ਰਣਵੀਰ ਤੇ ਦੀਪਿਕਾ ਆਖਿਰ ਵਿਆਹ ਦੇ ਬੰਧਨ ‘ਚ ਬੱਝੇ 

ਮੁੰਬਈ – ਇਟਲੀ ਦੇ ਲੇਕ ਕੋਮੋ ਦੇ ਵਿਲਾ ਡੈਲ ਬਾਲਬੀਆਨੈੱਲੋ ਵਿਖੇ ਨਿੱਜੀ ਸਮਾਗਮ ਦੌਰਾਨ 14-15 ਨਵੰਬਰ ਨੂੰ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਦਾ ਵਿਆਹ ਹੋ ਗਿਆ ਹੈ। ਲੋਕ ਨਵੇਂ ਵਿਆਹੇ ਜੋੜੇ ਦੀਆਂ ਕੁੱਝ ਤਸਵੀਰਾਂ ਹਾਸਲ ਕਰਨ ਨੂੰ ਉਤਾਵਲੇ ਰਹੇ।
ਦਿਲਚਸਪ ਗੱਲ ਹੈ ਵਿਆਹ ਦੱਖਣੀ ਭਾਰਤ ਤੇ ਉੱਤਰੀ ਭਾਰਤ ਦੀਆਂ ਰਸਮਾਂ ਮੁਤਾਬਕ ਵੱਖੋ ਵੱਖਰੇ ਤਰੀਕੇ ਨਾਲ ਕੀਤਾ ਗਿਆ। ਅਦਾਕਾਰਾ ਦੀਪਿਕਾ ਪਾਦੁਕੋਣ ਨੇ ਵਿਆਹ ਦੌਰਾਨ ਟ੍ਰੇਡੀਸ਼ਨਲ ਵਾਈਟ ਰੰਗ ਦੀ ਕਾਂਜੀਵਰਮ ਸਿਲਕ ਦੀ ਸਾੜ੍ਹੀ ਦੇ ਨਾਲ ਸੋਨੇ ਦਾ ਜੜਾਊ ਨੈਕਲਸ ਪਾਇਆ ਹੋਇਆ ਸੀ ਅਤੇ ਕਮਰਪੱਟਾ, ਰਿੰਗਸ ਅਤੇ ਪੰਜੇਬ ਪਾ ਰੱਖੀ ਸੀ। ਵਿਆਹ ਤੋਂ ਫ਼ੌਰੀ ਮਗਰੋਂ ਦੀਪਿਕਾ ਤੇ ਰਣਵੀਰ ਨੇ ਇਕੋ ਵੇਲੇ ਆਪੋ ਆਪਣੇ ਸੋਸ਼ਲ ਮੀਡੀਆ ਖਾਤਿਆਂ ਉੱਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰ ਦਿੱਤੀਆਂ। ਦੱਖਣੀ ਭਾਰਤ ਦੀਆਂ ਰਸਮਾਂ ਮੁਤਾਬਕ ਕੀਤੇ ਵਿਆਹ ਵਾਲੀ ਤਸਵੀਰ ਵਿੱਚ ਰਣਵੀਰ ਸਫ਼ੇਦ ਰੰਗ ਦੀ ਕੁੜਤਾ-ਧੋਤੀ ਵਿੱਚ ਨਜ਼ਰ ਆ ਰਿਹਾ ਹੈ ਜਦੋਂਕਿ ਦੀਪਿਕਾ ਉਨਾਬੀ ਰੰਗ ਦੀ ਕਾਂਜੀਵਰਮ ਸਾੜ੍ਹੀ ਵਿੱਚ ਖ਼ੂਬ ਫਬ ਰਹੀ ਹੈ।
ਇਸ ਮੌਕੇ ‘ਤੇ ਦੀਪਿਕਾ ਪਾਦੁਕੋਣ ਰਣਬੀਰ ਸਿੰਘ ਨੂੰ ਰਿੰਗ ਪੁਆਉਂਦੇ ਵਕਤ ਭਾਵੁਕ ਹੋ ਗਈ ਅਤੇ ਉਨ੍ਹਾਂ ਦੀਆਂ ਅੱਖਾਂ ਤੋਂ ਖ਼ੁਸ਼ੀ ਦੇ ਹੰਝੂ ਵਗ ਨਿਕਲੇ। ਜਾਣਕਾਰੀ ਦੇ ਮੁਤਾਬਿਕ ਇਹ ਗੱਲ ਪਹਿਲਾਂ ਕਿਸੇ ਨੂੰ ਨਹੀਂ ਪਤਾ ਸੀ ਪਰ ਉੱਥੇ ਮੌਜੂਦ ਕੁੱਝ ਦਾ ਇਸ ਗੱਲ ਉੱਤੇ ਧਿਆਨ ਗਿਆ ਅਤੇ ਰਣਵੀਰ ਸਿੰਘ ਨੇ ਤੁਰੰਤ ਹਾਲਾਤ ਨੂੰ ਸੰਭਾਲ ਲਿਆ।
ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੇ ਇਸ ਤੋਂ ਪਹਿਲਾਂ ਉੱਥੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਹੱਥ ਨਾਲ ਲਿਖੇ ਸਵਾਗਤ ਨੋਟ  ਦੇ ਮਾਧਿਅਮ ਰਾਹੀ ਕੀਤਾ ਜਿਸ ਦੇ ਬਾਅਦ ਸਾਰੇ ਲੋਕ ਵਿਅਕਤੀਗਤ ਤੌਰ ‘ਤੇ ਉਨ੍ਹਾਂ ਦੇ ਵੱਲੋਂ ਕੀਤੇ ਗਏ ਇਸ ਸਵਾਗਤ ਤੋਂ ਖ਼ੁਸ਼ ਹੋ ਗਏ।
ਲੰਘੀ ਰਾਤ ਦੀਪਿਕਾ ਅਤੇ ਰਣਵੀਰ ਦੀ ਕੁੜਮਾਈ ਅਤੇ ਮਹਿੰਦੀ ਦੇ ਦੌਰਾਨ ਦੋਨਾਂ ਨੇ ਰੱਜ ਕੇ ਮਸਤੀ ਕੀਤੀ। ਖ਼ਬਰਾਂ ਹਨ ਕਿ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੀ ਮਹਿੰਦੀ ਦੇ ਦੌਰਾਨ ਦੀਪਿਕਾ ਆਪਣੇ ਹੱਥਾਂ ਵਿੱਚ ਮਹਿੰਦੀ ਲਗਵਾ ਰਹੀ ਸੀ ਅਤੇ ਰਣਵੀਰ ਸਿੰਘ ਦੀ ਇਹ ਡਿਊਟੀ ਲੱਗੀ ਸੀ ਕਿ ਉਹ ਦੀਪਿਕਾ ਪਾਦੁਕੋਣ ਨੂੰ ਖਾਣਾ ਖਵਾਉਣਗੇ। ਇਸ ਦੌਰਾਨ ਰਣਵੀਰ ਸਿੰਘ ਨੇ ਖ਼ੂਬ ਮਸਤੀ ਕੀਤੀ।
ਦੋ ਦਿਨ ਚਲੇ ਵਿਆਹ ਸਮਾਰੋਹ ਦੀ ਪਹਿਲੀ ਝਲਕ ਦੋਨਾਂ ਨੇ ਵੀਰਵਾਰ ਨੂੰ ਆਪਣੇ ਫੈਂਸ ਅਤੇ ਮੀਡੀਆ ਲਈ ਜਾਰੀ ਕੀਤੀ।  ਦੀਪਿਕਾ ਅਤੇ ਰਣਵੀਰ, ਦੋਵਾਂ ਨੇ ਦੋ ਤਸਵੀਰਾਂ ਲੋਕਾਂ ਦੇ ਨਾਲ ਸਾਂਝਾ ਕੀਤੀਆਂ। ਇਨ੍ਹਾਂ ਵਿਚੋਂ ਇੱਕ ਬੁੱਧਵਾਰ ਨੂੰ ਕੋਂਕਣੀ ਰੀਤੀ-ਰਿਵਾਜ ਦੇ ਨਾਲ ਚਾਰ ਘੰਟੇ ਤੱਕ ਚਲੇ ਵਿਵਾਹਿਕ ਨਾਲ ਸਬੰਧਤ ਹਨ ਅਤੇ ਇੱਕ ਵੀਰਵਾਰ ਨੂੰ ਉੱਤਰ ਭਾਰਤੀ ਰੀਤੀ-ਰਿਵਾਜ ਦੇ ਨਾਲ ਹੋਈ ਵਿਆਹ ਨਾਲ ਸਬੰਧਤ ਹੈ। ਜ਼ਿਕਰਯੋਗ ਹੈ ਕਿ ਸਾਲ 2013 ਵਿੱਚ ‘ਗੋਲੀਆਂ ਦੀ ਰਾਸਲੀਲਾ ਰਾਮ-ਲੀਲਾ’ ਫਿਲਮ ਦੀ ਸ਼ੂਟਿੰਗ ਦੇ ਵਿੱਚ ਇਨ੍ਹਾਂ ਦੋਵਾਂ ਦਾ ਪਿਆਰ ਪਰਵਾਨ ਚੜ੍ਹਿਆ ਸੀ। ਛੇ ਸਾਲ ਲੰਬਾ ਅਫੇਅਜ਼ ਜੋ ਵਿਆਹ ਤੱਕ ਅੱਪੜਿਆ , ਉਸ ਦੀ ਇੱਕ ਝਲਕ ਦੇਖਣ ਲਈ ਇਨ੍ਹਾਂ   ਦੇ ਫੈਂਸ ਬੇਚੈਨ ਸਨ। ਗੌਰਤਲਬ ਹੈ ਕਿ ਅਦਾਕਾਰਾ ਦੀਪਿਕਾ ਪਾਦੁਕੋਣ ਆਪਣੇ ਸਮਾਂ ਦੇ ਮਹਾਨ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੁਕੋਣ ਦੀ ਧੀ ਹੈ।
ਮੀਡੀਆ ਅਤੇ ਪ੍ਰਸ਼ੰਸਕਾਂ ਤੋਂ ਪੂਰੀ ਤਰ੍ਹਾਂ ਨਾਲ ਦੂਰ ਇਟਲੀ ਦੇ ਸੁੰਦਰ ਲੋਂਬਾਰਡੀ ਖੇਤਰ ਵਿੱਚ ਹੋਇਆ ਵਿਆਹ ਸਮਾਰੋਹ ਇੱਕ ਪਰਵਾਰਿਕ ਉਤਸਵ ਸੀ ਜਿਸ ਵਿੱਚ 40 ਮਹਿਮਾਨਾਂ ਨੂੰ ਸੱਦਿਆ ਗਿਆ ਸੀ। ਜੋੜੇ ਨੇ ਆਪਣੇ ਆਪ ਨੂੰ ਵੇਖੇ ਜਾਣ ਤੋਂ ਬਚਾਉਣ ਲਈ ਛੱਤਰੀ ਦਾ ਸਹਾਰਾ ਲਿਆ। ਸੁਰੱਖਿਆ ਬੇਹੱਦ ਕੜੀ ਰੱਖੀ ਗਈ ਸੀ। ਜੋੜੇ ਨੇ ਕਿਹਾ ਹੈ ਕਿ ਉਹ ਬੈਂਗਲੁਰੁ ਵਿੱਚ 21 ਨਵੰਬਰ ਅਤੇ ਮੁੰਬਈ ਵਿੱਚ 28 ਨਵੰਬਰ ਨੂੰ ਵਿਆਹ ਦੀ ਰਿਸੈੱਪਸ਼ਨ ਦੇਣਗੇ। ਫ਼ਿਲਮੀ ਦੁਨੀਆ ਦੇ ਲੋਕਾਂ ਲਈ 1 ਦਸੰਬਰ ਨੂੰ ਵੱਖ ਤੋਂ ਪਾਰਟੀ ਰੱਖੀ ਗਈ ਹੈ। ਇਨ੍ਹਾਂ ਨੇ ਮਹਿਮਾਨਾਂ ਨੂੰ ਬੇਨਤੀ ਕੀਤਾ ਹੈ ਕਿ ਉਹ ਆਪਣਾ ਗਿਫ਼ਟ ਦੀਪਿਕਾ  ਦੇ ‘ਦਿ ਲਾਇਵ ਲਵ ਲਾਫ ਫਾਉੂਂਡੇਸ਼ਨੂ’ ਨੂੰ ਦਾਨ ਦੇ ਰੂਪ ਵਿੱਚ ਦਿਓ। ਇਹ ਫਾਊਂਡੇਸ਼ਨ ਮਾਨਸਿਕ ਸਿਹਤ ਦੇ ਬਾਰੇ ਵਿੱਚ ਜਾਗਰੂਕਤਾ ਫੈਲਾਉਣ ਦਾ ਕੰਮ ਕਰਦਾ ਹੈ।