ਰਾਜ ਸਭਾ ਦੇ 8 ਮੈਂਬਰ ਸਦਨ ‘ਚੋਂ ਮੁਅੱਤਲ

ਨਵੀਂ ਦਿੱਲੀ, 21 ਸਤੰਬਰ – ਅੱਜ ਰਾਜ ਸਭਾ ਦੇ 8 ਮੈਂਬਰਾਂ ਨੂੰ 2 ਖੇਤੀ ਬਿੱਲਾਂ ਨੂੰ ਪਾਸ ਕਰਾਉਣ ਦੌਰਾਨ ਹੰਗਾਮਾ ਕਰਨ ਦੇ ਕਰਕੇ ਮੌਨਸੂਨ ਇਜਲਾਸ ਦੇ ਬਾਕੀ ਰਹਿੰਦੇ ਸਮੇਂ ਲਈ ਸਦਨ ‘ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਗਏ ਮੈਂਬਰਾਂ ਨੇ ਸਦਨ ‘ਚੋਂ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਰਾਜ ਸਭਾ ਦੀ ਕਾਰਵਾਈ ਵਾਰ ਵਾਰ ਠੱਪ ਹੁੰਦੀ ਰਹੀ। ਮੁਅੱਤਲ ਕੀਤੇ ਗਏ ਮੈਂਬਰਾਂ ‘ਚ ਡੈਰੇਕ ਓਬ੍ਰਾਇਨ (ਤ੍ਰਿਣਮੂਲ ਕਾਂਗਰਸ), ਡੋਲਾ ਸੇਨ (ਤ੍ਰਿਣਮੂਲ ਕਾਂਗਰਸ), ਸੰਜੈ ਸਿੰਘ (ਆਪ), ਰਾਜੀਵ ਸਤਵ, ਸੱਯਦ ਨਾਸਿਰ ਹੁਸੈਨ ਤੇ ਰਿਪੁਨ ਬੋਰਾ (ਸਾਰੇ ਕਾਂਗਰਸ), ਕੇ ਕੇ ਰਾਗੇਸ਼ ਅਤੇ ਈ ਕਰੀਮ (ਦੋਵੇਂ ਸੀਪੀਐੱਮ) ਸ਼ਾਮਲ ਹਨ।
ਇਨ੍ਹਾਂ 8 ਮੈਂਬਰਾਂ ਨੂੰ ਮੁਅੱਤਲ ਕਰਨ ਦਾ ਮਤਾ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਵੀ ਮੁਰਲੀਧਰਨ ਨੇ ਪੇਸ਼ ਕੀਤਾ ਅਤੇ ਸਦਨ ਨੇ ਜ਼ੁਬਾਨੀ ਵੋਟਾਂ ਨਾਲ ਇਸ ਨੂੰ ਪ੍ਰਵਾਨਗੀ ਦੇ ਦਿੱਤੀ। ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾਉਣ ਮਗਰੋਂ ਵਿਰੋਧੀ ਧਿਰਾਂ ਦੇ ਰਾਜ ਸਭਾ ਵਿਚੋਂ ਮੁਅੱਤਲ ਕੀਤੇ 8 ਮੈਂਬਰ ਸੰਸਦ ਭਵਨ ਦੇ ਅੰਦਰ ਰਾਤ ਭਰ ਧਰਨੇ ਉੱਤੇ ਡਟੇ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਬਿੱਲਾਂ ਉੱਤੇ ਵੋਟਿੰਗ ਨਹੀਂ ਕਰਵਾਈ ਗਈ ਕਿਉਂਕਿ ਭਾਜਪਾ ਕੋਲ ਰਾਜ ਸਭਾ ਵਿੱਚ ਬਹੁਮਤ ਨਹੀਂ ਹੈ। ਧੱਕੇ ਨਾਲ ਬਿੱਲ ਪਾਸ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਦੇ ਮੈਂਬਰ ਖੇਤੀ ਬਿੱਲਾਂ ਨੂੰ ਸਰਕਾਰ ਵੱਲੋਂ ਪਾਸ ਕਰਵਾਏ ਜਾਣ ਦੇ ਢੰਗ ‘ਤੇ ਇਤਰਾਜ਼ ਕਰਦਿਆਂ ਐਤਵਾਰ ਨੂੰ ਸਦਨ ਦੇ ਵਿਚਕਾਰ ਆ ਗਏ ਸਨ ਅਤੇ ਮੰਗ ਕਰ ਰਹੇ ਸਨ ਕਿ ਬਿੱਲਾਂ ਖ਼ਿਲਾਫ਼ ਵੋਟਿੰਗ ਕਰਵਾਈ ਜਾਵੇ। ਇਸ ਦੌਰਾਨ ਉਹ ਹੰਗਾਮਾ ਕਰਦਿਆਂ ਮੇਜ਼ ‘ਤੇ ਚੜ੍ਹ ਗਏ ਸਨ ਅਤੇ ਕਾਗ਼ਜ਼ ਫਾੜ ਦਿੱਤੇ ਸਨ। ਉਨ੍ਹਾਂ ਨਾਅਰੇਬਾਜ਼ੀ ਕਰਦਿਆਂ ਸਦਨ ਦੀ ਕਾਰਵਾਈ ਚਲਾ ਰਹੇ ਉਪ ਚੇਅਰਮੈਨ ਹਰੀਵੰਸ਼ ‘ਤੇ ਰੂਲ ਬੁੱਕ ਵੀ ਸੁੱਟ ਦਿੱਤੀ ਸੀ। ਹੰਗਾਮਾ ਕਰਨ ਵਾਲੇ ਮੈਂਬਰਾਂ ਦੇ ਰਵੱਈਏ ਦੀ ਨਿਖੇਧੀ ਕਰਦਿਆਂ ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਕਿਹਾ ਕਿ ਹਰੀਵੰਸ਼ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵੀ ਵਰਤੀ ਗਈ ਸੀ ਅਤੇ ਉਨ੍ਹਾਂ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵੀ ਹੋਈ ਸੀ। ਸਦਨ ਨੇ ਜਿਵੇਂ ਹੀ ਜ਼ੁਬਾਨੀ ਵੋਟਾਂ ਨਾਲ 8 ਮੈਂਬਰਾਂ ਨੂੰ ਮੁਅੱਤਲ ਕਰਨ ਦਾ ਮਤਾ ਪਾਸ ਕੀਤਾ ਤਾਂ ਚੇਅਰਮੈਨ ਨੇ ਉਨ੍ਹਾਂ ਨੂੰ ਸਦਨ ‘ਚੋਂ ਜਾਣ ਲਈ ਕਿਹਾ ਪਰ ਉਹ ਫ਼ੈਸਲੇ ਖ਼ਿਲਾਫ਼ ਪ੍ਰਦਰਸ਼ਨ ਕਰਦੇ ਰਹੇ। ਵਿਰੋਧੀ ਧਿਰ ਦੇ ਹੋਰ ਸੰਸਦ ਮੈਂਬਰਾਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਜਿਸ ਕਾਰਨ ਵਾਰ ਵਾਰ ਸਦਨ ਦੀ ਕਾਰਵਾਈ ‘ਚ ਅੜਿੱਕਾ ਪੈਂਦਾ ਰਿਹਾ ਅਤੇ ਅਖੀਰ ਕੋਈ ਕੰਮ ਹੋਏ ਬਿਨਾਂ ਹੀ ਸਦਨ ਦੀ ਕਾਰਵਾਈ ਦਿਨ ਭਰ ਲਈ ਊਠਾਂ ਦਿੱਤੀ ਗਈ।
ਅੱਜ ਸਿਫ਼ਰ ਕਾਲ ਮਗਰੋਂ ਸ੍ਰੀ ਨਾਇਡੂ ਨੇ ਕਿਹਾ ਕਿ ਖੇਤੀ ਬਿੱਲਾਂ ਨੂੰ ਪਾਸ ਕੀਤੇ ਜਾਣ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਉਨ੍ਹਾਂ ਨੂੰ ‘ਦੁੱਖ’ ਹੋਇਆ ਹੈ। ਉਨ੍ਹਾਂ ਕਿਹਾ ਕਿ ਡਿਪਟੀ ਚੇਅਰਮੈਨ ‘ਤੇ ਰੂਲ ਬੁੱਕ ਅਤੇ ਕਾਗ਼ਜ਼ ਸੁੱਟਣਾ ਅਤੇ ਸਕੱਤਰ ਜਨਰਲ ਦੀ ਮੇਜ਼ ‘ਤੇ ਚੜ੍ਹ ਕੇ ਡਾਂਸ ਕਰਨਾ, ਨਾਅਰੇਬਾਜ਼ੀ ਕਰਨਾ, ਮਾਈਕ ਤੋੜਨਾ ਅਤੇ ਡਿਪਟੀ ਚੇਅਰਮੈਨ ਨੂੰ ਡਿਊਟੀ ਤੋਂ ਰੋਕਣਾ ਕੀ ਇਹ ਸੰਸਦੀ ਮਾਪਦੰਡ ਹਨ? ਉਨ੍ਹਾਂ ਮੈਂਬਰਾਂ ਨੂੰ ਆਪਣੇ ਅੰਦਰ ਝਾਤ ਮਾਰਨ ਲਈ ਕਿਹਾ। ਚੇਅਰਮੈਨ ਨੇ ਕਿਹਾ ਕਿ ਹਰੀਵੰਸ਼ ਨੂੰ ਸਰੀਰਕ ਤੌਰ ‘ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜੇਕਰ ਮਾਰਸ਼ਲ ਸਮੇਂ ਸਿਰ ਨਾ ਆਉਂਦੇ ਤਾਂ ਡਿਪਟੀ ਚੇਅਰਮੈਨ ਨਾਲ ਕੋਈ ਭਾਣਾ ਵਾਪਰ ਸਕਦਾ ਸੀ। ਉਨ੍ਹਾਂ ਕਿਹਾ,”ਅਜਿਹਾ ਰਵੱਈਆ ਬਹੁਤ ਮੰਦਭਾਗਾ, ਅਸਵੀਕਾਰ ਯੋਗ ਅਤੇ ਨਿਖੇਧੀ ਭਰਪੂਰ ਹੈ। ਇਸ ਨੇ ਸੰਸਦ ਦੇ ਅਕਸ ਖ਼ਾਸ ਕਰ ਕੇ ਉਪਰਾਲੇ ਸਦਨ ਨੂੰ ਢਾਹ ਲਾਈ ਹੈ।” ਸ੍ਰੀ ਨਾਇਡੂ ਨੇ ਕਿਹਾ ਕਿ ਜੇਕਰ ਵਿਰੋਧੀ ਧਿਰ ਕੋਲ ਗਿਣਤੀ ਹੁੰਦੀ ਤਾਂ ਉਹ ਦੋਵੇਂ ਬਿੱਲਾਂ ਨੂੰ ਸਿਲੈੱਕਟ ਕਮੇਟੀ ਕੋਲ ਭੇਜਣ ਸਬੰਧੀ ਮਤਾ ਪਾਸ ਕਰਵਾ ਸਕਦੇ ਸਨ। ਉਨ੍ਹਾਂ ਕਿਹਾ ਕਿ ਸਦਨ ਦੀ ਕਾਰਵਾਈ ‘ਚ ਲਗਾਤਾਰ ਅੜਿੱਕਾ ਪੈਣ ਕਾਰਨ ਵੋਟਿੰਗ ਨਹੀਂ ਕਰਵਾਈ ਜਾ ਸਕੇ ਅਤੇ ਕੁਝ ਮੈਂਬਰਾਂ ਨੇ ਸੰਸਦੀ ਸ਼ਿਸ਼ਟਾਚਾਰ ਨੂੰ ਛਿੱਕੇ ਟੰਗ ਕੇ ਸਦਨ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ।
ਰਾਜ ਸਭਾ ‘ਚ 12 ਪਾਰਟੀਆਂ ਵੱਲੋਂ ਉਪ ਚੇਅਰਮੈਨ ਹਰੀਵੰਸ਼ ਖ਼ਿਲਾਫ਼ ਬੇਭਰੋਸਗੀ ਦੇ ਮਤੇ ਨੂੰ ਅੱਜ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਨਕਾਰ ਦਿੱਤਾ ਅਤੇ ਕਿਹਾ ਕਿ ਇਹ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ ਗਿਆ ਅਤੇ 14 ਦਿਨਾਂ ਦਾ ਨੋਟਿਸ ਵੀ ਨਹੀਂ ਦਿੱਤਾ ਗਿਆ ਹੈ। ਸ੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੂੰ ਡਿਪਟੀ ਚੇਅਰਮੈਨ ਖ਼ਿਲਾਫ਼ ਬੇਭਰੋਸਗੀ ਸਬੰਧੀ ਪੱਤਰ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਅਤੇ 46 ਹੋਰ ਮੈਂਬਰਾਂ ਤੋਂ ਮਿਲਿਆ ਹੈ ਜਿਸ ‘ਚ ਉਨ੍ਹਾਂ ਕਿਹਾ ਹੈ ਕਿ ਹਰੀਵੰਸ਼ ਨੇ ਐਤਵਾਰ ਨੂੰ ਸਦਨ ਦੀ ਕਾਰਵਾਈ ਚਲਾਉਣ ਦੌਰਾਨ ਸਥਾਪਤ ਸੰਸਦੀ ਪ੍ਰਕਿਰਿਆ ਦਾ ਘਾਣ ਕੀਤਾ ਹੈ। ਉਨ੍ਹਾਂ ਕਿਹਾ,”ਮੈਂ ਸਦਨ ਦੀ ਕੱਲ੍ਹ ਦੀ ਪੂਰੀ ਕਾਰਵਾਈ ਨੂੰ ਘੋਖਿਆ ਹੈ। ਡਿਪਟੀ ਚੇਅਰਮੈਨ ਨੇ ਵਾਰ ਵਾਰ ਮੈਂਬਰਾਂ ਨੂੰ ਆਪਣੀਆਂ ਸੀਟਾਂ ‘ਤੇ ਜਾਣ, ਬਹਿਸ ‘ਚ ਸ਼ਾਮਲ ਹੋਣ ਅਤੇ ਸੋਧਾਂ ਪੇਸ਼ ਕਰਨ ਦੀ ਬੇਨਤੀ ਕੀਤੀ ਸੀ। ਸਦਨ ਦੀ ਕਾਰਵਾਈ ‘ਚ ਲਗਾਤਾਰ ਅੜਿੱਕਾ ਪੈਣ ਕਾਰਨ ਵੋਟਿੰਗ ਨਹੀਂ ਹੋ ਸਕੀ।”