ਰਾਸ਼ਟਰਪਤੀ ਚੋਣ ਲਈ ਵੋਟਾਂ ਮੁਕੰਮਲ 22 ਜੁਲਾਈ ਨੂੰ ਵੋਟਾਂ ਦੀ ਗਿਣਤੀ

ਨਵੀਂ ਦਿੱਲੀ – ਦੇਸ਼ ਦੇ 14ਵੇਂ ਰਾਸ਼ਟਰਪਤੀ ਦੀ ਚੋਣ ਲਈ 19 ਜੁਲਾਈ ਨੂੰ ਵੋਟਾਂ ਪਾਈਆਂ ਗਈਆਂ। ਇਨ੍ਹਾਂ ਚੋਣਾਂ ਵਿੱਚ ਯੂ. ਪੀ. ਏ. ਉਮੀਦਵਾਰ ਪ੍ਰਣਬ ਮੁਖਰਜੀ ਅਤੇ ਭਾਜਪਾ ਦੇ ਪੀ. ਏ. ਸੰਗਮਾ ਵਿਚਕਾਰ ਪ੍ਰਮੁੱਖ ਮੁਕਾਬਲਾ ਹੈ। ਵੋਟਾਂ ਦੀ ਗਿਣਤੀ 22 ਜੁਲਾਈ ਨੂੰ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਯੂ. ਪੀ. ਏ. ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਨੇ ਸੰਸਦ ਭਵਨ ਵਿੱਚ ਬਣਾਏ ਗਏ ਮਤਦਾਨ ਕੇਂਦਰ ਵਿੱਚ ਵੋਟ ਪਾਈ। ਇਸ ਤੋਂ ਇਲਾਵਾ ਐਮ. ਕੇ. ਅਲਗਿਰੀ, ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਸ਼ੁਰੂਆਤੀ ਵੋਟ ਪਾਉਣ ਵਾਲਿਆਂ ਵਿੱਚ ਪ੍ਰਮੁੱਖ ਰਹੇ। ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਸੂਬਿਆਂ ਦੀਆਂ ਰਾਜਧਾਨੀਆਂ ਵਿਖੇ ਬਣਾਏ ਗਏ ਮਤਦਾਨ ਕੇਂਦਰਾਂ ਵਿੱਚ ਵਿਧਾਇਕਾਂ ਵਲੋਂ ਵੋਟ ਪਾਈ ਗਈ।
ਇਸ ਦੌਰਾਨ ਪ੍ਰਣਬ ਮੁਖਰਜੀ ਦਾ ਇਨ੍ਹਾਂ ਚੋਣਾਂ ਵਿੱਚ ਜਿੱਤਣਾ ਲਗਪਗ ਤੈਅ ਹੈ ਕਿਉਂਕਿ ਤ੍ਰਿਣਮੂਲ ਦੇ ਸਮਰਥਨ ਤੋਂ ਉਨ੍ਹਾਂ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ। ਚੋਣ ਮੰਡਲ ਵਿੱਚ ਪਾਰਲੀਮੈਂਟ ਦੇ ਦੋਵਾਂ ਸਦਨਾਂ ਦੇ ਮੈਂਬਰ ਤੇ ਰਾਜ ਵਿਧਾਨ ਸਭਾਵਾਂ ਦੇ ਮੈਂਬਰ ਸ਼ਾਮਿਲ ਹਨ। ਚੋਣ ਮੰਡਲ ਦੇ ਕੁੱਲ 4896 ਮੈਂਬਰ ਹਨ ਜਿਨ੍ਹਾਂ ਵਿੱਚ 233 ਰਾਜ ਸਭਾ ਦੇ 543 ਲੋਕ ਸਭਾ ਦੇ ਮੈਂਬਰ ਤੇ 4120 ਰਾਜ ਵਿਧਾਨ ਸਭਾਵਾਂ ਦੇ ਮੈਂਬਰ ਸ਼ਾਮਿਲ ਹਨ। 