ਰਾਜਸਥਾਨ ‘ਚ ਬਾਰਿਸ਼ ਕਾਰਨ 23 ਮੌਤਾਂ

ਸੜਕਾਂ, ਮਕਾਨ ਅਤੇ ਵਾਹਨਾਂ ਦਾ ਭਾਰੀ ਨੁਕਸਾਨ
ਜੈਪੁਰ, 23 ਅਗਸਤ (ਏਜੰਸੀ)-ਰਾਜਸਥਾਨ ਵਿੱਚ ਹੋਈ ਭਾਰੀ ਬਾਰਿਸ਼ ਨੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਖ਼ਾਸ ਕਰਕੇ ਜੈਪੁਰ ਵਿੱਚ ਬਣੀ ਹੜ੍ਹ ਵਰਗੀ ਸਥਿਤੀ ਕਾਰਨ ਹਾਲਾਤ ਨਾਜ਼ੁਕ ਬਣੇ ਹੋਏ ਹਨ। ਰਾਜਸਥਾਨ ਵਿੱਚ ਹੜ੍ਹ ਦੇ ਕਹਿਰ ਕਾਰਨ 23 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਲਗਭਗ 20 ਹਜ਼ਾਰ ਲੋਕ ਘਰੋ ਬੇਘਰ ਹੋ ਗਏ ਹਨ। ਸੂਬੇ ਵਿੱਚ ਕਈ ਸੜਕਾਂ ਪਾਣੀ ਵਿੱਚ ਡੁੱਬ…… ਚੁੱਕੀਆਂ ਹਨ ਅਤੇ ਫ਼ਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਕਈ ਹੇਠਲੇ ਇਲਾਕਿਆਂ ਵਿੱਚ ਫ਼ਸੇ ਲੋਕਾਂ ਨੂੰ ਪ੍ਰਸ਼ਾਸਨ ਵਲੋਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਰਾਜਸਥਾਨ ਵਿੱਚ ਹੜ੍ਹ ਕਾਰਨ ਵਿਗੜੇ ਹਾਲਾਤਾਂ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਫ਼ੋਨ ਜ਼ਰੀਏ ਗੱਲਬਾਤ ਕਰਕੇ ਮਾਰੇ ਗਏ ਲੋਕਾਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਜਦੋਂ ਕਿ ਸੂਬਾ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਡੇਢ-ਡੇਢ ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਹੈ।
ਜੈਪੁਰ ਵਿੱਚ ਬਾਰਿਸ਼ ਨੇ ਵੱਡੀ ਮਾਤਰਾ ਵਿੱਚ ਤਬਾਹੀ ਮਚਾਈ ਹੈ। ਇਥੇ ਕਈ ਸੜਕਾਂ ‘ਚ ਪਾੜ ਪੈ ਚੁੱਕਾ ਹੈ, ਜਦੋਂ ਕਿ ਕਈ ਵਾਹਨਾਂ ਦਾ ਭਾਰੀ ਨੁਕਸਾਨ ਵੀ ਹੋਇਆ ਹੈ। ਸੂਬੇ ਵਿੱਚ ਸਕੂਲਾਂ ਨੂੰ ਛੁੱਟੀ ਕਰ ਦਿੱਤੀ ਗਈ ਹੈ। ਜਦੋਂ ਕਿ ਹੋਰ ਕੰਮਾਂਕਾਰਾਂ ‘ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਕਈ ਮਕਾਨਾਂ ਦੇ ਢਹਿ ਜਾਣ ਦੀ ਸੂਚਨਾ ਵੀ ਮਿਲੀ ਹੈ। ਇਸ ਤੋਂ ਇਲਾਵਾ ਇਥੇ ਰੇਲਵੇ ਆਵਾਜਾਈ ‘ਤੇ ਵੀ ਬਾਰਿਸ਼ ਦਾ ਅਸਰ ਵੇਖਣ ਨੂੰ ਮਿਲਿਆ ਹੈ। ਜਦੋਂ ਕਿ ਕਈ ਇਲਾਕਿਆਂ ਵਿੱਚ ਬਿਜਲੀ ਵਿਵਸਥਾ ਵੀ ਬੰਦ ਕਰ ਦਿੱਤੀ ਗਈ ਹੈ।