ਰਾਜ ਸਭਾ ‘ਚ ਅਵਤਾਰ ਸਿੰਘ ਕਰੀਮਪੁਰੀ ਤੇ ਨਰੇਸ਼ ਕੁਮਾਰ ਹੋਏ ਹੱਥੋਪਾਈ

ਸਰਕਾਰੀ ਨੌਕਰੀਆਂ ‘ਚ ਰਾਖਵਾਂਕਰਨ ਬਿਲ ‘ਤੇ ਆਪਸ ‘ਚ ਉਲਝੇ
ਨਵੀਂ ਦਿੱਲੀ, 5 ਸਤੰਬਰ (ਏਜੰਸੀ) – ਅੱਜ ਰਾਜ ਸਭਾ ਵਿੱਚ ਵਾਪਰੀ ਹੱਥੋਪਾਈ ਦੀ ਘਟਨਾ ਨੇ ਭਾਰਤੀ ਲੋਕਤੰਤਰ ‘ਤੇ ਇਕ ਹੋਰ ਕਾਲਾ ਧੱਬਾ ਲਾ ਦਿੱਤਾ। ਰਾਜ ਸਭਾ ਵਿੱਚ ਅੱਜ ਜਦੋਂ ਕਿ ਐਸ. ਸੀ. ਅਤੇ ਐਸ. ਟੀ. ਲਈ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਦੇ ਬਿਲ ਵਾਲਾ ਸੰਵਿਧਾਨ ਸੋਧ ਬਿਲ ਪੇਸ਼ ਕੀਤਾ ਜਾ ਰਿਹਾ ਸੀ ਤਦ ਬਸਪਾ ਅਤੇ ਸਪਾ ਦੇ ਸੰਸਦ ਮੈਂਬਰ ਆਪਸ ਵਿੱਚ ਹੱਥੋਪਾਈ ਹੋ ਗਏ। ਭਾਰੀ ਹੰਗਾਮੇ ਅਤੇ ਧੱਕਾਮੁੱਕੀ ਵਿਚਾਲੇ ਬਿਲ ਸਦਨ ਵਿੱਚ……… ਪੇਸ਼ ਕੀਤਾ ਗਿਆ। ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਵੀ. ਨਾਰਾਇਣ ਸਾਮੀ ਨੇ ਇਸ ਬਿਲ ਨੂੰ ਪੇਸ਼ ਕੀਤਾ। ਸਾਮੀ ਜਦੋਂ ਬਿਲ ਪੇਸ਼ ਕਰ ਰਹੇ ਸਨ ਤਦ ਸਪਾ ਦੇ ਸੰਸਦ ਮੈਂਬਰ ਹੰਗਾਮਾ ਕਰ ਰਹੇ ਸਨ, ਤਦ ਬਸਪਾ ਦੇ ਸੰਸਦ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੇ ਉਨ੍ਹਾਂ ਦਾ ਰਾਹ ਰੋਕਣ ਦਾ ਯਤਨ ਕੀਤਾ। ਕਰੀਮਪੁਰੀ ਨੇ ਨਰੇਸ਼ ਅਗਰਵਾਲ ਦੀ ਬਾਂਹ ਫੜ ਲਈ। ਇਸ ਦੌਰੇ ਅਗਰਵਾਲ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਨੇ ਬਸਪਾ ਸੰਸਦ ਮੈਂਬਰ ਨੂੰ ਧੱਕਾ ਦੇ ਦਿੱਤਾ। ਇਸ ਤੋਂ ਬਾਅਦ ਦੋਨਾਂ ਪਾਰਟੀਆਂ ਦੇ ਸੰਸਦਾਂ ਵਿਚਾਲੇ ਹੱਥੋਪਾਈ ਹੋਈ। ਹੋਰ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਤੁਰੰਤ ਮਾਮਲੇ ਨੂੰ ਸ਼ਾਂਤ ਕਰਵਾਇਆ। ਇਹ ਘਟਨਾ ਪਹਿਲੀ ਵਾਰੀ ਵਾਪਰੀ ਹੈ, ਜਦੋਂ ਰਾਜ ਸਭਾ ਵਿੱਚ ਸੰਸਦਾਂ ਵਿਚਾਲੇ ਹੱਥੋਪਾਈ ਹੋਈ ਹੋਵੇ।
ਜ਼ਿਕਰਯੋਗ ਹੈ ਕਿ ਇਹ ਇਸ ਤੋਂ ਪਹਿਲਾਂ ਲੋਕ ਸਭਾ ਵਿੱਚ ਸਾਲ 2008 ਵਿੱਚ ਭਰੋਸੇ ਦੇ ਵੋਟ ਤੋਂ ਪਹਿਲਾਂ ਕੁਝ ਮੈਂਬਰਾਂ ਵਲੋਂ ਲੋਕ ਸਭਾ ਵਿੱਚ ਨੋਟਾਂ ਦੀਆਂ ਗੱਥੀਆਂ ਲਹਿਰਾਈਆਂ ਗਈਆਂ ਸਨ। ਇਸ ਘਟਨਾ ਨੇ ਲੋਕਤੰਤਰ ਨੂੰ ਸ਼ਰਮਸਾਰ ਕੀਤਾ ਸੀ। ਇਸ ਤੋਂ ਇਲਾਵਾ ਇਕ ਸੰਸਦ ਮੈਂਬਰ ਨੇ ਲੋਕ ਸਭਾ ਵਿੱਚ ਜਨ ਲੋਕਪਾਲ ਬਿੱਲ ਦੀਆਂ ਕਾਪੀਆਂ ਵੀ ਫਾੜੀਆਂ ਸਨ।