776 ਪਾਰਲੀਮੈਂਟ ਮੈਂਬਰਾਂ ਦੇ ਹਰੇਕ ਮੈਂਬਰ ਦੇ ਵੋਟ ਦੀ ਕੀਮਤ 708 ਹੈ ਤੇ ਸਾਰੇ ਮੈਂਬਰਾਂ ਦੀ ਕੁੱਲ ਵੋਟ ਕੀਮਤ 5 ਲੱਖ 49 ਹਜ਼ਾਰ 408 ਹੈ। ਰਾਜ ਵਿਧਾਨ ਸਭਾਵਾਂ ਦੇ 4 ਹਜ਼ਾਰ 120 ਮੈਂਬਰਾਂ ਦੇ ਵੋਟਾਂ ਦੀ ਕੀਮਤ 5 ਲੱਖ 49 ਹਜ਼ਾਰ 474 ਹੈ ਤੇ ਕੁੱਲ ਮਿਲਾ ਕੇ ਚੋਣ ਮੰਡਲ ਦੇ ਵੋਟਰਾਂ ਦੇ ਕੁੱਲ ਵੋਟਾਂ ਦੀ ਕੀਮਤ 10 ਲੱਖ 98 ਹਜ਼ਾਰ 882 ਬਣਦੀ ਹੈ।
ਦੱਸਣਯੋਗ ਹੈ ਕਿ ਰਾਸ਼ਟਰਪਤੀ ਦੀ ਚੋਣ ਹਰ ਪੰਜ ਸਾਲ ਬਾਅਦ ਹੁੰਦੀ ਹੈ ਤੇ ਉਸ ਮੁਤਾਬਿਕ 2012 ਵਿੱਚ 12ਵੇਂ ਰਾਸ਼ਟਰਪਤੀ ਦੀ ਚੋਣ ਹੋਣੀ ਸੀ। ਪਰ ਦੇਸ਼ ਦੇ ਚੌਥੇ ਰਾਸ਼ਟਰਪਤੀ ਡਾ. ਜਾਕਿਰ ਹੂਸੈਨ ਤੇ ਛੇਵੇਂ ਰਾਸ਼ਟਰਪਤੀ ਸ਼੍ਰੀ ਫਖਰੂਦੀਨ ਅਲੀ ਅਹਿਮਦ ਦੀ ਆਪਣੇ ਕਾਰਜਕਾਲ ਦੌਰਾਨ ਅਚਾਨਕ ਮੌਤ ਹੋਣ ‘ਤੇ ਰਾਸ਼ਟਰਪਤੀ ਚੋਣਾਂ ਕਰਵਾਉਣਾ ਲਾਜ਼ਮੀ ਹੋ ਗਿਆ ਸੀ। ਦੇਸ਼ ਦੇ ਪਹਿਲੇ ਰਾਸ਼ਟਰਪਤੀ ਦੀ ਚੋਣ ਲਈ 2 ਮਈ, 1952 ਨੂੰ ਮਤਦਾਨ ਹੋਇਆ ਸੀ ਤੇ ਵੋਟਾਂ ਦੀ ਗਿਣਤੀ 6 ਮਈ, 1952 ਨੂੰ ਹੋਈ ਸੀ। ਡਾ. ਰਾਜਿੰਦਰ ਪ੍ਰਸਾਦ ਨੇ 13 ਮਈ, 1952 ਨੂੰ ਦੇਸ਼ ਦੇ ਪਹਿਲੇ ਰਾਸ਼ਟਰਪਤੀ ਵਜੋਂ ਕੰਮਕਾਜ ਸੰਭਾਲਿਆ ਸੀ।  ਡਾ. ਰਾਜਿੰਦਰ ਪ੍ਰਸਾਦ 1957 ਵਿੱਚ ਹੋਈ ਦੂਜੇ ਰਾਸ਼ਟਰਪਤੀ ਦੀ ਚੋਣ ਵਿੱਚ ਵੀ ਜੇਤੂ ਰਹੇ।
13 ਮਈ, 1962 ਨੂੰ ਡਾ. ਸਰਵ ਪੱਲੀ ਰਾਧਾ ਕ੍ਰਿਸ਼ਨਨ ਨੇ ਰਾਸ਼ਟਰਪਤੀ ਦਾ ਕੰਮਕਾਜ ਸੰਭਾਲਿਆ।  ਡਾ. ਜਾਕਿਰ ਹੂਸੈਨ 13 ਮਈ, 1967 ਨੂੰ ਰਾਸ਼ਟਰਪਤੀ ਬਣੇ, ਰਾਸ਼ਟਰਪਤੀ ਦੇ ਅਹੁਦੇ ਉਤੇ ਰਹਿੰਦੇ ਹੋਏ ਉਨ੍ਹਾਂ ਦੇ ਦਿਹਾਂਤ ਕਾਰਨ ਪੰਜਵੇਂ ਰਾਸ਼ਟਰਪਤੀ ਦੀ ਚੋਣ ਕਰਵਾਉਣੀ ਪਈ। ਸ਼੍ਰੀ ਵੀ. ਵੀ. ਗਿਰੀ ਨੇ 24 ਅਗਸਤ, 1969 ਨੂੰ ਰਾਸ਼ਟਰਪਤੀ ਵਜੋਂ ਰਾਸ਼ਟਰਪਤੀ ਭਵਨ ਵਿੱਚ ਪ੍ਰਵੇਸ਼ ਕੀਤਾ। 