਸਮਝਦੇ ਹਨ। ਇਸੇ ਲਈ ਉਹ ‘ਭਲਵਾਨ ਸਿੰਘ’ ਦੇਖਣ ਦਾ ਮਨ ਬਣਾਈ ਬੈਠੇ ਹਨ।

– ਸਵਰਨ ਸਿੰਘ ਟਹਿਣਾ
ਮੋ. 0091-98141-78883