6ਵੇਂ ਰਾਸ਼ਟਰਪਤੀ ਦੀ ਚੋਣ ਵਿੱਚ ਸ਼੍ਰੀ ਫਖਰੂਦੀਨ ਅਲੀ ਅਹਿਮਦ ਜੇਤੂ ਰਹੇ ਤੇ ਉਨਾਂਹ 24 ਅਗਸਤ, 1974 ਨੂੰ ਰਾਸ਼ਟਰਪਤੀ ਦਾ ਕੰਮਕਾਜ ਸੰਭਾਲਿਆ ਪਰ ਉਹ ਕਾਰਜਕਾਲ ਦੇ ਪੰਜ ਸਾਲ ਪੂਰਾ ਕਰਨ ਤੋਂ ਪਹਿਲਾਂ ਹੀ ਸਵਰਗ ਸੁਧਾਰ ਗਏ ਤੇ 1977 ਵਿੱਚ ਸੱਤਵੇਂ ਰਾਸ਼ਟਰਪਤੀ ਦੀ ਚੋਣ ਵਿੱਚ ਸ਼੍ਰੀ ਨੀਲਮ ਸੰਜੀਵਾ ਰੈਡੀ ਬਿਨਾਂ ਮੁਕਾਬਲਾ ਚੋਣ ਜਿੱਤ  ਕੇ 25 ਜੁਲਾਈ, 1977 ਨੂੰ ਰਾਸ਼ਟਰਪਤੀ ਭਵਨ ਉਤੇ ਕਾਬਜ ਹੋਏ।
8ਵੇਂ ਰਾਸਟਰਪਤੀ ਦੀ ਚੋਣ ਵਿੱਚ ਗਿਆਨੀ ਜੈਲ ਸਿੰਘ ਨੇ ਜਿੱਤ ਹਾਸਿਲ ਕੀਤੀ ਤੇ ਉਨ੍ਹਾਂ ਨੇ 25 ਜੁਲਾਈ, 1982 ਨੂੰ ਦੇਸ਼ ਦੇ ਸਭ ਤੋਂ ਉਚੇ ਅਹੁਦੇ ਰਾਸ਼ਟਰਪਤੀ ਵਜੋਂ ਕੰਮਕਾਜ ਸੰਭਾਲਿਆ। 1987 ਤੋਂ 1992 ਤੱਕ ਸ਼੍ਰੀ ਆਰ. ਵੈਂਕਟਾਰਮਨ ਰਾਸ਼ਟਰਪਤੀ ਦੇ ਅਹੁਦੇ ਉਤੇ ਰਹੇ ਤੇ 1992 ਤੋਂ 1997 ਤੱਕ ਡਾ. ਸ਼ੰਕਰ ਦਿਆਲ ਸ਼ਰਮਾ ਨੇ ਰਾਸ਼ਟਰਪਤੀ ਵਜੋਂ ਸੇਵਾਵਾਂ ਨਿਭਾਈਆਂ। ਸ਼੍ਰੀ ਕੇ. ਆਰ. ਨਰਾਇਣਨ ਨੇ 25 ਜੁਲਾਈ, 1997 ਨੂੰ ਰਾਸ਼ਟਰਪਤੀ ਵਜੋਂ ਕੰਮਕਾਜ ਸੰਭਾਲਿਆ ਤੇ 2002 ਵਿੱਚ ਹੋਈਆਂ 12ਵੀਂ ਰਾਸ਼ਟਰਪਤੀ ਦੀ ਚੋਣ ਵਿੱਚ ਡਾ. ਏ. ਪੀ. ਜੇ. ਅਬਦੁੱਲ ਕਲਾਮ ਨੇ ਜਿੱਤ ਹਾਸਿਲ ਕਰਦੇ ਹੋਏ 25 ਜੁਲਾਈ, 2002 ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ। ਮੌਜੂਦਾ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ 25 ਜੁਲਾਈ 2007 ਨੂੰ ਦੇਸ਼ ਦੀ ਪਹਿਲੀ ਮਹਿਲਾ ਦੇ ਤੌਰ ‘ਤੇ  ਰਾਸ਼ਟਰਪਤੀ ਅਹੁਦੇ ਦਾ ਕੰਮਕਾਜ ਸੰਭਾਲਿਆ ਸੀ। ਉਨ੍ਹਾਂ ਦੀ ਰਾਸ਼ਟਰਪਤੀ ਵਜੋਂ ਅਹੁਦੇ ਦੀ ਮਿਆਦ ਇਸ ਮਹੀਨੇ ਦੀ 24 ਤਾਰੀਖ ਤੋਂ ਖਤਮ ਹੋ ਰਹੀ ਹੈ।